ਮਜ਼ਦੂਰਾਂ ਦੀਆਂ ਸਮੱਸਿਆਵਾਂ ਸੰਬੰਧੀ 25 ਮਾਰਚ ਨੂੰ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲੇਗਾ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ , 14 ਮਾਰਚ,2025 : ਅੱਜ ਪੇੰਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਜਿਲਾ ਕਮੇਟੀ ਦੀ ਮੀਟਿੰਗ ਸੂਬਾ ਆਗੂ ਕਮਲਜੀਤ ਸਨਾਵਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਮਜ਼ਦੂਰਾਂ ਦੀਆਂ ਬੁਨਿਆਦੀ ਮੰਗਾਂ ਤੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਕਮਲਜੀਤ ਸਨਾਵਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਜ਼ਦੂਰਾਂ ਦੀਆਂ ਬੁਨਿਆਦੀ ਮੰਗਾਂ ਜੋ ਕਿ ਪਿਛਲੇ ਲੰਬੇ ਸਮੇੰ ਤੋਂ ਲਟਕ ਰਹੀਆਂ ਹਨ ਓੁਹਨਾਂ ਦੇ ਹੱਲ ਲਈ 25 ਮਾਰਚ ਨੂੰ ਜਿਲੇ ਦੇ ਡਿਪਟੀ ਕਮਿਸ਼ਨਰ ਨੂੰ ਪੇਂਡੂ ਮਜ਼ਦੂਰ ਯੂਨੀਅਨ ਦਾ ਵਫ਼ਦ ਮਿਲੇਗਾ ਤਾਂ ਜੋ ਮਜ਼ਦੂਰਾਂ ਦੀਆਂ ਸਮੱਸਿਆਵਾਂ ਤੇ ਓੁਹਨਾਂ ਦੀਆਂ ਮੰਗਾਂ ਮਸਲਿਆਂ ਤੇ ਵਿਚਾਰ ਕੀਤਾ ਜਾ ਸਕੇ । ਓੁਹਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ 23 ਮਾਰਚ ਨੂੰ ਖਟਕੜ ਕਲਾਂ ਵਿਖੇ ਕੀਤੀ ਜਾਣ ਵਾਲੀ ਕਾਨਫ਼ਰੰਸ ਵਿੱਚ ਪੇੰਡੂ ਮਜ਼ਦੂਰ ਯੂਨੀਅਨ ਭਰਵੀਂ ਸਮੂਲੀਅਤ ਕਰੇਗੀ ।ਇਸ ਮੌਕੇ ਸੂਬਾ ਆਗੂ ਹਰੀ ਰਾਮ ਰਸੂਲਪੁਰੀ ਤੇ ਕਿਰਨਜੀਤ ਕੌਰ ਧਰਮਕੋਟ ਨੇ ਕਿਹਾ ਕਿ ਪਿੰਡਾਂ ਦੇ ਵਿੱਚ ਮਜ਼ਦੂਰ ਤਬਕਾ ਬਹੁਤ ਸਾਰੇ ਕਰਜ਼ਿਆਂ ਦੇ ਵਿੱਚ ਫਸਿਆ ਹੋਇਆ ਹੈ
ਸਰਕਾਰ ਉਹਨਾਂ ਦੇ ਕਰਜ਼ੇ ਮੁਆਫ ਕਰੇ ਅਤੇ ਮਜ਼ਦੂਰਾਂ ਲਈ ਬਦਲਵੇਂ ਕਰਜ਼ੇ ਦਾ ਪ੍ਰਬੰਧ ਕਰੇ । ਕਰਜਾ ਵਾਪਸੀ ਕਰਨ ਦੀ ਇੱਕ ਲੰਬੀ ਰਿਆਇਤ ਦੇਵੇ ਤੇ ਨਾਲ ਦੀ ਨਾਲ ਮਜ਼ਦੂਰਾਂ ਦੇ ਰੁਜ਼ਗਾਰ ਦਾ ਪ੍ਰਬੰਧ ਕਰੇ ਤਾਂ ਜੋ ਮਜ਼ਦੂਰ ਕਰਜ਼ ਵਾਪਸ ਕਰ ਸਕਣ ਤੇ ਆਪਣਾ ਗੁਜਾਰਾ ਵਧੀਆ ਢੰਗ ਨਾਲ ਕਰ ਸਕਣ। ਓੁਹਨਾਂ ਨੇ ਇਹ ਵੀ ਕਿਹਾ ਕਿ ਕਰਜ਼ੇ ਦਾ ਇੱਕ ਵੱਡਾ ਕਾਰਨ ਬੇਰੁਜ਼ਗਾਰੀ ਵੀ ਹੈ ਜਿਸ ਵੱਲ ਸਾਡੀ ਸਰਕਾਰ ਬਿਲਕੁਲ ਧਿਆਨ ਨਹੀਂ ਦੇ ਰਹੀ ਹੈ। ਇਸ ਮੌਕੇ ਭੱਠਾ ਮਜ਼ਦੂਰ ਯੂਨੀਅਨ ਦੇ ਆਗੂ ਗੁਰਦਿਆਲ ਸਿੰਘ ਰੱਕੜ ਨੇ ਆਪਣੇ ਵਿਚਾਰ ਰੱਖਦਿਆਂ ਇਹ ਆਖਿਆ ਕਿ ਬੇਰੁਜ਼ਗਾਰੀ ਇੱਕ ਬਹੁਤ ਵੱਡੀ ਸਮੱਸਿਆ ਹੈ ਤੇ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਸਰਕਾਰ ਨੇ ਜੋ ਮਗਨਰੇਗਾ ਦਾ ਕੰਮ ਪਿੰਡਾਂ ਵਿੱਚ ਚਲਾਇਆ ਇਹ ਸਕੀਮ ਸਿਰਫ਼ ਨਾ ਮਾਤਰ ਰੂਪ ਵਜੋੰ ਕੰਮ ਕਰ ਰਹੀ ਹੈ ਕਿਓੁਕਿ ਇਸ ਵਿੱਚ ਬਹੁਤ ਸਾਰੀ ਘਪਲੇ ਬਾਜ਼ੀ ਕੀਤੀ ਜਾ ਰਹੀ ਹੈ। ਸਕੀਮ ਤਹਿਤ 90 ਦਿਨ ਦਾ ਰੁਜ਼ਗਾਰ ਮਜ਼ਦੂਰਾਂ ਨੂੰ ਦਿੱਤਾ ਜਾਂਦਾ ਹੈ ਪਰ ਅਫ਼ਸਰਸ਼ਾਹੀ ਦੀ ਘਪਲੇਬਾਜ਼ੀ ਕਰਕੇ ਬਹੁਤ ਸਾਰੇ ਪਿੰਡਾਂ ਵਿੱਚ 90 ਦਿਨ ਦਾ ਪੂਰਾ ਕੰਮ ਵੀ ਨਹੀੰ ਮਿਲਦਾ ਤੇ ਨਾਲ ਹੀ ਓੁਹਨਾਂ ਨੇ ਮੰਗ ਕੀਤੀ 90 ਦਿਨ ਦੀ ਬਜਾਏ ਮਜ਼ਦੂਰਾਂ ਨੂੰ ਪੂਰਾ ਸਾਲ ਰੁਜ਼ਗਾਰ ਦਿੱਤਾ ਜਾਵੇ ਤਾਂ ਜੋ ਮਜ਼ਦੂਰ ਵਰਗ ਆਪਣੀ ਜਿੰਦਗੀ ਨੂੰ ਬਿਹਤਰ ਬਣਾ ਸਕਣ। ਓੁਹਨਾਂ ਨੇ ਕਿਹਾ ਕਿ ਪਿੰਡਾਂ ਵਿੱਚ ਮਜ਼ਦੂਰਾਂ ਦੇ ਘਰਾਂ ਦੀ ਹਾਲਤ ਤਰਸਯੋਗ ਹੈ ਜਿਸ ਕਰਕੇ ਓਹਨਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ । ਇਸ ਕਰਕੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਇਹਨਾਂ ਮਜ਼ਦੂਰਾਂ ਦੇ ਘਰਾਂ ਨੂੰ ਦੇਖਦੇ ਹੋਏ ਸਹਾਇਤਾ ਜਾਰੀ ਕਰਨੀ ਚਾਹੀਦੀ ਹੈ ਤੇ ਇਸ ਸਕੀਮ ਦਾ ਲਾਭ ਮਜ਼ਦੂਰਾਂ ਨੂੰ ਦੇਣਾ ਚਾਹੀਦਾ ਹੈ। ਓੁਹਨਾਂ ਇਹ ਵੀ ਕਿਹਾ ਕਿ ਜੇਕਰ ਸਰਕਾਰ ਤੇ ਜਿਲਾ ਪ੍ਰਸ਼ਾਸ਼ਨ ਇਹਨਾਂ ਮੰਗਾਂ ਵੱਲ ਧਿਆਨ ਨਹੀੰ ਦੇਵੇਗਾ ਤਾਂ ਆਓੁਣ ਵਾਲੇ ਦਿਨਾਂ ਵਿੱਚ ਵੱਡ ਸੰਘਰਸ਼ ਓੁਲੀਕਿਆ ਜਾਵੇਗਾ। ਇਸ ਮੌਕੇ ਸਤਨਾਮ ਸਿੰਘ ਲਾਡੀ, ਸੁਰਿੰਦਰ ਮੀਰਪੁਰੀ, ਪ੍ਰਸ਼ੋਤਮ ਤੇ ਜਸਵਿੰਦਰ ਸਿੰਘ ਇਲਾਕਾ ਬਲਾਚੌਰ ਵੀ ਮੌਜੂਦ ਸਨ।