ਮਹਾਰਾਸ਼ਟਰ ਵਿੱਚ ਵੋਟ ਚੋਰੀ ਦੇ ਮਾਮਲੇ 'ਤੇ ਖੜਗੇ ਦਾ ਚੋਣ ਕਮਿਸ਼ਨ 'ਤੇ ਸ਼ਬਦੀ ਹਮਲਾ
ਨਵੀਂ ਦਿੱਲੀ, 3 ਅਗਸਤ 2025 : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸ਼ਨੀਵਾਰ ਨੂੰ ਮਹਾਰਾਸ਼ਟਰ ਵਿੱਚ ਵੋਟਰ ਸੂਚੀਆਂ ਵਿੱਚ ਕਥਿਤ ਹੇਰਾਫੇਰੀ ਨੂੰ ਲੈ ਕੇ ਚੋਣ ਕਮਿਸ਼ਨ (ਈਸੀਆਈ) 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਹ ਸੰਵਿਧਾਨਕ ਸੰਸਥਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ। ਕਾਂਗਰਸ ਦੇ ਇੱਕ ਕਾਨੂੰਨੀ ਸੰਮੇਲਨ ਵਿੱਚ ਬੋਲਦਿਆਂ, ਖੜਗੇ ਨੇ ਹੈਰਾਨੀ ਪ੍ਰਗਟ ਕੀਤੀ ਕਿ "ਮਹਾਰਾਸ਼ਟਰ ਵਿੱਚ ਇੱਕ ਹੋਸਟਲ ਵਿੱਚ 9,000 ਵੋਟਰ ਕਿਵੇਂ ਹੋ ਸਕਦੇ ਹਨ?"
ਸੰਵਿਧਾਨ ਨੂੰ ਬਦਲਣ ਦੀ ਕੋਸ਼ਿਸ਼
ਖੜਗੇ ਨੇ ਭਾਜਪਾ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਦਾਅਵਾ ਕੀਤਾ ਕਿ ਇਹ ਸੰਗਠਨ ਦੇਸ਼ ਦੇ ਸੰਵਿਧਾਨ ਨੂੰ ਬਦਲਣਾ ਚਾਹੁੰਦੇ ਹਨ ਅਤੇ ਇਸਦੀ ਪ੍ਰਸਤਾਵਨਾ ਵਿੱਚੋਂ "ਸਮਾਜਵਾਦ" ਅਤੇ "ਧਰਮ ਨਿਰਪੱਖਤਾ" ਵਰਗੇ ਸ਼ਬਦ ਹਟਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਨੂੰ 2024 ਦੀਆਂ ਚੋਣਾਂ ਵਿੱਚ 400 ਤੋਂ ਵੱਧ ਸੀਟਾਂ ਮਿਲ ਜਾਂਦੀਆਂ ਤਾਂ ਉਹ ਅਜਿਹਾ ਕਰ ਦਿੰਦੇ। ਖੜਗੇ ਨੇ ਇਸ ਲਈ ਦੇਸ਼ ਦੇ ਲੋਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਭਾਜਪਾ ਨੂੰ ਬਹੁਮਤ ਤੋਂ ਦੂਰ ਰੱਖਿਆ। ਉਨ੍ਹਾਂ ਨੇ ਇਸ ਕਾਮਯਾਬੀ ਦਾ ਸਿਹਰਾ ਰਾਹੁਲ ਗਾਂਧੀ ਨੂੰ ਦਿੱਤਾ, ਜਿਨ੍ਹਾਂ ਨੇ ਸੰਵਿਧਾਨ ਨੂੰ ਬਚਾਉਣ ਲਈ ਮੁਹਿੰਮ ਚਲਾਈ ਸੀ।
ਮੋਦੀ 'ਤੇ ਸੰਸਦ ਤੋਂ ਭੱਜਣ ਦਾ ਇਲਜ਼ਾਮ
ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਮਾਨਸੂਨ ਸੈਸ਼ਨ ਦੌਰਾਨ ਮੋਦੀ ਸੰਸਦ ਦੇ ਅੰਦਰ ਆਉਣ ਦੀ ਬਜਾਏ ਆਪਣੇ ਦਫ਼ਤਰ ਵਿੱਚ ਬੈਠ ਕੇ ਟੀਵੀ 'ਤੇ ਸੈਸ਼ਨ ਦੇਖਦੇ ਹਨ। ਖੜਗੇ ਨੇ ਸਵਾਲ ਕੀਤਾ ਕਿ ਮੋਦੀ ਕਿਸ ਗੱਲ ਤੋਂ ਡਰਦੇ ਹਨ ਅਤੇ ਉਨ੍ਹਾਂ ਨੂੰ ਸਦਨ ਵਿੱਚ ਆ ਕੇ ਕਾਰਵਾਈ ਦੇਖਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਭਾਜਪਾ ਸ਼ਾਸਿਤ ਰਾਜਾਂ ਵਿੱਚ ਘੱਟ ਗਿਣਤੀਆਂ ਅਤੇ ਦਲਿਤਾਂ ਨਾਲ ਵਿਤਕਰਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਸਮਾਜ ਨੂੰ ਜੋੜਨ ਦੀ ਬਜਾਏ ਵੰਡਣ ਦੀ ਗੱਲ ਕਰਦੇ ਹਨ।