ਸਮੇਂ ਦੀ ਗਣਨਾ ਨਾਲ ਜੁੜੇ ਕੁਝ ਦਿਲਚਸਪ ਤੱਥ
2026: ਨਵਾਂ ਸਾਲ ਸਿਰਫ਼ ਸ਼ੁਰੂ ਨਹੀਂ ਹੋਵੇਗਾ ਸਗੋਂ 21ਵੀਂ ਸਦੀ ਦਾ ਪਹਿਲੀ ਤਿਮਾਹੀ ਦਾ ਸਫ਼ਰ ਮੁਕੰਮਲ ਵੀ ਹੋਵੇਗਾ
-ਹੁਣ ਮੌਸਮ (Seasons) ਲਗਭਗ 11 ਮਿੰਟ ਪਹਿਲਾਂ ਸ਼ੁਰੂ ਹੋ ਰਹੇ ਹਨ।
ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 30 ਦਸੰਬਰ 2025:-21ਵੀਂ ਸਦੀ ਦੀ ਪਹਿਲੀ ਤਿਮਾਹੀ ਦਾ ਸਫ਼ਰ ਤੈਅ ਕਰਨ ਵਾਲੇ ਸੱਚਮੁੱਚ ਭਾਗਾਂਵਾਲੇ ਹੋਣਗੇ ਜਿਨ੍ਹਾਂ ਨੇ ਇਨ੍ਹਾਂ 25 ਸਾਲਾਂ ਦੇ ਸਫ਼ਰ ਵਿਚ ਬਹੁਤ ਬਦਲਾਅ ਉਤਰਾਅ ਚੜ੍ਹਾਅ ਵੇਖੇ ਹੋਣਗੇ। ਬਹੁਤ ਸਾਰੇ ਨਵੇਂ ਰਿਸ਼ਤੇ ਜੁੜੇ ਹੋਣਗੇ ਅਤੇ ਬਹੁਤ ਸਾਰੇ ਰਿਸ਼ਤੇ ਸਾਥ ਛੱਡ ਗਏ ਹੋਣਗੇ। ਹੁਣ ਨਵਾਂ ਸਾਲ ਆਰੰਭ ਹੋਣ ਜਾ ਰਿਹਾ ਹੈ। ਜਦੋਂ ਦੁਨੀਆ 1 ਜਨਵਰੀ 2026 ਨੂੰ ਨਵੇਂ ਸਾਲ ਦਾ ਜਸ਼ਨ ਮਨਾ ਰਹੀ ਹੋਵੇਗੀ, ਤਾਂ ਇਹ ਸਿਰਫ ਨਵੇਂ ਸਾਲ ਦੀ ਸ਼ੁਰੂਆਤ ਨਹੀਂ ਹੋਵੇਗੀ ਸਗੋਂ 21ਵੀਂ ਸਦੀ ਦੀ ਪਹਿਲੀ ਤਿਮਾਹੀ (25 ਸਾਲ) ਦੇ ਸਫ਼ਰ ਦਾ ਮੁਕੰਮਲ ਸੰਪੂਰਨ ਹੋਣਾ ਹੋਵੇਗਾ।
ਸਮੇਂ ਦੇ ਵਿਗਿਆਨੀਆਂ ਅਤੇ ਗਣਿਤ ਪ੍ਰੇਮੀਆਂ ਲਈ ਕਈ ਦਿਲਚਸਪ ਗੱਲਾਂ ਸਾਹਮਣੇ ਆ ਰਹੀਆਂ ਹਨ ਜੋ ਸਾਂਝੀਆਂ ਕਰਨ ਜਾ ਰਿਹਾ ਹਾਂ:
ਕੀ 2025 ਵਿੱਚ 25 ਸਾਲ ਪੂਰੇ ਨਹੀਂ ਹੋਏ?
ਬਹੁਤ ਸਾਰੇ ਲੋਕਾਂ ਨੂੰ ਲੱਗ ਸਕਦਾ ਹੈ ਕਿ 2025 ਵਿੱਚ ਪੰਝੀ ਸਾਲ ਪੂਰੇ ਹੋ ਗਏ ਹਨ, ਪਰ ਗ੍ਰੈਗੋਰੀਅਨ ਕੈਲੰਡਰ ਅਨੁਸਾਰ ਸਦੀ ਦੀ ਸ਼ੁਰੂਆਤ ਸਾਲ 2001 ਤੋਂ ਹੋਈ ਸੀ ਕਿਉਂਕਿ ਇਤਿਹਾਸ ਵਿੱਚ ‘ਸਾਲ ਜ਼ੀਰੋ’ ਨਾਂ ਦੀ ਕੋਈ ਚੀਜ਼ ਨਹੀਂ ਸੀ। ਇਸ ਲਈ, 1 ਜਨਵਰੀ 2026 ਨੂੰ ਇਸ ਸਦੀ ਦੇ ਪੂਰੇ 9,131 ਦਿਨ ਬੀਤ ਜਾਣਗੇ।
ਸਮੇਂ ਦੇ ਫੇਰਬਦਲ ਵਿੱਚ ਉਲਝੇ ਕੁਝ ਦੇਸ਼
ਦਿਲਚਸਪ ਗੱਲ ਇਹ ਹੈ ਕਿ ਦੁਨੀਆ ਦੇ ਸਾਰੇ ਹਿੱਸਿਆਂ ਵਿੱਚ ਇਹ ਸਮਾਂ ਇੱਕੋ ਪਲ ’ਤੇ ਪੂਰਾ ਨਹੀਂ ਹੋਵੇਗਾ। ਦੱਖਣੀ ਪ੍ਰਸ਼ਾਂਤ ਮਹਾਂਸਾਗਰ ਦੇ ਟਾਪੂ ਸਾਮੋਆ (Samoa) ਅਤੇ ਟੋਕੇਲਾਊ (“okelau) ਨੇ 2011 ਵਿੱਚ ਅੰਤਰਰਾਸ਼ਟਰੀ ਡੇਟ ਲਾਈਨ ਬਦਲ ਦਿੱਤੀ ਸੀ, ਜਿਸ ਕਾਰਨ ਉਨ੍ਹਾਂ ਨੇ ਆਪਣੇ ਕੈਲੰਡਰ ਵਿੱਚੋਂ ਇੱਕ ਦਿਨ (30 ਦਸੰਬਰ) ਗਾਇਬ ਕਰ ਦਿੱਤਾ ਸੀ। ਇਸ ਕਾਰਨ ਇਨ੍ਹਾਂ ਦੇਸ਼ਾਂ ਵਿੱਚ ਸਦੀ ਦਾ ਪਹਿਲਾ ਹਿੱਸਾ ਦੂਜੇ ਦੇਸ਼ਾਂ ਦੇ ਮੁਕਾਬਲੇ 18 ਘੰਟੇ ਬਾਅਦ ਪੂਰਾ ਹੋਵੇਗਾ।
ਧਰਤੀ ਦੀ ਚਾਲ ਅਤੇ ‘ਲੀਪ ਸੈਕਿੰਡ’ ਦਾ ਰੌਲਾ
ਵਿਗਿਆਨੀਆਂ ਅਨੁਸਾਰ, ਧਰਤੀ ਦੀ ਘੁੰਮਣ ਦੀ ਗਤੀ ਲਗਾਤਾਰ ਬਦਲ ਰਹੀ ਹੈ। 2001 ਤੋਂ ਹੁਣ ਤੱਕ ਕੁੱਲ 5 ‘ਲੀਪ ਸੈਕਿੰਡ’ ਜੋੜੇ ਗਏ ਹਨ ਤਾਂ ਜੋ ਸਾਡੀਆਂ ਘੜੀਆਂ ਸੂਰਜੀ ਸਮੇਂ ਦੇ ਨਾਲ ਮਿਲ ਸਕਣ। ਜੇਕਰ ਮੌਜੂਦਾ ਨਿਯਮਾਂ ਵਿੱਚ ਬਦਲਾਅ ਹੁੰਦਾ ਹੈ, ਤਾਂ ਇਹ ਪੰਝੀ ਸਾਲਾ ਪੜਾਅ ਅੱਧੀ ਰਾਤ ਤੋਂ ਲਗਭਗ 3.75 ਸੈਕੰਡ ਪਹਿਲਾਂ ਪੂਰਾ ਹੋ ਸਕਦਾ ਹੈ।
ਬੀਤੇ 25 ਸਾਲਾਂ ਦੇ ਕੁਝ ਅਹਿਮ ਅੰਕੜੇ:
ਸੋਮਵਾਰਾਂ ਦੀ ਬਹੁਤਾਤ: ਇਸ ਸਦੀ ਦੇ ਪਹਿਲੇ ਪੜਾਅ ਵਿੱਚ ਕੁੱਲ 1,305 ਸੋਮਵਾਰ ਆਏ, ਜਦੋਂ ਕਿ ਵੀਰਵਾਰ ਤੋਂ ਐਤਵਾਰ ਤੱਕ ਦੇ ਦਿਨ 1,304 ਵਾਰ ਆਏ।
ਮੌਸਮ ਵਿੱਚ ਬਦਲਾਅ: 2001 ਦੇ ਮੁਕਾਬਲੇ ਹੁਣ ਮੌਸਮ (Seasons) ਲਗਭਗ 11 ਮਿੰਟ ਪਹਿਲਾਂ ਸ਼ੁਰੂ ਹੋ ਰਹੇ ਹਨ। ਇਸ ਦਾ ਕਾਰਨ ਕੈਲੰਡਰ ਸਾਲ ਅਤੇ ਧਰਤੀ ਦੇ ਅਸਲ ਸੂਰਜੀ ਚੱਕਰ ਵਿੱਚ ਮਾਮੂਲੀ ਅੰਤਰ ਹੈ।
ਖਗੋਲੀ ਘਟਨਾਵਾਂ: ਇਨ੍ਹਾਂ 25 ਸਾਲਾਂ ਵਿੱਚ ਅਸੀਂ ਸਦੀ ਦਾ ਸਭ ਤੋਂ ਲੰਬਾ ਸੂਰਜ ਗ੍ਰਹਿਣ ਅਤੇ ਚੰਦਰ ਗ੍ਰਹਿਣ ਦੇਖਿਆ ਹੈ।
ਲੀਪਲਿੰਗਜ਼ (Leaplings): 29 ਫਰਵਰੀ ਨੂੰ ਜਨਮੇ ਲੋਕਾਂ ਨੂੰ ਪਿਛਲੇ 25 ਸਾਲਾਂ ਵਿੱਚ ਸਿਰਫ਼ 6 ਵਾਰ ਆਪਣਾ ਅਸਲ ਜਨਮਦਿਨ ਮਨਾਉਣ ਦਾ ਮੌਕਾ ਮਿਲਿਆ ਹੈ।
ਇਹ ਅੰਕੜੇ ਸਾਨੂੰ ਦੱਸਦੇ ਹਨ ਕਿ ਸਮਾਂ ਸਿਰਫ਼ ਘੜੀ ਦੀਆਂ ਸੂਈਆਂ ਤੱਕ ਸੀਮਤ ਨਹੀਂ ਹੈ, ਸਗੋਂ ਇਹ ਗ੍ਰਹਿਆਂ ਦੀ ਚਾਲ ਅਤੇ ਮਨੁੱਖੀ ਗਣਨਾਵਾਂ ਦਾ ਇੱਕ ਗੁੰਝਲਦਾਰ ਸੁਮੇਲ ਹੈ।
ਭਾਰਤ ਅਤੇ ਨਿਊਜ਼ੀਲੈਂਡ ਨਾਲ ਜੁੜੇ ਕੁਝ ਖ਼ਾਸ ਤੇ ਦਿਲਚਸਪ ਤੱਥ
ਜਿਵੇਂ ਹੀ ਅਸੀਂ 2026 ਵਿੱਚ ਪ੍ਰਵੇਸ਼ ਕਰਾਂਗੇ, ਭਾਰਤ ਅਤੇ ਨਿਊਜ਼ੀਲੈਂਡ ਲਈ ਵੀ ਪਿਛਲੇ 25 ਸਾਲ ਇਤਿਹਾਸਕ ਰਹੇ ਹਨ। ਇੱਥੇ ਕੁਝ ਅਜਿਹੇ ਤੱਥ ਹਨ ਜੋ ਸ਼ਾਇਦ ਤੁਸੀਂ ਨਾ ਜਾਣਦੇ ਹੋਵੋ:
ਕ੍ਰਿਕਟ ਦਾ ‘25 ਸਾਲਾ’ ਇਤਿਹਾਸ: ਦਿਲਚਸਪ ਸੰਯੋਗ ਹੈ ਕਿ ਸਾਲ 2025 ਵਿੱਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਆਈਸੀਸੀ ਚੈਂਪੀਅਨਜ਼ ਟਰਾਫੀ ਦਾ ਖ਼ਤਾਬੀ ਮੁਕਾਬਲਾ ਲਗਭਗ 25 ਸਾਲਾਂ ਬਾਅਦ ਮੁੜ ਦੇਖਣ ਨੂੰ ਮਿਲਿਆ ਹੈ। ਇਸ ਤੋਂ ਪਹਿਲਾਂ ਸਾਲ 2000 ਵਿੱਚ ਨੈਰੋਬੀ ਵਿਖੇ ਇਹ ਦੋਵੇਂ ਟੀਮਾਂ ਫਾਈਨਲ ਵਿੱਚ ਭਿੜੀਆਂ ਸਨ। ਇਤਿਹਾਸ ਦੀ ਦੁਹਰਾਈ: ਸਾਲ 2000 ਵਿੱਚ, ਨਿਊਜ਼ੀਲੈਂਡ ਨੇ ਭਾਰਤ ਨੂੰ ਹਰਾ ਕੇ ਆਪਣਾ ਪਹਿਲਾ ਆਈਸੀਸੀ ਖਿਤਾਬ (ਨੈਰੋਬੀ ਵਿੱਚ) ਜਿੱਤਿਆ ਸੀ। ਠੀਕ 25 ਸਾਲਾਂ ਬਾਅਦ (2025 ਵਿੱਚ), ਦੋਵੇਂ ਟੀਮਾਂ ਦੁਬਈ ਦੇ ਮੈਦਾਨ ਵਿੱਚ ਫਾਈਨਲ ਵਿੱਚ ਇੱਕ ਦੂਜੇ ਦੇ ਸਾਹਮਣੇ ਆਈਆਂ।
ਨਿਊਜ਼ੀਲੈਂਡ: ਸਭ ਤੋਂ ਪਹਿਲਾਂ ਸੂਰਜ ਦਾ ਸਵਾਗਤ: ਨਿਊਜ਼ੀਲੈਂਡ ਦੁਨੀਆ ਦੇ ਉਨ੍ਹਾਂ ਪਹਿਲੇ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ 21ਵੀਂ ਸਦੀ ਦੇ ਪਹਿਲੇ ਪੰਝੀ ਸਾਲਾਂ ਦਾ ਸੂਰਜ ਸਭ ਤੋਂ ਪਹਿਲਾਂ ਚੜ੍ਹੇਗਾ। ਜਦੋਂ ਭਾਰਤ ਵਿੱਚ ਅਜੇ 31 ਦਸੰਬਰ ਦੀ ਰਾਤ ਦੇ 9:30 ਵੱਜੇ ਹੋਣਗੇ, ਨਿਊਜ਼ੀਲੈਂਡ ਵਿੱਚ ਉਦੋਂ ਹੀ ਨਵਾਂ ਸਾਲ 2026 ਅਤੇ ਸਦੀ ਦਾ ਅਗਲਾ ਪੜਾਅ ਸ਼ੁਰੂ ਹੋ ਜਾਵੇਗਾ।
ਖਗੋਲੀ ਨਜ਼ਾਰਾ (2026-2028): 3 ਮਾਰਚ 2026 ਨੂੰ ਇੱਕ ਪੂਰਨ ਚੰਦਰ ਗ੍ਰਹਿਣ ਲੱਗੇਗਾ, ਜੋ ਨਿਊਜ਼ੀਲੈਂਡ ਵਿੱਚ ਬਹੁਤ ਸਾਫ਼ ਦਿਖਾਈ ਦੇਵੇਗਾ ਅਤੇ ਭਾਰਤ ਦੇ ਕਈ ਹਿੱਸਿਆਂ ਵਿੱਚ ਵੀ ਇਸ ਦਾ ਨਜ਼ਾਰਾ ਮਾਣਿਆ ਜਾ ਸਕੇਗਾ। ਇਸ ਤੋਂ ਇਲਾਵਾ, 2028 ਵਿੱਚ ਇੱਕ ਬਹੁਤ ਹੀ ਦੁਰਲੱਭ ਪੂਰਨ ਸੂਰਜ ਗ੍ਰਹਿਣ ਲੱਗੇਗਾ ਜੋ ਖ਼ਾਸ ਤੌਰ ’ਤੇ ਨਿਊਜ਼ੀਲੈਂਡ ਅਤੇ ਆਸਟਰੇਲੀਆ ਵਿੱਚ ਦਿਖਾਈ ਦੇਵੇਗਾ।
ਪੰਜਾਬੀ ਭਾਸ਼ਾ ਦਾ ਵਧਦਾ ਪ੍ਰਭਾਵ: ਪਿਛਲੇ 25 ਸਾਲਾਂ ਵਿੱਚ ਨਿਊਜ਼ੀਲੈਂਡ ਵਿੱਚ ਪੰਜਾਬੀ ਭਾਈਚਾਰੇ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ। ਅੱਜ ਪੰਜਾਬੀ ਨਿਊਜ਼ੀਲੈਂਡ ਵਿੱਚ ਤੇਜ਼ੀ ਨਾਲ ਵਧਣ ਵਾਲੀਆਂ ਭਾਸ਼ਾਵਾਂ ਵਿੱਚੋਂ ਇੱਕ ਹੈ, ਜੋ ਦੋਵਾਂ ਦੇਸ਼ਾਂ ਦੇ ਸੱਭਿਆਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਦੀ ਹੈ। ਸਾਲ 2025 ਦੇ ਵਿਚ ਇਥੇ ਛੇਵਾਂ ਪੰਜਾਬੀ ਭਾਸ਼ਾ ਹਫ਼ਤਾ ਪੂਰੇ ਦੇਸ਼ ਵਿਚ ਮਨਾਇਆ ਗਿਆ।