ਗਣਤੰਤਰ ਦਿਹਾੜੇ ਮੌਕੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਲਹਿਰਾਉਣਗੇ ਕੌਮੀ ਝੰਡਾ-DC Barnala
ਅਸ਼ੋਕ ਵਰਮਾ
ਬਰਨਾਲਾ, 24 ਜਨਵਰੀ 2026: ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ਼੍ਰੀ ਜੈ ਕ੍ਰਿਸ਼ਨ ਸਿੰਘ ਰੌੜੀ 26 ਜਨਵਰੀ ਗਣਤੰਤਰ ਦਿਹਾੜੇ ਮੌਕੇ ਬਾਬਾ ਕਾਲਾ ਮਹਿਰ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ।
ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਹਰਪ੍ਰੀਤ ਸਿੰਘ ਨੇ ਇਹ ਜਾਣਕਾਰੀ ਅੱਜ ਸਟੇਡੀਅਮ ਵਿਖੇ ਗਣਤੰਤਰ ਦਿਵਸ ਜ਼ਿਲ੍ਹਾ ਪੱਧਰੀ ਸਮਾਗਮ ਸਬੰਧੀ ਬੁਲਾਈ ਗਈ ਵਿਸ਼ੇਸ਼ ਬੈਠਕ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਇਹ ਰਾਸ਼ਟਰੀ ਸਮਾਗਮ ਨੂੰ ਮਰਿਆਦਾ ਅਨੁਸਾਰ ਨੇਪਰੇ ਚਾੜ੍ਹਨ ਲਈ ਸਾਰੇ ਲੋੜੀਂਦੇ ਪ੍ਰਬੰਧ ਕਰ ਲਏ ਜਾਣ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਸਮਾਗਮ 'ਚ ਪੰਜਾਬ ਪੁਲਿਸ, ਐੱਨ ਸੀ ਸੀ ਕੈਡੇਟਸ ਅਤੇ ਪੁਲਿਸ ਬੈਂਡ ਵੱਲੋਂ ਤਿਰੰਗੇ ਝੰਡੇ ਨੂੰ ਸਲਾਮੀ ਦਿੰਦੀ ਹੋਈ ਪਰੇਡ ਪੇਸ਼ ਕੀਤੀ ਜਾਵੇਗੀ। ਸਕੂਲ ਅਤੇ ਕਾਲਜਾਂ ਦੇ ਵਿਦਿਆਰਥੀ ਮਾਸ ਪੀ ਟੀ ਸ਼ੋਅ, ਦੇਸ਼ ਭਗਤੀ ਨੂੰ ਸਮਰਪਿਤ ਸੱਭਿਆਚਾਰਕ ਵੰਨਗੀਆਂ, ਭੰਗੜਾ ਅਤੇ ਗਿੱਧਾ ਪੇਸ਼ ਕਰਨਗੇ। ਨਾਲ ਹੀ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਲਈ ਚਲਾਈ ਜਾ ਰਹੀ ਲੋਕ ਪੱਖੀ ਸਕੀਮਾਂ ਨੂੰ ਦਰਸਾਉਂਦੀ ਝਾਕੀਆਂ ਗਣਤੰਤਰ ਦਿਵਸ ਮੌਕੇ ਪੇਸ਼ ਕੀਤੀਆਂ ਜਾਣਗੀਆਂ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੱਖ ਵੱਖ ਵਿਭਾਗਾਂ ਵੱਲੋਂ ਸ਼ਹਿਰ 'ਚ ਗਣਤੰਤਰ ਦਿਹਾੜੇ ਮੌਕੇ ਸਵਾਗਤੀ ਗੇਟ ਲਗਾਏ ਗਏ ਹਨ। ਇਸ ਤੋਂ ਇਲਾਵਾ ਨਗਰ ਨਿਗਮ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸ਼ਹਿਰ ਦੀ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ। ਉਨ੍ਹਾਂ ਦੱਸਿਆ ਕਿ ਤਪਾ ਅਤੇ ਮਹਿਲ ਕਲਾਂ ਸਬ ਡਿਵੀਜ਼ਨਾਂ ਵਿਖੇ ਵੀ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਗਣਤੰਤਰ ਦਿਵਸ ਸਬੰਧੀ ਫੁੱਲ ਡਰੈੱਸ ਰਿਹਰਸਲ ਮਿਤੀ 25 ਜਨਵਰੀ ਦਿਨ ਐਤਵਾਰ ਨੂੰ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਸਮਾਗਮਾਂ 'ਚ ਸ਼ਿਰਕਤ ਕਰਨ ਲਈ ਆਪਣੇ ਪਰਿਵਾਰਾਂ ਸਮੇਤ ਪੁੱਜਣ।
ਇਸ ਮੌਕੇ ਐੱਸ ਐੱਸ ਪੀ ਮੁਹੰਮਦ ਸਰਫ਼ਰਾਜ਼ ਆਲਮ, ਵਧੀਕ ਡਿਪਟੀ ਕਮਿਸ਼ਨਰ ਅਮਿਤ ਬੈਂਬੀ , ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਡਾ. ਅਜੀਤਪਾਲ ਸਿੰਘ ਅਤੇ ਸਾਰੇ ਵਿਭਾਗਾਂ ਦੇ ਮੁਖੀ ਅਤੇ ਕਰਮਚਾਰੀ ਹਾਜ਼ਰ ਸਨ ।