← ਪਿਛੇ ਪਰਤੋ
ਬਦਮਾਸ਼ਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਉਣ ਨਾਲ ਬਠਿੰਡਾ ਪੁਲਿਸ ਦਾ ਥਾਣੇਦਾਰ ਜਖ਼ਮੀ ਅਸ਼ੋਕ ਵਰਮਾ ਬਠਿੰਡਾ,5ਮਈ2025: ਬਠਿੰਡਾ ਸ਼ਹਿਰ ’ਚ ਬੀਤੀ ਸ਼ਾਮ ਲੁਟੇਰਿਆਂ ਨੂੰ ਗ੍ਰਿਫਤਾਰ ਕਰਨ ਆਈ ਪੁਲਿਸ ਟੀਮ ’ਤੇ ਬਦਮਾਸ਼ਾਂ ਨੇ ਗੋਲੀਆਂ ਚਲਾ ਕੇ ਸੀਆਈਏ ਦੇ ਇੱਕ ਥਾਣੇਦਾਰ ਨੂੰ ਜਖ਼ਮੀ ਕਰ ਦਿੱਤਾ ਹੈ। ਜਖਮੀ ਥਾਣੇਦਾਰ ਨੂੰ ਫੌਰੀ ਤੌਰ ਤੇ ਸਿਵਲ ਹਸਪਤਾਲ ਬਠਿੰਡਾ ਲਿਜਾਇਆ ਗਿਆ ਜਿੱਥੇ ਉਸ ਦੀ ਸਥਿਤੀ ਨੂੰ ਦੇਖਦਿਆਂ ਡਾਕਟਰਾਂ ਨੇ ਏਮਜ਼ ਹਸਪਤਾਲ ਰੈਫਰ ਕਰ ਦਿੱਤਾ ਹੈ। ਐਐਸਪੀ ਬਠਿੰਡਾ ਅਮਨੀਤ ਕੌਂਡਲ ਹਸਪਤਾਲ ਪੁੱਜੇ ਅਤੇ ਜਖਮੀ ਥਾਣੇਦਾਰ ਦਾ ਹਾਲ ਚਾਲ ਜਾਨਣ ਦੇ ਨਾਲ ਨਾਲ ਹੌਂਸਲਾ ਵੀ ਵਧਾਇਆ ਹੈ। ਹਾਲਾਂਕਿ ਬਾਅਦ ਵਿੱਚ ਅੱਧੀ ਰਾਤ ਨੂੰ ਪੁਲਿਸ ਟੀਮ ਨੇ ਜਦੋਂ ਇੰਨ੍ਹਾਂ ਲੁਟੇਰਿਆਂ ਨੂੰ ਕਾਬੂ ਕਰਨ ਲਈ ਪੁਲਿਸ ਨੇ ਦੁਬਾਰਾ ਹੱਲਾ ਬੋਲਿਆ ਤਾਂ ਬਦਮਾਸ਼ਾਂ ਨੇ ਫਿਰ ਫਾਇਰਿੰਗ ਕਰ ਦਿੱਤੀ ਪਰ ਪਹਿਲਾਂ ਤੋਂ ਚੌਕਸ ਪੁਲਿਸ ਟੀਮ ਵੱਲੋਂ ਕੀਤੀ ਜਵਾਬੀ ਕਾਰਵਾਈ ਦੌਰਾਨ ਦੋਨੋਂ ਲੁਟੇਰੇ ਜਖ਼ਮੀ ਹੋ ਗਏ । ਮੁਲਜਮਾਂ ਦੀ ਪਛਾਣ ਅਮਰਜੀਤ ਸਿੰਘ ਵਾਸੀ ਕੋਠੇ ਅਮਰਪੁਰਾ , ਰਾਜੀਵ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਅਤੇ ਰੋਹਿਤ ਵਾਸੀ ਪਰਸਰਾਮ ਨਗਰ ਵਜੋਂ ਹੋਈ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਜਿਲ੍ਹਾ ਪੁਲਿਸ ਮੁਖੀ ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਥਾਣਾ ਕੈਂਟ ਦੇ ਇਲਾਕੇ ਵਿੱਚ ਰਿਲਾਇੰਸ ਮਾਲ ਨਜਦੀਕ ਇੱਕ ਸ਼ਰਾਬ ਦੇ ਠੇਕੇ ਤੋਂ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਕਰਿੰਦੇ ਕੋਲੋਂ ਹਥਿਆਰਾਂ ਦੀ ਨੌਕ ’ਤੇ 10 ਹਜ਼ਾਰ ਰੁਪਏ ਦੀ ਨਕਦ ਤੇ ਮੋਬਾਇਲ ਖੋਹ ਲਿਆ ਅਤੇ ਫਰਾਰ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਇਸ ਸਬੰਧ ’ਚ ਥਾਣਾ ਕੈਂਟ ਵਿਖੇ ਮੁਕੱਦਮਾ ਦਰਜ ਕਰਨ ਤੋਂ ਬਾਅਦ ਲੁਟੇਰਿਆਂ ਦੀ ਤਲਾਸ਼ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਇਸੇ ਆਪਰੇਸ਼ਨ ਤਹਿਤ ਥਾਣੇਦਾਰ ਸੁਖਪ੍ਰੀਤ ਸਿੰਘ ਦੀ ਅਗਵਾਈ ਹੇਠ ਸੀਆਈਏ ਅਤੇ ਥਾਣਾ ਕੈਨਾਲ ਕਲੋਨੀ ਦੀ ਟੀਮ ਨੇ ਪਰਸਰਾਮ ਨਗਰ ਇਲਾਕੇ ਵਿੱਚ ਰੋਹਿਤ ਕੁਮਾਰ ਨਾਂ ਦੇ ਵਿਅਕਤੀ ਦੇ ਘਰ ਦਬਿਸ਼ ਦਿੱਤੀ ਸੀ।ਉਨ੍ਹਾਂ ਦੱਸਿਆ ਕਿ ਇਸ ਦੌਰਾਨ ਮੌਕੇ ਤੇ ਦੋ ਨੌਜਵਾਨ ਸਨ ਤਾਂ ਉਨ੍ਹਾਂ ਚੋਂ ਇੱਕ ਨੇ ਅਚਾਨਕ ਪਿਸਤੌਲ ਕੱਢਕੇ ਪੁਲਿਸ ਪਾਰਟੀ ਤੇ ਗੋਲੀ ਚਲਾ ਦਿੱਤੀ ਜੋ ਏਐਸਆਈ ਸੁਖਪ੍ਰੀਤ ਸਿੰਘ ਦੇ ਪੈਰ ਤੇ ਜਾ ਲੱਗੀ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਦੇ ਰੁੱਝ ਜਾਣ ਦਾ ਲਾਹਾ ਲੈਂਦਿਆਂ ਬਦਮਾਸ਼ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਹੋ ਗਏ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਬਦਮਾਸ਼ਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਅਤੇ ਅੱਧੀ ਰਾਤ ਨੂੰ ਸੀਆਈਏ ਦੇ ਥਾਣੇਦਾਰ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਬਦਮਾਸ਼ਾਂ ਨੂੰ ਘੇਰ ਲਿਆ। ਐਸਐਸਪੀ ਨੇ ਦੱਸਿਆ ਕਿ ਇੰਨ੍ਹਾਂ ਲੁਟੇਰਿਆਂ ਨੂੰ ਕਾਬੂ ਕਰਨ ਦੀ ਕਸ਼ਿਸ਼ ਦੌਰਾਨ ਉਨ੍ਹਾਂ ਨੇ ਪੁਲਿਸ ਪਾਰਟੀ ਤੇ ਗੋਲੀਆਂ ਚਲਾ ਦਿੱਤੀਆਂ। ਇਸ ਮੌਕੇ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਜਿਸ ਵਿੱਚ ਦੋ ਜਣੇ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਐਸਐਸਪੀ ਨੇ ਦੱਸਿਆ ਕਿ ਮੁਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਅਮਰਜੀਤ ਤੇ ਰਾਜੀਵ ਨੇ ਠੇਕੇ ਨੂੰ ਲੁੱਟਿਆ ਅਤੇ ਦੋਵਾਂ ਥਾਵਾਂ ’ਤੇ ਪੁਲਿਸ ਪਾਰਟੀ ’ਤੇ ਅਮਰਜੀਤ ਨੇ ਗੋਲੀਆਂ ਚਲਾਈਆਂ ਸਨ। ਉਨ੍ਹਾਂ ਦਸਿਆ ਕਿ ਅਮਰਜੀਤ ਤੇ ਪਹਿਲਾਂ ਵੀ ਲੁੱਟ-ਖੋਹ ਦੇ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।
Total Responses : 567