ਸਿੱਧੂ ਮੂਸੇਵਾਲਾ ਦੇ ਦੋਸਤ ਤੋਂ ਫਿਰੌਤੀ ਮੰਗਣ ਦੇ ਮਾਮਲੇ 'ਚ 3 ਵਿਅਕਤੀ ਗ੍ਰਿਫਤਾਰ -ਸੱਤ ਦਿਨ ਦਾ ਰਿਮਾਂਡ
ਅਸ਼ੋਕ ਵਰਮਾ
ਮਾਨਸਾ, 7 ਫਰਵਰੀ 2025:ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਰੀਬੀ ਦੇ ਘਰ ਦੇ ਬਾਹਰ ਗੋਲੀ ਚਲਾਉਣ ਅਤੇ ਫਿਰੌਤੀ ਮੰਗਣ ਦੇ ਮਾਮਲੇ ’ਚ ਮਾਨਸਾ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਅਦਾਲਤ ਤੋਂ ਤਿੰਨਾਂ ਮੁਲਜ਼ਮਾਂ ਦਾ ਸੱਤ ਦਿਨ ਦਾ ਰਿਮਾਂਡ ਲਿਆ ਹੈ ਅਤੇ ਡੁੰਘਾਈ ਨਾਲ ਪੁੱਛ ਕੇ ਸ਼ੁਰੂ ਕਰ ਦਿੱਤੀ ਹੈ। ਮਾਨਸਾ ਪੁਲਿਸ ਨੇ ਇਸ ਮਾਮਲੇ ਵਿੱਚ ਸੱਤ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਸੀ ਜਿਨ੍ਹਾਂ ਵਿੱਚੋਂ ਤਿੰਨ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ ਹੈ। ਗ੍ਰਿਫਤਾਰ ਮੁਲਜਮਾਂ ਦੀ ਪਛਾਣ ਜੱਸੀ , ਕਮਲ ਮੱਦੀ ਅਤੇ ਪ੍ਰਭਜੋਤ ਸਿੰਘ ਵਜੋਂ ਕੀਤੀ ਗਈ ਹੈ।
ਵੇਰਵਿਆਂ ਮੁਤਾਬਿਕ ਬੀਤੇ ਦਿਨ੍ਹੀਂ ਮਾਨਸਾ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਰੀਬੀ ਸਾਥੀ ਪ੍ਰਗਟ ਸਿੰਘ ਦੇ ਘਰ ਦੇ ਬਾਹਰ ਦੇਰ ਰਾਤ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਚਲਾਈਆਂ ਸਨ। ਹਾਲਾਂਕਿ ਹਮਲਾਵਰਾਂ ਨੇ ਸੰਘਣੀ ਧੁੰਦ ਦੌਰਾਨ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਫਿਰ ਵੀ ਇਹ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਮਲਾਵਰਾਂ ਨੇ 30 ਲੱਖ ਰੁਪਏ ਦੀ ਫ਼ਿਰੌਤੀ ਮੰਗੀ ਸੀ। ਪਰਿਵਾਰ ਨੂੰ ਵਿਦੇਸ਼ੀ ਨੰਬਰ ਤੋਂ ਫ਼ੋਨ ’ਤੇ ਸੁਨੇਹਾ ਆਇਆ ਸੀ। ਇਸ ਸੰਬੰਧ ਵਿੱਚ ਮਾਨਸਾ ਪੁਲਿਸ ਦੇ ਕਿਸੇ ਅਧਿਕਾਰੀ ਦਾ ਅਜੇ ਅਧਿਕਾਰਿਕ ਬਿਆਨ ਕੋਈ ਨਹੀਂ ਆਇਆ ਹੈ।