ਸਵੈ ਸਹਾਇਤਾ ਸਮੂਹਾਂ ਵਿੱਚ ਇੱਕ ਨਵੀਂ ਉਮੀਦ ਜਗਾ ਕੇ ਸਮਾਪਤ ਹੋਇਆ ਦੋ ਰੋਜ਼ਾ 'ਉਮੀਦ ਬਜ਼ਾਰ'
ਦੋ ਦਿਨਾਂ ਦੌਰਾਨ ਉਮੀਦ ਬਜ਼ਾਰ ਵਿੱਚ 5.23 ਲੱਖ ਰੁਪਏ ਤੋਂ ਵੱਧ ਦੀ ਹੋਈ ਖ਼ਰੀਦਦਾਰੀ
ਰੋਹਿਤ ਗੁਪਤਾ
ਗੁਰਦਾਸਪੁਰ, 3 ਅਗਸਤ
- ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਨਿਵੇਕਲੀ ਪਹਿਲ ਕਰਦਿਆਂ ਗੁਰਦਾਸਪੁਰ ਸ਼ਹਿਰ ਦੇ ਪੁਰਾਣੇ ਬੱਸ ਅੱਡੇ ਵਿੱਚ ਲਗਾਇਆ ਗਿਆ ਦੋ ਰੋਜ਼ਾ 'ਉਮੀਦ ਬਜ਼ਾਰ' ਸਵੈ ਸਹਾਇਤਾ ਸਮੂਹਾਂ ਵਿੱਚ ਇੱਕ ਨਵੀਂ ਉਮੀਦ ਜਗਾਉਂਦਾ ਹੋਇਆ ਅੱਜ ਸ਼ਾਮ ਸਮਾਪਤ ਹੋ ਗਿਆ। ਪੁਰਾਣੇ ਬੱਸ ਅੱਡੇ ਗੁਰਦਾਸਪੁਰ ਵਿੱਚ ਲੱਗੇ ਇਸ ਉਮੀਦ ਬਜ਼ਾਰ ਵਿੱਚ ਦੋ ਦਿਨਾਂ ਦੌਰਾਨ ਵੱਖ-ਵੱਖ ਸਟਾਲਾਂ ਉੱਪਰ 5.23 ਲੱਖ ਰੁਪਏ ਤੋਂ ਵੱਧ ਦੀ ਖ਼ਰੀਦਦਾਰੀ ਹੋਈ।
ਉਮੀਦ ਬਜ਼ਾਰ ਦੇ ਦੂਸਰੇ ਦਿਨ ਅੱਜ ਐਤਵਾਰ ਹੋਰ ਕਾਰਨ ਲੋਕਾਂ ਦੀ ਭਾਰੀ ਭੀੜ ਰਹੀ। ਵੱਖ-ਵੱਖ ਸਰਕਾਰੀ ਅਧਿਕਾਰੀਆਂ ਤੋਂ ਇਲਾਵਾ ਵੱਡੀ ਗਿਣਤੀ ਗੁਰਦਾਸਪੁਰ ਸ਼ਹਿਰ ਅਤੇ ਆਸ-ਪਾਸ ਦੇ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਸਟਾਲਾਂ ਉੱਪਰ ਵੇਚੇ ਜਾ ਰਹੇ ਉਤਪਾਦਾਂ ਨੂੰ ਦੇਖਿਆ ਅਤੇ ਖ਼ਰੀਦਿਆ। ਵਧੀਕ ਡਿਪਟੀ ਕਮਿਸ਼ਨਰ ਡਾ. ਹਰਜਿੰਦਰ ਸਿੰਘ ਬੇਦੀ ਅਤੇ ਐੱਸ.ਡੀ.ਐੱਮ. ਦੀਨਾਨਗਰ ਜਸਪਿੰਦਰ ਸਿੰਘ ਭੁੱਲਰ ਵੱਲੋਂ ਵੀ ਉਮੀਦ ਬਜ਼ਾਰ ਦੌਰਾਨ ਖ਼ਰੀਦਦਾਰੀ ਕੀਤੀ ਗਈ।
ਵਧੀਕ ਡਿਪਟੀ ਕਮਿਸ਼ਨਰ ਡਾ. ਹਰਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਲਗਾਏ ਇਸ ਦੋ ਰੋਜ਼ਾ 'ਉਮੀਦ ਬਜ਼ਾਰ' ਨੂੰ ਜ਼ਿਲ੍ਹਾ ਵਾਸੀਆਂ ਵੱਲੋਂ ਵੱਡਾ ਹੁੰਗਾਰਾ ਮਿਲਿਆ ਹੈ ਅਤੇ ਅੱਜ ਬਜ਼ਾਰ ਦੇ ਦੂਜੇ ਦਿਨ ਰਿਕਾਰਡ ਸੇਲ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਬਜ਼ਾਰ ਵਿੱਚ 60 ਸਵੈ-ਸਹਾਇਤਾ ਸਮੂਹਾਂ ਵੱਲੋਂ ਆਪਣੇ ਉਤਪਾਦ ਲਗਾ ਕੇ ਆਪਣੇ ਹੱਥੀਂ ਤਿਆਰ ਕੀਤੇ ਸਮਾਨ ਨੂੰ ਵਾਜਬ ਰੇਟਾਂ ਉੱਪਰ ਵੇਚਿਆ ਗਿਆ। ਉਨ੍ਹਾਂ ਦੱਸਿਆ ਕਿ ਸਵੈ ਸਹਾਇਤਾ ਸਮੂਹਾਂ ਦੀਆਂ ਔਰਤਾਂ ਵੱਲੋਂ ਇਨ੍ਹਾਂ ਸਟਾਲਾਂ ਵਿੱਚ, ਅਚਾਰ, ਮੁਰੱਬੇ, ਚਟਣੀਆਂ, ਖਾਣ-ਪੀਣ ਦੇ ਸਮਾਨ ਤੋਂ ਇਲਾਵਾ, ਡੈਕੋਰੇਸ਼ਨ ਦਾ ਸਮਾਨ, ਔਰਤਾਂ ਤੇ ਬੱਚਿਆਂ ਦੇ ਸੂਟ, ਫੁਲਕਾਰੀਆਂ, ਔਰਤਾਂ ਲਈ ਸ਼ਿੰਗਾਰ ਦਾ ਸਮਾਨ ਅਤੇ ਹੋਰ ਰੋਜ਼ਾਨਾਂ ਜ਼ਰੂਰਤ ਦਾ ਸਮਾਨ ਵੇਚਣ ਲਈ ਰੱਖਿਆ ਗਿਆ ਸੀ। ਇਸ ਤੋਂ ਇਲਾਵਾ ਅਗਾਂਹਵਧੂ ਕਿਸਾਨਾਂ ਵੱਲੋਂ ਫੂਡ ਪ੍ਰੋਸੈਸਿੰਗ ਨਾਲ ਸਬੰਧਿਤ ਆਪਣੇ ਉਤਪਾਦ ਵੇਚੇ ਗਏ।
ਵਧੀਕ ਡਿਪਟੀ ਕਮਿਸ਼ਨਰ ਡਾ. ਹਰਜਿੰਦਰ ਸਿੰਘ ਬੇਦੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਔਰਤਾਂ ਨੂੰ ਉਨ੍ਹਾਂ ਦੇ ਹੱਥੀਂ ਬਣਾਏ ਸਮਾਨ ਨੂੰ ਵੇਚਣ ਲਈ ਪਲੇਟਫ਼ਾਰਮ ਮੁਹੱਈਆ ਕਰਵਾਏ ਜਾਣ ਅਤੇ ਉਮੀਦ ਬਜ਼ਾਰ ਇਨ੍ਹਾਂ ਕੋਸ਼ਿਸ਼ਾਂ ਦਾ ਸਿੱਟਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਬਜ਼ਾਰ ਲਗਾ ਕੇ ਸਵੈ-ਸਹਾਇਤਾ ਸਮੂਹਾਂ ਦੇ ਉਤਪਾਦਾਂ ਨੂੰ ਪ੍ਰਮੋਟ ਕੀਤਾ ਜਾਵੇਗਾ।
ਉਮੀਦ ਬਜ਼ਾਰ ਦੇ ਦੋਵੇਂ ਦਿਨ ਔਰਤਾਂ ਲਈ ਮਹਿੰਦੀ ਲਗਾਉਣ ਦਾ ਸਟਾਲ ਵੀ ਲਗਾਇਆ ਗਿਆ ਅਤੇ ਬਜ਼ਾਰ ਵਿੱਚ ਆਉਣ ਵਾਲੇ ਗ੍ਰਾਹਕਾਂ ਲਈ ਖਾਣ-ਪੀਣ ਦੇ ਸਟਾਲ ਵੀ ਲਗਾਏ ਗਏ। ਬਜ਼ਾਰ ਦੀ ਸਮਾਪਤੀ ਮੌਕੇ ਸ਼ਾਮ ਨੂੰ ਗਿੱਧੇ-ਭੰਗੜੇ ਦਾ ਸ਼ਾਨਦਾਰ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਉੱਘੇ ਲੋਕ ਗਾਇਕ ਪ੍ਰੋ. ਸੋਨੂੰ ਅਲਮਸਤ ਵੱਲੋਂ ਲੋਕ ਗਾਇਕੀ ਰਾਹੀਂ ਰੰਗ ਬੰਨ੍ਹੇ ਗਏ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਹਰਜਿੰਦਰ ਸਿੰਘ ਬੇਦੀ ਤੋਂ ਇਲਾਵਾ ਐੱਸ.ਡੀ.ਐੱਮ. ਦੀਨਾਨਗਰ ਸ. ਜਸਪਿੰਦਰ ਸਿੰਘ ਭੁੱਲਰ, ਐੱਸ.ਡੀ.ਐੱਮ. ਡੇਰਾ ਬਾਬਾ ਨਾਨਕ ਡਾ. ਆਦਿੱਤਯ ਸ਼ਰਮਾ, ਆਜੀਵਕਾ ਮਿਸ਼ਨ ਦੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਅੰਮ੍ਰਿਤਪਾਲ ਸਿੰਘ, ਡਿਪਟੀ ਮੈਨੇਜਰ ਵਰਿੰਦਰ ਸਿੰਘ, ਸਤਿੰਦਰਬੀਰ ਕੌਰ, ਬਲਾਕ ਪ੍ਰੋਗਰਾਮ ਮੈਨੇਜਰ, ਸਰੋਵਰ ਕੁੰਡਲ, ਬਲਾਕ ਪ੍ਰੋਗਰਾਮ ਮੈਨੇਜਰ, ਸੁਪਰਡੈਂਟ ਵਿਜੇ ਕੁਮਾਰ, ਅਗਾਂਹਵਧੂ ਕਿਸਾਨ ਦਿਲਬਾਗ ਸਿੰਘ ਚੀਮਾ, ਪ੍ਰੋ. ਰਾਜ ਕੁਮਾਰ ਸ਼ਰਮਾ, ਪਰਮਿੰਦਰ ਸਿੰਘ ਸੈਣੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।