ਮਹਿਲਾਵਾਂ ਦੀ ਸੁਰੱਖਿਆ ਅਤੇ ਵਿਕਾਸ 'ਤੇ ਜਾਗਰੂਕਤਾ ਸੈਮੀਨਾਰ ਕਰਵਾਇਆ
ਪ੍ਰਮੋਦ ਭਾਰਤੀ
ਨਵਾਂਸ਼ਹਿਰ 9 ਨਵੰਬਰ ,2024 : ਅੱਜ ਸਰਕਾਰੀ ਕਾਲਜ ਮਹੈਣ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਿੰਸੀਪਲ ਵਨੀਤਾ ਆਨੰਦ ਦੀ ਅਗਵਾਈ ਵਿੱਚ ਬੀ.ਏ/ ਬੀ.ਕਾਮ ਭਾਗ ਪਹਿਲਾ, ਦੂਜਾ ਅਤੇ ਤੀਜੇ ਦੇ ਵਿਦਿਆਰਥੀਆਂ ਲਈ ਮਹਿਲਾਵਾਂ ਦੀ ਭਲਾਈ , ਸੁਰੱਖਿਆ ਅਤੇ ਵਿਕਾਸ ਦੇ ਮੁੱਦੇ ਉੱਤੇ ਇਕ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਬੀ . ਕਾਮ ਭਾਗ ਤੀਜਾ ਦੇ ਸਰਬਜੀਤ ਸੇਨ ਗੁਪਤਾ ਅਤੇ ਬੀ ਏ ਭਾਗ ਦੂਜਾ ਦੇ ਅਮਨਦੀਪ ਸਿੰਘ ਨੇ ਕਿਹਾ ਕਿ ਇਹ ਮਰਦ ਪ੍ਰਧਾਨ ਸਮਾਜ ਦੀ ਸੰਵੇਦਨਹੀਣਤਾ ਹੈ ਕਿ ਸੰਨ 2000 ਤੋਂ ਸੰਨ 2019 ਤੱਕ ਦੇਸ਼ ਭਰ ਵਿੱਚ 9 ਮਿਲੀਅਨ ਭਰੂਣ ਹੱਤਿਆਵਾਂ ਹੋਈਆ ਹਨ। ਮੌਜੂਦਾ ਸਮੇਂ ਇਕ ਹਜਾਰ ਲੜਕਿਆਂ ਪਿੱਛੇ ਲੜਕੀਆਂ ਦੀ ਗਿਣਤੀ ਮਹਿਜ 934 ਹੈ। ਰਾਸ਼ਟਰੀ ਅਪਰਾਧ ਰਿਕਾਰਡ ਬਿਓਰੋ ਦੀ ਰਿਪੋਰਟ ਅਨੁਸਾਰ ਦੇਸ ਭਰ ਹਰ 16 ਮਿੰਟ ਵਿੱਚ ਇੱਕ ਔਰਤ ਨਾਲ ਜਬਰ ਜਿਨਾਹ ਹੋ ਜਾਂਦਾ ਹੈ। ਦੂਜੇ ਨੰਬਰ ਤੇ ਆਉਣ ਵਾਲੇ ਬੀ.ਏ ਭਾਗ ਤੀਜਾ ਦੀ ਕੰਚਨ ਰਾਣੀ ਅਤੇ ਹਰਜੀਤ ਸਿੰਘ ਨੇ ਕਿਹਾ ਕਿ ਸੰਨ 2001 ਤੋਂ 2018 ਤੱਕ ਔਰਤਾਂ ਵਿਰੁੱਧ ਘਰੇਲੂ ਹਿੰਸਾ ਦੇ ਮਾਮਲਿਆਂ ਵਿੱਚ 53 ਫੀਸਦੀ ਵਾਧਾ ਹੋਇਆ ਹੈ। ਭਾਰਤ ਵਿੱਚ ਲਗਭਗ ਤਿੰਨਾਂ ਵਿਚੋਂ ਇਕ ਔਰਤ ਨੂੰ ਜਿਨਸੀ ਸੋਸ਼ਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ਼ ਭਰ ਵਿੱਚ ਹਰ ਇੱਕ ਘੰਟੇ ਵਿੱਚ ਇਕ ਔਰਤ ਦਹੇਜ ਦੀ ਬਲੀ ਚੜ੍ਹ ਜਾਂਦੀ ਹੈ। ਦੇਸ਼ ਭਰ ਵਿੱਚ ਔਰਤਾਂ ਉੱਤੇ ਤੇਜਾਬ ਸਿੱਟਣ ਦੀਆਂ ਪ੍ਰਤੀ ਸਾਲ ਲਗਭਗ 300 ਘਟਨਾਵਾਂ ਵਾਪਰ ਰਹੀਆਂ ਹਨ। ਸੰਨ 2019 ਤੋਂ ਸੰਨ 2021 ਤੱਕ ਦੇਸ਼ ਭਰ ਵਿੱਚ 13.13 ਲੱਖ ਔਰਤਾਂ ਨੂੰ ਮਾੜੇ ਮਨਸੂਬੀਆਂ ਲਈ ਕਿਡਨੇਪ ਕੀਤਾ ਗਿਆ ਹੈ। ਤੀਜੇ ਨੰਬਰ ਤੇ ਆਉਣ ਵਾਲੀ ਬੀ. ਏ ਭਾਗ ਪਹਿਲਾ ਦੀ ਸ਼ਿਖਾ ਅਤੇ ਚਰਨਜੀਤ ਕੌਰ ਨੇ ਕਿਹਾ ਕਿ 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਜਬਰ ਜਿਨਾਹ ਕਰਨ ਤੇ ਅਪਰਾਧਿਕ ਕਾਨੂੰਨ ਐਕਟ 2018 ਅਨੁਸਾਰ ਮੌਤ ਦੀ ਸਜਾ ਨਿਸਚਿਤ ਕੀਤੀ ਗਈ ਹੈ। ਔਰਤਾਂ ਨੂੰ ਜਬਰਦਸਤੀ ਅਸਲੀਲ ਸੱਮਗਰੀ ਭੇਜਣ ਵਿਰੁੱਧ ਭਾਰਤ ਸਰਕਾਰ ਦੁਆਰਾ 20 ਸਤੰਬਰ 2018 ਨੂੰ ਸਾਇਬਰ ਕਰਾਇਮ ਰਿਪੋਟਿੰਗ ਪੋਰਟਲ ਲਾਊਂਚ ਕੀਤਾ ਗਿਆ। ਲੜਕੀਆਂ ਹਰ ਖੇਤਰ ਵਿੱਚ ਲੜਕਿਆਂ ਤੋਂ ਅੱਗੇ ਜਾ ਰਹੀਆਂ ਹਨ। ਹਰੇਕ ਮਾਂ-ਬਾਪ ਨੂੰ ਪਾਲਣ ਪੋਸ਼ਣ ਅਤੇ ਵਿਦਿਆ ਪ੍ਰਦਾਨ ਕਰਨ ਵਿੱਚ ਲੜਕੀਆਂ ਨਾਲ ਕੋਈ ਭੇਦ-ਭਾਵ ਨਹੀਂ ਕਰਨਾ ਚਾਹੀਦਾ। ਇਸ ਮੌਕੇ ਡਾ: ਦਿਲਰਾਜ ਕੌਰ ਅਤੇ ਪ੍ਰੋ: ਬੋਬੀ ਨੇ ਜੱਜ ਦੀ ਭੂਮਿਕਾ ਨਿਭਾਈ । ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਪ੍ਰੋ: ਅਮਿਤ ਕੁਮਾਰ ਯਾਦਵ ਪ੍ਰੋ: ਸਰਨਦੀਪ ਅਤੇ ਪ੍ਰੋ: ਬਲਜਿੰਦਰ ਸਿੰਘ ਅਤੇ ਸ੍ਰੀ ਬਲਜੀਤ ਸਿੰਘ (ਜੂਨੀਅਰ ਸਹਾਇਕ) ਦੀ ਭੂਮਿਕਾ ਸਲਾਘਾਯੋਗ ਸੀ। ਇਸ ਮੇਕੇ ਪ੍ਰਿੰਸੀਪਲ ਨੇ ਆਪਣੇ ਭੇਜੇ ਸੰਦੇਸ਼ ਵਿਚ ਕਿਹਾ ਕਿ ਔਰਤਾਂ ਤੋਂ ਬਿਨ੍ਹਾਂ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਹਰੇਕ ਮਨੁੱਖ ਨੂੰ ਔਰਤਾਂ ਵਿਰੁੱਧ ਵੱਧ ਰਹੇ ਅਪਰਾਧਾਂ ਨੂੰ ਰੋਕਣ ਲਈ ਅੱਗੇ ਆਉਣਾ ਚਾਹੀਦਾ ਹੈ। ਉਹ ਸਮਾਜ ਕਦੀ ਵੀ ਤਰੱਕੀ ਨਹੀਂ ਕਰ ਸਕਦਾ ਜਿਸ ਵਿੱਚ ਔਰਤ ਵਰਗ ਦਾ ਸਤਿਕਾਰ ਨਹੀਂ ਕੀਤਾ ਜਾਂਦਾ।