ਯੁੱਧ ਨਸ਼ਿਆਂ ਵਿਰੁੱਧ: ਨਸ਼ੇ ਜ਼ਿੰਦਗੀ ਅਤੇ ਘਰਾਂ ਨੂੰ ਵੀ ਕਰ ਦਿੰਦੇ ਬਰਬਾਦ : DC ਬਠਿੰਡਾ
ਅਸ਼ੋਕ ਵਰਮਾ
ਬਠਿੰਡਾ, 19 ਅਪ੍ਰੈਲ 2025 : ਨਸਿਆਂ ਦੀ ਭੈੜੀ ਲਤ ਨੌਜਵਾਨਾਂ ਦੀਆਂ ਜਿੰਦਗੀਆਂ ਹੀ ਖਰਾਬ ਨਹੀਂ ਕਰ ਰਹੀ ਸਗੋਂ ਹੱਸਦੇ-ਵਸਦੇ ਘਰਾਂ ਦਾ ਵੀ ਉਜਾੜਾ ਕਰ ਰਹੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਅੱਜ ਸਥਾਨਕ ਫਾਇਰ ਬ੍ਰਿਗੇਡ ਚੌਂਕ ਤੋਂ ਇਕਾਈ ਅਕਾਦਮਿਕ ਰਿਸਰਚ ਟਰੱਸਟ (AART) ਦੁਆਰਾ ਬਠਿੰਡਾ ਸਾਈਕਲਿੰਗ ਗਰੁੱਪ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਬਠਿੰਡਾ ਦੇ ਸਹਿਯੋਗ ਨਾਲ ਅੰਗ ਦਾਨ ਕਰਨ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਗੁਰਦੇ ਦੀ ਸਿਹਤ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਸਾਈਕਲ ਰੈਲੀ ਨੂੰ ਝੰਡੀ ਦਿਖਾ ਕੇ ਰਵਾਨਾ ਕਰਨ ਮੌਕੇ ਕੀਤਾ। ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਇਸ ਮੌਕੇ ਕਿਹਾ ਕਿ ਸੂਬਾ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ" ਤਹਿਤ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਰਲ ਕੇ ਬੜੀ ਮੁਸ਼ਤੈਦੀ ਨਾਲ ਕੰਮ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਾਈਕਲ ਰੈਲੀ ਦਾ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਦੀ ਭੈੜੀ ਦਲਦਲ ਵਿੱਚੋਂ ਕੱਢ ਕੇ ਖੇਡਾਂ ਆਦਿ ਨਾਲ ਜੋੜਨ ਤੋਂ ਇਲਾਵਾ ਆਮ ਲੋਕਾਂ ਨੂੰ ਜਾਗਰੂਕ ਕਰਨਾ ਕਿ ਤੁਸੀਂ ਅੰਗ ਦਾਨੀ ਬਣ ਕੇ ਕਿਵੇਂ ਜਾਨਾਂ ਬਚਾ ਸਕਦੇ ਹੋ ਅਤੇ ਸ਼ਾਨਦਾਰ ਸਦਭਾਵਨਾ ਦੀ ਭੂਮਿਕਾ ਕਿਵੇਂ ਨਿਭਾ ਸਕਦੇ ਹੋ। ਉਨ੍ਹਾਂ ਇਕਾਈ ਹਸਪਤਾਲ ਲੁਧਿਆਣਾ ਅਤੇ ਚੇਅਰਮੈਨ ਅਤੇ ਚੀਫ ਯੂਰੋਲੋਜਿਸਟ ਅਤੇ ਟ੍ਰਾਂਸਪਲਾਂਟ ਸਰਜਨ ਡਾਕਟਰ ਬਲਦੇਵ ਸਿੰਘ ਔਲਖ ਨੂੰ ਅਜਿਹੇ ਨੇਕ ਕਾਰਜ ਬਾਰੇ ਪਹਿਲ ਕਰਨ ਲਈ ਵਧਾਈ ਦਿੱਤੀ। ਇਹ ਸਾਈਕਲ ਰੈਲੀ ਮਾਲ ਰੋਡ ਤੋਂ ਸ਼ੁਰੂ ਹੋ ਕੇ ਪਾਵਰ ਹਾਊਸ ਰੋਡ, ਫੇਸ 3, ਅਜੀਤ ਰੋਡ ਤੋਂ ਮੇਨ ਰੋਡ ਹੁੰਦੇ ਹੋਏ ਰੋਜ਼ ਗਾਰਡਨ ਵਿਖੇ ਸਮਾਪਤ ਹੋਈ। ਇਸ ਸਾਈਕਲ ਰੈਲੀ ਵਿੱਚ ਸਥਾਨਕ ਲੋਕਾਂ, ਵਲੰਟੀਅਰਾਂ ਅਤੇ ਸਿਹਤ ਵਕੀਲਾਂ ਦੀ ਸਰਗਰਮ ਭਾਗੀਦਾਰੀ ਦੇਖਣ ਨੂੰ ਮਿਲੀ ਜਿਨ੍ਹਾਂ ਨੇ ਇਸ ਕਾਰਜ ਦਾ ਸਮਰਥਨ ਕੀਤਾ।
ਸਾਈਕਲ ਰੈਲੀ ਰੋਜ਼ ਗਾਰਡਨ ਵਿਖੇ ਪਹੁੰਚਣ ਤੇ ਡੀਆਈਜੀ, ਬਠਿੰਡਾ ਰੇਂਜ ਸ. ਹਰਜੀਤ ਸਿੰਘ ਵੱਲੋਂ ਸਨਮਾਨਿਤ ਕਰਨ ਉਪਰੰਤ ਕਿਹਾ ਕਿ ਇਸ ਰੈਲੀ ਦੁਆਰਾ ਆਮ ਲੋਕਾਂ ਨੂੰ ਆਪਣੀ ਸਿਹਤ ਸਬੰਧੀ ਜਾਗਰੂਕਤਾ ਪੈਦਾ ਕਰਨਾ ਵਧੀਆ ਕਦਮ ਹੈ। ਇਸ ਦੌਰਾਨ ਡੀ.ਆਈ.ਜੀ, ਸ. ਹਰਜੀਤ ਸਿੰਘ ਨੇ ਕਿਹਾ ਕਿ ਰੈਲੀ ਰਾਹੀਂ ਨਾ ਸਿਰਫ਼ ਲੋਕਾਂ ਨੂੰ ਆਪਣੇ ਅੰਗ ਦਾਨ ਕਰਨ ਅਤੇ ਜੀਵਨ ਦਾ ਤੋਹਫ਼ਾ ਦੇਣ ਲਈ ਪ੍ਰੇਰਿਤ ਕਰਨਾ ਹੈ, ਸਗੋਂ ਲੋਕਾਂ ਨੂੰ ਸਾਡੇ ਸਰੀਰ ਦੇ ਸਭ ਤੋਂ ਮਹੱਤਵਪੂਰਨ ਅੰਗਾਂ ਵਿੱਚੋਂ ਇੱਕ, ਗੁਰਦਿਆਂ ਦੀ ਰੱਖਿਆ ਕਿਵੇਂ ਕਰਨੀ ਹੈ, ਬਾਰੇ ਵੀ ਜਾਗਰੂਕ ਕਰਨਾ ਹੈ। ਉਨ੍ਹਾਂ ਨੇ ਡਾ. ਔਲਖ ਅਤੇ ਇਕਾਈ ਨੂੰ ਇਸ ਨੇਕ ਪਹਿਲ ਨੂੰ ਇੰਨੇ ਸਮਰਪਣ ਨਾਲ ਅੱਗੇ ਵਧਾਉਣ ਲਈ ਵਧਾਈ ਦਿੱਤੀ। ਡਾ. ਬਲਦੇਵ ਸਿੰਘ ਔਲਖ ਦੁਆਰਾ ਰੈਲੀ ਵਿੱਚ ਸ਼ਾਮਲ ਸਾਈਕਲ ਸਵਾਰਾਂ ਅਤੇ ਹਾਜ਼ਰੀਨ ਨੂੰ ਸਿਹਤ-ਸੰਭਾਲ ਬਾਰੇ ਅੰਗ ਦਾਨ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਕਿਵੇਂ ਇੱਕ ਦਿਮਾਗ ਤੋਂ ਮਰਿਆ ਹੋਇਆ ਦਾਨੀ ਅੱਠ ਜਾਨਾਂ ਬਚਾ ਸਕਦਾ ਹੈ।
ਉਨ੍ਹਾਂ ਨੇ ਗੁਰਦੇ ਦੀ ਸਿਹਤ ਨੂੰ ਬਣਾਈ ਰੱਖਣ ਲਈ ਵਿਹਾਰਕ ਸੁਝਾਅ ਵੀ ਸਾਂਝੇ ਕੀਤੇ, ਜਿਸ ਵਿੱਚ ਹਾਈਡਰੇਟਿਡ ਰਹਿਣ, ਸਿਗਰਟਨੋਸ਼ੀ ਅਤੇ ਸ਼ਰਾਬ ਤੋਂ ਬਚਣ, ਨਿਯਮਤ ਕਸਰਤ, ਬਲੱਡ ਪ੍ਰੈਸ਼ਰ ਅਤੇ ਸ਼ੂਗਰ ਨੂੰ ਕੰਟਰੋਲ ਕਰਨ, ਪੱਥਰੀ, ਪ੍ਰੋਸਟੇਟ ਅਤੇ ਗੁਰਦੇ ਦੇ ਕੈਂਸਰ ਦਾ ਸਮੇਂ-ਸਿਰ ਇਲਾਜ ਅਤੇ ਸਮੁੱਚੀ ਸਰੀਰਕ ਤੰਦਰੁਸਤੀ ਬਣਾਈ ਰੱਖਣ ਦੀ ਮਹੱਤਤਾ ਸ਼ਾਮਲ ਹੈ। ਬਠਿੰਡਾ ਸਾਈਕਲਿੰਗ ਕਲੱਬ ਦੇ ਪ੍ਰਧਾਨ ਪ੍ਰੀਤਮੋਹਿੰਦਰ ਸਿੰਘ ਬਰਾੜ ਅਤੇ ਆਈਐਮਏ ਦੇ ਪ੍ਰਧਾਨ ਡਾ. ਦੀਪਕ ਬਾਂਸਲ ਨੇ ਕਿਹਾ ਕਿ ਸਾਡੀਆਂ ਐਸੋਸੀਏਸ਼ਨਾਂ ਇਸ ਜੀਵਨ ਰੱਖਿਅਕ ਜਾਗਰੂਕਤਾ ਸਮਾਗਮ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਨ। ਇਕਾਈ ਹਸਪਤਾਲ ਅਤੇ ਏ.ਏ.ਆਰ.ਟੀ ਆਪਣੇ ਮਰੀਜ਼ਾਂ ਨੂੰ ਸਭ ਤੋਂ ਵਧੀਆ ਇਲਾਜ ਬਾਰੇ ਜਾਗਰੂਕਤਾ ਪ੍ਰਦਾਨ ਕਰਨ ਅਤੇ ਭਾਈਚਾਰੇ ਨੂੰ ਵਿਸ਼ਵ ਪੱਧਰੀ ਸਿਹਤ ਸੰਭਾਲ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਪੂਨਮ ਸਿੰਘ ਵੀ ਹਾਜ਼ਰ ਸਨ।