ਵੇਦਾਂਤਾ ਪਾਵਰ ਦੇ ਟੀਐਸਪੀਐਲ ਵੱਲੋਂ ਕਿਸਾਨਾਂ ਅਤੇ ਔਰਤਾਂ ਨੂੰ ਸਸ਼ਕਤ ਬਣਾਉਣ ਲਈ ਮਹੱਤਵਪੂਰਣ ਕਦਮ
ਅਸ਼ੋਕ ਵਰਮਾ
ਮਾਨਸਾ,11 ਫਰਵਰੀ 2025 : ਤਲਵੰਡੀ ਸਾਬੋ ਪਾਵਰ ਲਿਮਿਟਡ (ਟੀਐਸਪੀਐਲ), ਪੰਜਾਬ ਦੇ ਸਭ ਤੋਂ ਵੱਡੇ ਨਿੱਜੀ ਖੇਤਰ ਦੇ ਤਾਪਘਰ ਅਤੇ ਵੇਦਾਂਤਾ ਲਿਮਿਟਡ ਦੀ ਸਹਾਇਕ ਕੰਪਨੀ, ਨੇ ਪਿੰਡ ਮਾਖਾ, ਜ਼ਿਲਾ ਮਾਨਸਾ ਵਿੱਚ ਦੋ ਅਹਿਮ ਸਮੁਦਾਇਕ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਹੈ ਜਿਨ੍ਹਾਂ ਵਿੱਚ ਪ੍ਰੋਜੈਕਟ "ਨਵੀ ਦਿਸ਼ਾ" ਤਹਿਤ ਇੱਕ ਕਿਸਾਨ ਸੰਸਾਧਨ ਕੇਂਦਰ ਅਤੇ ਪ੍ਰੋਜੈਕਟ "ਤਾਰਾ" ਤਹਿਤ ਔਰਤਾਂ ਲਈ ਇੱਕ ਸਿਲਾਈ ਸੈਂਟਰ ਖੋਲ੍ਹਿਆ ਗਿਆ ਹੈ। ਇਸ ਉਦਘਾਟਨੀ ਸਮਾਗਮ ਦੌਰਾਨ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਮਾਨਸਾ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਧਿਕਾਰੀ ਡਾ. ਹਰਪ੍ਰੀਤ ਪਾਲ ਕੌਰ, ਮਾਨਸਾ ਜ਼ਿਲ੍ਹੇ ਦੇ ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ ਦੀ ਜ਼ਿਲ੍ਹਾ ਪ੍ਰੋਜੈਕਟ ਮੈਨੇਜਰ ਜਸਵਿੰਦਰ ਕੌਰ ਅਤੇ ਮਾਖਾ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਸ਼ਾਮਿਲ ਸਨ।
ਟੀਐਸਪੀਐਲ ਅਤੇ ਇਸਦੇ ਸਹਿਯੋਗੀ ਐਨਜੀਓ, ਦ ਨਾਭਾ ਫਾਉਂਡੇਸ਼ਨ ਅਤੇ ਅੰਬੂਜਾ ਸੀਮੇੰਟ ਫਾਉਂਡੇਸ਼ਨ ਵੱਲੋਂ ਵੀ ਅਧਿਕਾਰੀ ਮੌਜੂਦ ਸਨ। ਭਾਰੀ ਗਿਣਤੀ ਵਿੱਚ ਪਿੰਡ ਮਾਖਾ ਅਤੇ ਇਸ ਦੇ ਆਲੇ-ਦੁਆਲੇ ਦੇ ਪਿੰਡਾਂ ਤੋਂ ਕਾਫੀ ਭਾਰੀ ਮਾਤਰਾ ਵਿੱਚ ਕਿਸਾਨ ਅਤੇ ਔਰਤਾਂ ਇਸ ਸਮਾਰੋਹ ਦਾ ਹਿੱਸਾ ਬਣਨ ਪਹੁੰਚੇ।ਕਿਸਾਨ ਸੰਸਾਧਨ ਕੇਂਦਰ ਦਾ ਟੀਚਾ, ਸਥਾਨਕ ਕਿਸਾਨਾਂ ਨੂੰ ਨਵੀਆਂ ਖੇਤੀਬਾੜੀ ਤਕਨੀਕਾਂ ਨਾਲ ਜਾਣੂ ਕਰਵਾਉਣਾ ਹੈ, ਜਿਸ ਵਿੱਚ ਵਿਸ਼ੇਸ਼ ਕਰ ਧਿਆਨ ਜੈਵਿਕ ਖੇਤੀ ਅਤੇ ਟਿਕਾਉ ਖੇਤੀ ਦੀਆਂ ਪ੍ਰਥਾਵਾਂ 'ਤੇ ਦਿੱਤਾ ਜਾਵੇਗਾ। ਉਥੇ ਹੀ, ਔਰਤਾਂ ਲਈ ਖੋਲ੍ਹਿਆ ਗਿਆ ਸਿਲਾਈ ਸੈਂਟਰ, ਔਰਤਾਂ ਨੂੰ ਕੌਸ਼ਲ ਵਿਕਾਸ ਦੇ ਮੌਕੇ ਪੈਦਾ ਕਰੇਗਾ, ਜਿਸ ਨਾਲ ਔਰਤਾਂ ਨੂੰ ਵਿੱਤੀ ਸੁਤੰਤਰਤਾ ਅਤੇ ਵਧੀਆ ਆਜੀਵਿਕਾ ਵੀ ਪ੍ਰਾਪਤ ਹੋ ਸਕੇਗੀ।

ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਨੇ ਟੀਐਸਪੀਐਲ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ, “ਇਹਨਾਂ ਸੈਂਟਰਾਂ ਦਾ ਉਦਘਾਟਨ ਸਾਡੇ ਪੇਂਡੂ ਭਾਈਚਾਰੇ ਲਈ ਇੱਕ ਜ਼ਰੂਰੀ ਅਤੇ ਮਹੱਤਪੂਰਣ ਕਦਮ ਹੈ। ਔਰਤਾਂ ਦੇ ਸਸ਼ਕਤਿਕਰਣ ਅਤੇ ਟਿਕਾਉ ਖੇਤੀ ‘ਤੇ ਧਿਆਨ ਕੇਂਦ੍ਰਿਤ ਕਰਕੇ, ਟੀਐਸਪੀਐਲ ਖੇਤਰ ਦੇ ਵਿਕਾਸ ਵਿੱਚ ਮਹੱਤਵਪੂਰਣ ਯੋਗਦਾਨ ਪਾ ਰਿਹਾ ਹੈ।”ਡਾ. ਹਰਪ੍ਰੀਤ ਪਾਲ ਕੌਰ, ਮਾਨਸਾ ਜ਼ਿਲੇ ਦੀ ਮੁੱਖ ਖੇਤੀਬਾੜੀ ਅਧਿਕਾਰੀ ਨੇ ਇਸ ਉਪਰਾਲੇ ਦੇ ਮਹੱਤਵ ਨੂੰ ਦਰਸਾਉਂਦੇ ਹੋਏ ਕਿਹਾ, “ਇਹ ਪ੍ਰੋਜੈਕਟ ਸਾਡੇ ਕਿਸਾਨੀ ਭਾਈਚਾਰੇ ਲਈ ਬਹੁਤ ਜਰੂਰੀ ਹਨ। ਜੈਵਿਕ ਖੇਤੀ ਨੂੰ ਹੱਲ੍ਹਾਸ਼ੇਰੀ ਦੇ ਕੇ, ਅਸੀਂ ਨਾ ਸਿਰਫ ਖੇਤੀਬਾੜੀ ਦੀ ਸਥਿਰਤਾ ਨੂੰ ਵਧਾ ਰਹੇ ਹਾਂ, ਸਗੋਂ ਆਪਣੇ ਕਿਸਾਨਾਂ ਲਈ ਇੱਕ ਵਧੀਆ ਭਵਿੱਖ ਯਕੀਨੀ ਬਣਾ ਰਹੇ ਹਾਂ।”
ਟੀਐਸਪੀਐਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਪੰਕਜ ਸ਼ਰਮਾ ਨੇ ਕੰਪਨੀ ਦੀ ਸਮਾਜਿਕ ਕਲਿਆਣ ਪ੍ਰਤਿ ਆਪਣੀ ਸੰਸਥਾ ਦੀ ਪ੍ਰਤਿਬੱਧਤਾ ਦੀ ਪੁਸ਼ਟੀ ਕਰਦੇ ਹੋਏ ਕਿਹਾ, “ਟੀਐਸਪੀਐਲ ਵਿੱਚ ਸਾਡਾ ਮਿਸ਼ਨ ਟਿਕਾਉ ਅਤੇ ਸਮਾਵੇਸ਼ੀ ਵਿਕਾਸ ਨੂੰ ਹੱਲ੍ਹਾਸ਼ੇਰੀ ਦੇਣਾ ਹੈ। ਕਿਸਾਨ ਸੰਸਾਧਨ ਸੈਂਟਰ ਅਤੇ ਸਿਲਾਈ ਸੈਂਟਰ, ਕਿਸਾਨਾਂ ਅਤੇ ਔਰਤਾਂ ਨੂੰ ਲੰਮੇ ਸਮੇਂ ਲਈ ਵਿੱਤੀ ਸਥਿਰਤਾ ਹਾਸਿਲ ਕਰਨ ਵਿੱਚ ਮਦਦ ਕਰਨਗੇ, ਅਤੇ ਵਾਤਾਵਰਣ ਪ੍ਰਤਿ ਸਾਡੀ ਜਿੰਮੇਦਾਰੀ ਵਾਲੀਆਂ ਪ੍ਰਥਾਵਾਂ ਨੂੰ ਵੀ ਵਧਾਉਣਗੇ। ਇਹਨਾਂ ਸੈਂਟਰਾਂ ਦਾ ਉਦਘਾਟਨ ਟੀਐਸਪੀਐਲ ਦੀ ਸਮਾਜਿਕ ਕਲਿਆਣ ਪ੍ਰਤੀ ਵਚਨਬੱਧਤਾ ਵੱਲ ਇੱਕ ਹੋਰ ਕਦਮ ਹੈ।” ਭਾਈਚਾਰਕ ਸਹਿਯੋਗ ਦੇ ਇੱਕ ਮਜ਼ਬੂਤ ਤਾਲਮੇਲ ਦੇ ਨਾਲ, ਟੀਐਸਪੀਐਲ ਨੇ ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਦਾਰੀ ਦੀਆਂ ਪਹਿਲਾਂ ਦੇ ਰਾਹੀਂ ਸ਼ਿੱਖਿਆ, ਲੋਕ ਸਿਹਤ, ਔਰਤਾਂ ਦੇ ਸਸ਼ਕਤੀਕਰਣ ਅਤੇ ਜੈਵਿਕ ਖੇਤੀ ਪ੍ਰੋਜੈਕਟਾਂ ਦੇ ਜ਼ਰੀਏ 50,000 ਤੋਂ ਵੀ ਵੱਧ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ।