ਸੁਨਿਆਰੇ ਦੀ ਦੁਕਾਨ ਦੇ ਤਾਲੇ ਤੋੜ ਅੰਦਰੋਂ ਤਿਜੋਰੀ ਪੁੱਟ ਕੇ ਲੈ ਗਏ ਮੋਟਰਸਾਈਕਲ ਸਵਾਰ ਚੋਰ
- ਖਾਲਸਾਈ ਝੰਡਾ ਲਗਾ ਕੇ ਮੋਟਰਸਾਈਕਲ ਤੇ ਆਏ ਸਨ ਤਿੰਨ ਚੋਰ, ਚੋਰਾਂ ਦੀ cctv ਆਈ ਸਾਹਮਣੇ
ਰਿਪੋਰਟਰ..... ਰੋਹਿਤ ਗੁਪਤਾ
ਗੁਰਦਾਸਪੁਰ, 14 ਮਾਰਚ 2025 - ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਅਧੀਨ ਆਉਂਦੇ ਥਾਣਾ ਘੁਮਾਣ ਦੇ ਮੁੱਖ ਬਾਜ਼ਾਰ ਵਿਚ ਇਕ ਸੁਨਿਆਰੇ ਦੀ ਦੁਕਾਨ ਦੇ ਤਾਲੇ ਤੋੜ ਕੇ ਮੋਟਰਸਾਈਕਲ ਤੇ ਆਏ ਤਿੰਨ ਨਕਾਬਪੋਸ਼ ਚੋਰ ਦੁਕਾਨ ਦੇ ਅੰਦਰੋਂ ਤਿਜੋਰੀ ਪੁੱਟ ਕੇ ਲੈ ਗਏ । ਦੁਕਾਨਦਾਰ ਅਨੁਸਾਰ ਤਿਜੋਰੀ ਵਿੱਚ ਛੇ _ਸੱਤ ਕਿਲੋ ਚਾਂਦੀ ਅਤੇ 10 ਗ੍ਰਾਮ ਦੇ ਕਰੀਬ ਸੋਨਾ ਸੀ । ਸਰਕਾਰੀ ਸਕੂਲ ਦੀ ਗਰਾਊਂਡ ਦੇ ਸਾਹਮਣੇ ਸ਼ਿਵ ਜਿਊਲਰ ਅਤੇ ਪੰਕਜ ਜਿਉਲਰ ਦੋਵੇਂ ਦੁਕਾਨਾਂ ਨੂੰ ਚੋਰਾਂ ਨੇ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਪੰਕਜ ਜਿਉਲਰ ਦੇ ਸ਼ਰਟ ਦਾ ਲੋਕ ਤੋੜਨ ਵਿੱਚ ਸਫਲ ਨਾ ਹੋਣ ਕਾਰਨ ਇਨ੍ਹਾਂ ਨੇ ਸ਼ਿਵ ਜਿਊਲਰ ਨੂੰ ਨਿਸ਼ਾਨਾ ਬਣਾਇਆ । ਇਨ੍ਹਾਂ ਚੋਰਾਂ ਨੇ ਹਥਿਆਰਾਂ ਨਾਲ ਸ਼ਟਰ ਦੇ ਤਾਲੇ ਤੋੜੇ ਅਤੇ ਦੁਕਾਨ ਦੇ ਅੰਦਰ ਫਰਸ਼ ਵਿਚ ਫਿੱਟ ਕੀਤੀ ਤਿਜੋਰੀ ਨੂੰ ਤਕਰੀਬਨ 40- 45 ਮਿੰਟਾਂ ਵਿਚ ਪੁੱਟ ਕੇ ਲੈ ਗਏ ।
ਕੈਮਰੇ ਵਿੱਚ ਕੈਦ ਹੋਈਆਂ ਤਸਵੀਰਾਂ ਅਨੁਸਾਰ ਕਠਨਾ ਰਾਤ 12 ਵਜੇ ਤੋਂ ਬਾਅਦ ਦੀ ਹੈ ।ਤਿੰਨ ਚੋਰ ਮੋਟਰਸਾਈਕਲ ਤੇ ਆਉਂਦੇ ਹਨ ਜਿਸ ਦੇ ਅੱਗੇ ਖਾਲਸਾਈ ਝੰਡਾ ਲੱਗਿਆ ਹੁੰਦਾ ਹੈ। ਦੁਕਾਨ ਦੇ ਬਾਹਰ ਲੱਗੇ ਕੈਮਰੇ ਵਿੱਚ ਇਹ ਤਿੰਨੋਂ ਨਕਾਬਪੋਸ਼ ਚੋਰ ਇੱਕ ਸਿੱਖ ਨੌਜਵਾਨ ਨਾਲ ਝਗੜਦੇ ਹੋਏ ਅਤੇ ਉਸ ਦੀ ਮਾਰ ਕੁਟਾਈ ਕਰਦੇ ਨਜ਼ਰ ਆਉਂਦੇ ਹਨ। ਇਹ ਸਿੱਖ ਨੌਜਵਾਨ ਰਣਬੀਰ ਨਾਮਕ ਨੌਜਵਾਨ ਹੈ ਜੋ ਇੱਕ ਡਰਾਈਵਰ ਹੈ ਅਤੇ ਦੇਰ ਰਾਤ ਜਦੋਂ ਆਪਣੇ ਕੰਮ ਤੋਂ ਵਾਪਸ ਆਇਆ ਤਾਂ ਇਸ ਨੇ ਚੋਰਾਂ ਨੂੰ ਵੇਖ ਲਿਆ ਸੀ। ਹਾਲਾਂਕਿ ਚੋਰਾਂ ਵੱਲੋਂ ਇਸ ਦੀ ਮਾਰ ਕੁਟਾਈ ਕਰਕੇ ਇਸ ਨੂੰ ਭਜਾ ਦਿੱਤਾ ਗਿਆ ਅਤੇ ਦੁਕਾਨ ਦੇ ਅੰਦਰੋਂ ਪੁੱਟ ਕੇ ਲਿਆਉਂਦੀ ਤਿਜੋਰੀ ਨੂੰ ਮੋਟਰਸਾਈਕਲ ਤੇ ਲੱਦ ਕੇ ਲੈ ਗਏ ।
ਇਸ ਸੰਬੰਧੀ ਦੁਕਾਨ ਮਾਲਕ ਅਸ਼ੋਕ ਕੁਮਾਰ ਪੁੱਤਰ ਦੋਲਤ ਰਾਮ ਵਾਸੀ ਘੁਮਾਣ ਨੇ ਦੱਸਿਆ ਕਿ ਮੇਰੀ ਦੁਕਾਨ ਵਿਚ ਜੋ ਸੇਫ ਲੱਗੀ ਸੀ, ਉਸ ਨੂੰ ਫਰਸ਼ ਵਿਚ ਸੀਮੈਂਟ ਲਗਾ ਕੇ ਮਜਬੂਤੀ ਨਾਲ ਟਿਕਾਈ ਗਈ ਸੀ ਪਰ ਚੋਰਾਂ ਨੇ ਉਸ ਸੇਫ ਨੂੰ ਪੁੱਟ ਲਿਆ ਅਤੇ ਜਿਸ ਵਿੱਚ 6-7 ਕਿਲੋ ਚਾਂਦੀ,10 ਗ੍ਰਾਮ ਸੋਨਾ, ਤੋਲਣ ਵਾਲਾ ਕੰਡਾ ਅਤੇ ਦੁਕਾਨ ਵਿੱਚ ਲੱਗਾ ਸੀ.ਸੀ.ਟੀ.ਵੀ. ਕੈਮਰਾ ਇਹ ਚੋਰ ਪੁੱਟ ਕੇ ਆਪਣੇ ਨਾਲ ਲੈ ਗਏ । ਉਸ ਨੇ ਦੱਸਿਆ ਕਿ 7 ਤੋਂ 8 ਲੱਖ ਦਾ ਸਮਾਨ ਚੋਰ ਲੈ ਗਏ। ਉਨਾਂ ਵੱਲੋਂ ਪੁਲਿਸ ਥਾਣਾ ਘੁਮਾਣ ਵਿਖੇ ਚੋਰੀ ਹੋਣ ਸਬੰਧੀ ਦਰਖਾਸਤ ਦੇ ਦਿੱਤੀ ਹੈ।
ਇਸ ਘਟਨਾ ਦੀ ਜਾਂਚ ਕਰਨ ਪਹੁੰਚੇ ਡੀ ਐਸ ਪੀ ਸ੍ਰੀ ਹਰਗੋਬਿੰਦਪੁਰ ਸਾਹਿਬ ਹਰਕਿਸ਼ਨ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜਿਊਲਰ ਅਸ਼ੋਕ ਕੁਮਾਰ ਦੇ ਬਿਆਨਾਂ ਤੇ ਪੁਲਿਸ ਵੱਲੋਂ ਚੋਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਚੋਰ ਸੀ ਸੀ ਟੀਵੀ ਕੈਮਰੇ ਵਿੱਚ ਕੈਦ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਚੋਰਾਂ ਨੂੰ ਜਲਦੀ ਹੀ ਗਿਰਫ਼ਤਾਰ ਕਰ ਲਿਆ ਜਾਵੇਗਾ।