ਸਮਰਾਲਾ: ਚਾਈਨਾ ਡੋਰ ਨੇ 10ਵੀਂ ਦੇ ਵਿਦਿਆਰਥੀ ਦਾ ਵੱਢਿਆ ਗਲਾ, ਮੌਤ
ਸਮਰਾਲਾ/ਲੁਧਿਆਣਾ, 24 ਜਨਵਰੀ 2026: ਪੰਜਾਬ ਵਿੱਚ ਪ੍ਰਸ਼ਾਸਨਿਕ ਸਖ਼ਤੀ ਅਤੇ ਪਾਬੰਦੀ ਦੇ ਦਾਅਵਿਆਂ ਦੇ ਬਾਵਜੂਦ 'ਖ਼ੂਨੀ' ਚਾਈਨਾ ਡੋਰ ਨੇ ਇੱਕ ਹੋਰ ਹੱਸਦਾ-ਖੇਡਦਾ ਘਰ ਉਜਾੜ ਦਿੱਤਾ ਹੈ। ਸਮਰਾਲਾ ਬਾਈਪਾਸ ਨੇੜੇ ਪਿੰਡ ਭਰਥਲਾ ਕੋਲ ਵਾਪਰੀ ਇੱਕ ਦੁਖਦਾਈ ਘਟਨਾ ਵਿੱਚ ਮੋਟਰਸਾਈਕਲ ਸਵਾਰ ਇੱਕ 15 ਸਾਲਾ ਨੌਜਵਾਨ ਦੀ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ।
ਮ੍ਰਿਤਕ ਨੌਜਵਾਨ ਦੀ ਪਛਾਣ ਤਰਨਜੋਤ ਸਿੰਘ (15) ਵਜੋਂ ਹੋਈ ਹੈ, ਜੋ ਕਿ 10ਵੀਂ ਜਮਾਤ ਦਾ ਵਿਦਿਆਰਥੀ ਸੀ। ਜਾਣਕਾਰੀ ਅਨੁਸਾਰ ਤਰਨਜੋਤ ਜਦੋਂ ਸਕੂਲ ਤੋਂ ਘਰ ਪਰਤ ਰਿਹਾ ਸੀ, ਤਾਂ ਰਸਤੇ ਵਿੱਚ ਅਚਾਨਕ ਅਸਮਾਨ ਵਿੱਚੋਂ ਲਟਕ ਰਹੀ ਤੇਜ਼ਧਾਰ ਚਾਈਨਾ ਡੋਰ ਉਸ ਦੇ ਗਲੇ ਵਿੱਚ ਫਸ ਗਈ। ਡੋਰ ਇੰਨੀ ਘਾਤਕ ਸੀ ਕਿ ਉਸ ਨੇ ਨੌਜਵਾਨ ਦੀ ਗਰਦਨ 'ਤੇ ਡੂੰਘਾ ਚੀਰਾ ਦੇ ਦਿੱਤਾ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਤਰਨਜੋਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਸ ਖ਼ਬਰ ਨੇ ਪੂਰੇ ਪਿੰਡ ਭਰਥਲਾ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ ਹੈ। ਮ੍ਰਿਤਕ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਵਿੱਚ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਚਾਈਨਾ ਡੋਰ 'ਤੇ ਪਾਬੰਦੀ ਹੈ, ਤਾਂ ਇਹ ਬਜ਼ਾਰਾਂ ਵਿੱਚ ਸ਼ਰੇਆਮ ਕਿਵੇਂ ਵਿਕ ਰਹੀ ਹੈ?