← ਪਿਛੇ ਪਰਤੋ
ਸਨਮਾਨ ਵਾਸਤੇ ਆਜ਼ਾਦੀ ਦਿਹਾੜੇ ’ਤੇ ਸੱਦੇ ਪੰਜਾਬ ਦੇ ਸਰਪੰਚ ਨੂੰ ਲਾਲ ਕਿਲ੍ਹੇ ’ਤੇ ਨਹੀਂ ਮਿਲੀ ਐਂਟਰੀ, ਪੜ੍ਹੋ ਵੇਰਵਾ ਬਾਬੂਸ਼ਾਹੀ ਨੈਟਵਰਕ ਨਾਭਾ, 17 ਅਗਸਤ, 2025: ਨਾਭਾ ਹਲਕੇ ਦੇ ਪਿੰਡ ਕਲਸਾਨਾ ਦੇ ਸਰਪੰਚ ਗੁਰਧਿਆਨ ਸਿੰਘ ਨੂੰ ਆਜ਼ਾਦੀ ਦਿਹਾੜੇ ’ਤੇ ਸਨਮਾਨ ਵਾਸਤੇ ਦਿੱਲੀ ਸੱਦਿਆ ਗਿਆ ਸੀ ਪਰ ਸ੍ਰੀ ਸਾਹਿਬ ਪਾਈ ਹੋਣ ਕਰ ਕੇ ਸਰਪੰਚ ਨੂੰ ਸੁਰੱਖਿਆ ਕਰਮੀਆਂ ਨੇ ਉਹਨਾਂ ਨੂੰ ਲਾਲ ਕਿਲ੍ਹੇ ਵਿਚ ਐਂਟਰੀ ਨਹੀਂ ਦਿੱਤੀ। ਸਰਪੰਚ ਗੁਰਧਿਆਨ ਸਿੰਘ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ 13 ਅਗਸਤ ਨੂੰ ਦਿੱਲੀ ਲਿਜਾਇਆ ਗਿਆ ਸੀ ਜਿਥੇ 14 ਨੂੰ ਜਲ ਸ਼ਕਤੀ ਮੰਤਰੀ ਨੇ ਸਰਪੰਚ ਨੂੰ ਸਨਮਾਨਤ ਕੀਤਾ। ਉਹਨਾਂ ਦੱਸਿਆ ਕਿ 15 ਅਗਸਤ ਨੂੰ ਲਾਲ ਕਿਲ੍ਹੇ ’ਤੇ ਸਮਾਗਮ ਵਿਚ ਸ਼ਾਮਲ ਹੋਣਾ ਸੀ ਪਰ ਲਾਲ ਕਿਲ੍ਹੇ ’ਤੇ ਐਂਟਰੀ ਹੀ ਨਹੀਂ ਦਿੱਤੀ ਗਈ। ਸਰਪੰਚ ਨੇ ਦੱਸਿਆ ਕਿ 4 ਦਿਨਾਂ ਵਾਸਤੇ ਉਹਨਾਂ ਨੂੰ ਲਿਜਾਇਆ ਗਿਆ ਸੀ ਪਰ ਜਦੋਂ ਲਾਲ ਕਿਲ੍ਹੇ ’ਤੇ ਦਾਖਲਾ ਨਹੀਂ ਮਿਲਿਆ ਤਾਂ ਉਹ ਵਾਪਸ ਆ ਗਏ। ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ ਕਿ ਭਾਰਤ ਵਿਚ ਹੀ ਸਿੱਖਾਂ ਨਾਲ ਹੋ ਰਹੀ ਇਸ ਵਧੀਕੀ ਦਾ ਗੰਭੀਰ ਨੋਟਿਸ ਲੈ ਕੇ ਕਾਰਵਾਈ ਕੀਤੀ ਜਾਵੇ।
Total Responses : 434