ਸਰਕਾਰੀ ਕਾਲਜ ਦੇ ਬੰਦ ਪਏ ਰਿਹਾਸ਼ੀ ਕੁਆਟਰਾਂ 'ਚੋਂ ਮਿਲੀ ਨੌਜਵਾਨ ਦੀ ਲਾਸ਼
ਓਵਰਡੋਜ਼ ਨਾਲ ਮੌਤ ਹੋਣ ਦਾ ਸ਼ੱਕ,ਇਲਾਕਾ ਨਿਵਾਸੀ ਕਹਿੰਦੇ ਇੱਥੇ ਆਉਂਦੇ ਹਨ ਨਸ਼ੇ ਦੇ ਆਦੀ ਨੌਜਵਾਨ
ਰੋਹਿਤ ਗੁਪਤਾ
ਗੁਰਦਾਸਪੁਰ , 6 ਮਈ 2025- ਸਰਕਾਰੀ ਕਾਲਜ ਦੇ ਬੰਦ ਪਏ ਰਿਹਾਇਸ਼ੀ ਕਵਾਟਰਾਂ ਵਿੱਚੋਂ 20 ਸਾਲਾ ਨੌਜਵਾਨ ਦੀ ਲਾਸ਼ ਮਿਲੀ ਹੈ। ਨੌਜਵਾਨ ਦੀ ਨਸ਼ੇ ਦੀ ਓਵਰਡੋਜ ਨਾਲ ਮੌਤ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।
ਕਿਉਂਕਿ ਅਰਸੇ ਤੋਂ ਬੰਦ ਪਏ ਇਹਨਾਂ ਸਰਕਾਰੀ ਰਿਹਾਇਸ਼ੀ ਕੁਆਰਟਰਾਂ ਵਿੱਚ ਨਸ਼ੇੜੀਆਂ ਵੱਲੋਂ ਆ ਕੇ ਨਸ਼ਾ ਕਰਨ ਦੀ ਖਬਰ ਸਾਡੇ ਚੈਨਲ ਵੱਲੋਂ ਪਹਿਲਾਂ ਵੀ ਲਗਾਈ ਗਈ ਸੀ ਇਲਾਕਾ ਨਿਵਾਸੀਆਂ ਨਹੀਂ ਉਦੋਂ ਵੀ ਦੱਸਿਆ ਸੀ ਕਿ ਇੱਥੇ ਨਸ਼ੇ ਦੇ ਆਦੀ ਨੌਜਵਾਨ ਆ ਕੇ ਨਸ਼ਾ ਕਰਦੇ ਹਨ ਅਤੇ ਅੰਦਰ ਕਾਫੀ ਸਰਿੰਜਾਂ ਅਤੇ ਨਸ਼ੇ ਦਾ ਹੋਰ ਸਮਾਨ ਵੀ ਪਿਆ ਹੈ।
ਉਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਵੱਲੋਂ ਇੱਥੇ ਲਗਾਤਾਰ ਚੱਕਰ ਮਾਰਨੇ ਸ਼ੁਰੂ ਕੀਤੇ ਗਏ ਸੀ ਅਤੇ ਸਰਕਾਰੀ ਕਾਲਜ ਦੇ ਪ੍ਰਬੰਧਨ ਵੱਲੋਂ ਵੀ ਇੱਥੇ ਸਫਾਈ ਕਰਵਾਈ ਗਈ ਸੀ ਪਰ ਬਾਵਜੂਦ ਇਸਦੇ ਅੱਜ ਇੱਥੇ ਨੌਜਵਾਨ ਦੀ ਲਾਸ਼ ਮਿਲੀ। ਲਾਸ਼ ਦੇ ਨੇੜੇ ਹੀ ਖੂਨ ਅਤੇ ਸਰਿੰਜ ਵੀ ਪਈ ਸੀ। ਮ੍ਰਿਤਕ ਨੌਜਵਾਨ ਦੀ ਪਹਿਚਾਨ 20 ਵਰਿਆਂ ਦੇ ਰੋਹਿਤ ਦੇ ਤੌਰ ਤੇ ਹੋਈ ਹੈ ਜੋ ਪ੍ਰਵਾਸੀ ਰਾਜਸਥਾਨੀ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਤੇ ਪੁਰਾਣੇ ਕੱਪੜੇ ਵੇਚਣ ਦਾ ਕੰਮ ਕਰਦਾ ਸੀ।
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਰੋਹਿਤ ਕੁਮਾਰ ਦੇ ਭਰਾ ਦੀਪਕ ਕੁਮਾਰ ਅਤੇ ਇੱਕ ਹੋਰ ਰਿਸ਼ਤੇਦਾਰ ਨੇ ਦੱਸਿਆ ਕਿ ਮ੍ਰਿਤਕ ਰੋਹਿਤ ਬੀਤੇ ਦਿਨ ਗੁਜਰਾਤ ਤੋਂ ਆਇਆ ਸੀ ਅਤੇ ਰਾਤ ਨੂੰ ਖਾਣਾ ਖਾ ਕੇ ਸੈਰ ਕਰਨ ਲਈ ਗਿਆ ਸੀ ਪਰ ਘਰ ਵਾਪਸ ਨਹੀਂ ਆਇਆ। ਸਵੇਰੇ ਉਹਨਾਂ ਨੂੰ ਪਤਾ ਲੱਗਿਆ ਕਿ ਉਸ ਦੀ ਲਾਸ਼ ਸਰਕਾਰੀ ਕਾਲਜ ਦੇ ਪੁਰਾਣੇ ਕੁਆਰਟਰਾਂ ਵਿੱਚ ਪਈ ਹੈ।
ਉਹਨਾਂ ਦੱਸਿਆ ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਮ੍ਰਿਤਕ ਰੋਹਿਤ ਕਿਦੋ ਤੋਂ ਨਸ਼ਾ ਕਰਦਾ ਸੀ ਪਰ ਉਸ ਨੂੰ ਕੁਝ ਲੜਕੇ ਫੋਨ ਕਰਦੇ ਸੀ ਤਾਂ ਉਹ ਘਰੋਂ ਨਿਕਲ ਜਾਂਦਾ ਸੀ। ਰੋਹਿਤ ਦੇ ਫੋਨ ਤੋਂ ਉਹਨਾਂ ਦੀ ਪਹਿਚਾਨ ਹੋ ਜਾਵੇਗੀ ਅਤੇ ਪੋਸਟਮਾਰਟਮ ਤੋਂ ਬਾਅਦ ਇਹ ਗੱਲ ਵੀ ਸਾਹਮਣੇ ਆ ਜਾਵੇਗੀ ਕਿ ਉਸਨੂੰ ਨਸ਼ਾ ਦਿੱਤਾ ਗਿਆ ਹੈ ਜਾਂ ਉਸ ਨਾਲ ਮਾਰ ਕੁਟਾਈ ਵੀ ਕੀਤੀ ਗਈ ਹੈ।
ਉੱਥੇ ਹੀ ਇਲਾਕਾ ਨਿਵਾਸੀ ਬਿੱਟੂ ਸ਼ਰਮਾ ਨੇ ਦੱਸਿਆ ਕਿ ਇਹਨਾਂ ਕੁਆਟਰਾਂ ਵਿੱਚ ਪਹਿਲਾਂ ਵੀ ਨਸ਼ੇੜੀਆਂ ਦੇ ਲਗਾਤਾਰ ਆਉਣ ਦੀਆਂ ਸ਼ਿਕਾਇਤਾਂ ਕੀਤੀਆਂ ਗਈਆਂ ਹਨ ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮ ਲਗਾਤਾਰ ਇੱਥੇ ਚੱਕਰ ਮਾਰਦੇ ਰਹਿੰਦੇ ਹਨ ਪਰ ਦੇਰ ਰਾਤ ਹਨੇਰੇ ਦਾ ਫਾਇਦਾ ਚੁੱਕ ਕੇ ਨਸ਼ੇੜੀ ਇੱਥੇ ਆ ਕੇ ਨਸ਼ਾ ਕਰਦੇ ਹਨ ਜਿਸ ਦਾ ਨਤੀਜਾ ਹੈ ਕਿ ਅੱਜ ਇਥੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ।