ਮੋਬਾਈਲ ਸਟੈਮ ਪ੍ਰਯੋਗਸ਼ਾਲਾ ਲੈਬ ਵਿਦਿਆਰਥੀਆਂ ਦੀ ਵਿਗਿਆਨ ਵਿਸ਼ੇ ਵੱਲ ਰੁਚੀ ਵਧਾਏਗੀ - ਡਿਪਟੀ ਕਮਿਸ਼ਨਰ
ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ ਦੀ ਰੋਚਕ ਜਾਣਕਾਰੀ ਦੇਣ ਵਾਲਾ ਸਕੂਲ ਬੱਸ ਪ੍ਰੋਜੈਕਟ ਹਫਤੇ 'ਚ ਲਗਭਗ 36 ਸਕੂਲਾਂ 'ਚ ਪਹੁੰਚ ਕਰੇਗੀ
ਰੂਪਨਗਰ, 16 ਫ਼ਰਵਰੀ: ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਹਿਮਾਂਸ਼ੂ ਜੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀਆਂ ਦੀ ਵਿਗਿਆਨ ਅਤੇ ਤਕਨੀਕੀ ਵਿਸ਼ੇ ਵੱਲ ਰੁਚੀ ਵਧਾਉਣ ਲਈ ਮੋਬਾਈਲ ਸਟੈਮ (ਸਾਇੰਸ, ਤਕਨਾਲੋਜੀ, ਇੰਜੀਨੀਅਰਿੰਗ, ਅਤੇ ਮੈਥੇਮੈਟਿਕਸ) ਪ੍ਰਯੋਗਸ਼ਾਲਾ ਲੈਬ ਵਿਗਿਆਨ ਐਕਸਪ੍ਰੈਸ ਤਿਆਰ ਕੀਤੀ ਗਈ ਹੈ ਜੋ ਕਿ ਰੂਪਨਗਰ ਜ਼ਿਲ੍ਹੇ ਦੇ ਕੁੱਲ 443 ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਲਈ ਵਿੱਚ ਜਾ ਕੇ ਵਿਦਿਆਰਥੀਆਂ ਦੀ ਵਿਗਿਆਨ ਵਿਸ਼ੇ ਵੱਲ ਰੁਚੀ ਵਿੱਚ ਵਾਧਾ ਕਰੇਗੀ।
ਡਿਪਟੀ ਕਮਿਸ਼ਨਰ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀ ਗਈ ਇੱਕ ਤਾਜ਼ਾ ਰਿਪੋਰਟ ਵਿੱਚ ਇਹ ਦੇਖਿਆ ਗਿਆ ਹੈ ਕਿ ਉੱਚ ਸੈਕੰਡਰੀ ਸਿੱਖਿਆ ਵਿੱਚ ਵਿਗਿਆਨ ਨੂੰ ਚੁਣਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਕਾਫ਼ੀ ਕਮੀ ਆਈ ਹੈ। ਜਿਸ ਲਈ ਵਿਗਿਆਨ ਵਿੱਚ ਘਟਦੀ ਦਿਲਚਸਪੀ ਭਵਿੱਖ ਦੇ ਕਾਰਜ ਬਲ ਲਈ ਇੱਕ ਗੰਭੀਰ ਚੁਣੌਤੀ ਖੜ੍ਹੀ ਕਰਦੀ ਹੈ।
ਸ਼੍ਰੀ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਖਾਸ ਕਰਕੇ ਨਵੀਆਂ ਉੱਭਰ ਰਹੀਆਂ ਤਕਨਾਲੋਜੀਆਂ ਅਤੇ ਹੁਨਰਾਂ ਦੀ ਵੱਧਦੀ ਮੰਗ ਦੇ ਸੰਦਰਭ ਵਿੱਚ ਇਹ ਮੋਬਾਈਲ ਸਟੈਮ (ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ) ਸਕੂਲ ਬੱਸ ਪ੍ਰੋਜੈਕਟ ਤਿਆਰ ਕੀਤੀ ਗਈ ਹੈ।
ਸ਼੍ਰੀ ਹਿਮਾਂਸ਼ੂ ਜੈਨ ਨੇ ਅੱਗੇ ਦੱਸਿਆ ਕਿ ਅੱਜ ਦੇ ਤੇਜ਼ੀ ਨਾਲ ਵਿਕਸਤ ਹੋ ਰਹੇ ਸੰਸਾਰ ਵਿੱਚ ਸਟੈਮ ਸਿੱਖਿਆ ਵਿਦਿਆਰਥੀਆਂ ਲਈ ਆਧੁਨਿਕ ਤਕਨੀਕੀ ਤਰੱਕੀਆਂ ਦਾ ਮੁਕਾਬਲਾ ਕਰਨ, ਆਧੁਨਿਕਰਨ ਅਤੇ ਅਨੁਕੂਲ ਹੋਣ ਲਈ ਜ਼ਰੂਰੀ ਹੋ ਗਈ ਹੈ। ਪਿੰਡਾਂ ਦੇ ਵਿਦਿਆਰਥੀਆਂ ਨੂੰ ਅਕਸਰ ਨਾਕਾਫ਼ੀ ਬੁਨਿਆਦੀ ਢਾਂਚੇ, ਸੀਮਤ ਸਰੋਤਾਂ ਅਤੇ ਸਿਖਲਾਈ ਪ੍ਰਾਪਤ ਸਿੱਖਿਅਕਾਂ ਦੀ ਘਾਟ ਕਾਰਨ ਗੁਣਵੱਤਾ ਵਾਲੀ ਸਟੀਮ ਸਿੱਖਿਆ ਤੱਕ ਪਹੁੰਚ ਦੀ ਘਾਟ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਇਸ ਪਾੜੇ ਨੂੰ ਪਛਾਣਦੇ ਹੋਏ ਸਿੱਖਿਆ ਵਿਭਾਗ ਨੇ ਮੋਬਾਈਲ ਸਟੈਮ ਸਕੂਲ ਬੱਸ ਪ੍ਰੋਜੈਕਟ ਸ਼ੁਰੂ ਕੀਤਾ ਹੈ - ਇੱਕ ਨਵੀਨਤਾਕਾਰੀ ਪਹੁੰਚ ਜੋ ਹੱਥੀਂ ਸਟੈਮ ਸਿੱਖਣ ਦੇ ਤਜ਼ਰਬਿਆਂ ਨੂੰ ਸਿੱਧੇ ਪੇਂਡੂ ਬੱਚਿਆਂ ਦੇ ਦਰਵਾਜ਼ੇ 'ਤੇ ਪਹੁੰਚਾਉਂਦੀ ਹੈ।
ਸ਼੍ਰੀ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਇਸ ਦਾ ਉਦੇਸ਼ ਸਟੈਮ ਸਿਖਲਾਈ ਨੂੰ ਇੰਟਰਐਕਟਿਵ, ਦਿਲਚਸਪ ਅਤੇ ਪਹੁੰਚਯੋਗ ਬਣਾ ਕੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਵਿੱਚ ਵਿਗਿਆਨ ਨੂੰ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ। ਇਸ ਤੋਂ ਇਲਾਵਾ ਹੱਥੀ ਸਿਖਲਾਈ ਜਿਵੇਂ ਆਧੁਨਿਕ ਉਪਕਰਣਾਂ, ਰੋਬੋਟਿਕਸ ਕਿੱਟਾਂ, ਕੋਡਿੰਗ ਮੋਡੀਊਲਾਂ ਅਤੇ ਆਰਟੀਫਿਸ਼ਿਅਲ ਇੰਟੈਲੀਜੈਂਸ ਦੇ ਸੰਚਾਲਿਤ ਪ੍ਰਯੋਗਾਂ ਰਾਹੀਂ ਅਨੁਭਵੀ ਸਿਖਲਾਈ ਪ੍ਰਦਾਨ ਕਰਨਾ ਹੈ।
ਉਨ੍ਹਾਂ ਦੱਸਿਆ ਕਿ ਇਸ ਦਾ ਮੰਤਵ ਪੇਂਡੂ ਸਕੂਲਾਂ ਅਤੇ ਭਾਈਚਾਰਿਆਂ ਤੱਕ ਪਹੁੰਚ ਕਰਕੇ ਆਖਰੀ-ਮੀਲ ਤੱਕ ਸੰਪਰਕ ਨੂੰ ਯਕੀਨੀ ਬਣਾਉਣਾ ਹੈ ਜਿਨ੍ਹਾਂ ਕੋਲ ਚੰਗੀ ਤਰ੍ਹਾਂ ਲੈਸ ਵਿਗਿਆਨ ਪ੍ਰਯੋਗਸ਼ਾਲਾਵਾਂ ਨਹੀਂ ਹਨ। ਇਸ ਦੇ ਨਾਲ ਵਿਦਿਆਰਥੀਆਂ ਵਿੱਚ ਸਮੱਸਿਆ-ਹੱਲ, ਆਲੋਚਨਾਤਮਕ ਸੋਚ ਅਤੇ ਨਵੀਨਤਾ ਦੇ ਸੱਭਿਆਚਾਰ ਨੂੰ ਵੀ ਉਤਸ਼ਾਹਿਤ ਕੀਤਾ ਜਾਣਾ ਹੈ।
ਉਨ੍ਹਾਂ ਦੱਸਿਆ ਕਿ ਇਹ ਇੱਕ ਮੋਬਾਈਲ ਵਿਗਿਆਨ ਪ੍ਰਯੋਗਸ਼ਾਲਾ ਲੈਬ ਹੈ ਜੋ ਕਿ ਪ੍ਰਤੀ ਦਿਨ 6 ਸਕੂਲਾਂ ਨੂੰ ਕਵਰ ਕਰ ਸਕਦੀ ਹੈ ਅਤੇ ਪ੍ਰਤੀ ਹਫ਼ਤੇ ਲਗਭਗ 36 ਸਕੂਲਾਂ ਵਿੱਚ ਜਾ ਕੇ ਵਿਗਿਆਨ ਅਧਾਰਤ ਪ੍ਰਯੋਗ ਕਰਵਾਏਗੀ।