ਬਠਿੰਡਾ ਅਤੇ ਬਰਨਾਲਾ ਰੋਸ ਮਾਰਚ ਦੀ ਤਿਆਰੀ ਲਈ ਪਿੰਡ ਜਿਉਂਦ ਵਿਖੇ ਕੀਤੀ ਲਾਮਬੰਦੀ ਮੀਟਿੰਗ
ਅਸ਼ੋਕ ਵਰਮਾ
ਰਾਮਪੁਰਾ, 1 ਮਾਰਚ 2026: ਕਿਸਾਨ , ਮਜ਼ਦੂਰ , ਮੁਲਾਜ਼ਮ, ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ 6 ਮਾਰਚ ਨੂੰ ਬਠਿੰਡਾ ਮੁਜਾਹਰੇ ਅਤੇ ਐਸ ਕੇ ਐਂਮ ਜੇ ਸੱਦੇ ਤਹਿਤ 10 ਮਾਰਚ ਨੂੰ ਬਰਨਾਲਾ ਰੈਲੀ ਦੀ ਤਿਆਰੀ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਪਿੰਡ ਜਿਉਂਦ ਵਿਖੇ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼ਿੰਗਾਰਾ ਸਿੰਘ ਮਾਨ ਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਨੀਤੀਆਂ ਤੇ ਚੱਲਦਿਆਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਲਿਖਣ ਬੋਲਣ ਦੀ ਆਜ਼ਾਦੀ ਤੇ ਪਾਬੰਦੀਆਂ ਲਾ ਰਹੀ ਹੈ ਅਤੇ ਉਹਨਾਂ ਖਿਲਾਫ ਝੂਠੇ ਪੁਲਿਸ ਕੇਸ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਅਤੇ ਧਰਨੇ ਮੁਜਾਹਰੇ ਕਰਨ ਤੇ ਪਾਬੰਦੀਆਂ ਮੜ ਰਹੀ ਹੈ ਜਿਸ ਦੀ ਮਿਸਾਲ 18 ਫਰਵਰੀ ਨੂੰ ਪਿੰਡ ਜਿਉਂਦ ਦੀ ਸੱਥ ਵਿੱਚ ਬੈਠੇ ਕਿਸਾਨਾਂ 'ਤੇ ਜਬਰ ਕਰਨ ਤੋਂ ਮਿਲਦੀ ਹੈ।
ਉਹਨਾਂ ਕਿਹਾ ਕਿ ਧਰਨੇ ਮੁਜ਼ਾਹਰਿਆਂ ਦਾ ਜਮਹੂਰੀ ਹੱਕ ਬਹਾਲ ਕਰਾਉਣ ਲਈ ਅਤੇ 18 ਫਰਵਰੀ ਨੂੰ ਬਠਿੰਡਾ ਦੇ ਐਸਐਸਪੀ ਜੋਤੀ ਯਾਦਵ ਅਤੇ ਹੋਰ ਪੁਲਿਸ ਅਧਿਕਾਰੀਆਂ ਵੱਲੋਂ ਪਿੰਡ ਜਿਉਂਦ ਵਿਖੇ ਅੱਥਰੂ ਗੈਸ ਦੇ ਗੋਲੇ ਸੁੱਟ ਕੇ, ਲਾਠੀ ਚਾਰਜ ਕਰਕੇ ਇੱਕ ਕਿਸਾਨ ਨੂੰ ਅਗਵਾਹ ਕਰਕੇ ਉਸ ਦੀ ਲੱਤ ਤੋੜਨ ਅਤੇ ਇੱਕ ਨੌਜਵਾਨ ਦਾ ਅਥਰੂ ਗੈਸ ਨਾਲ ਹੱਥ ਪਾੜਨ ਵਾਲੇ ਦੋਸ਼ੀ ਅਧਿਕਾਰੀਆਂ ਖਿਲਾਫ ਕਾਰਵਾਈ ਕਰਾਉਣ ਲਈ ਬਠਿੰਡਾ ਵਿੱਚ ਪੰਜਾਬ ਦੀਆਂ ਕਿਸਾਨ, ਮਜ਼ਦੂਰ, ਮੁਲਾਜ਼ਮ, ਨੇਕਾ ਮੁਲਾਜ਼ਮ, ਵਿਦਿਆਰਥੀ, ਨੌਜਵਾਨ ਅਤੇ ਹੋਰ ਜਨਤਕ ਜਥੇਬੰਦੀਆਂ ਵੱਲੋਂ 6 ਮਾਰਚ ਨੂੰ ਮੁਜ਼ਾਹਰਾ ਕੀਤਾ ਜਾਵੇਗਾ। ਇਸ ਸਬੰਧੀ ਉਹਨਾਂ ਸਮੂਹ ਇਨਸਾਫ ਪਸੰਦ ਲੋਕਾਂ ਨੂੰ ਅਪੀਲ ਕੀਤੀ ਕਿ ਮੁਜਾਹਰੇ ਵਿੱਚ ਵੱਧ ਤੋਂ ਵੱਧ ਸਮੂਲੀਅਤ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ 10 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਾਣੀਆਂ ਦੇ ਮਸਲੇ, ਐਮਐਸਪੀ ਦੀ ਕਾਨੂੰਨੀ ਗਾਰੰਟੀ, ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਆਫੀ, ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਗੁਜਾਰੇ ਜੋਗੀ ਪੈਨਸ਼ਨ ਅਤੇ ਹੋਰ ਮੰਗਾਂ ਲਈ ਬਰਨਾਲਾ ਵਿਖੇ ਰੈਲੀ ਕੀਤੀ ਜਾਵੇਗੀ। ਉਹਨਾਂ ਇਸ ਰੈਲੀ ਵਿੱਚ ਵੀ ਸਮੂਹ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ। ਅੱਜ ਜਿਲਾ ਕਮੇਟੀ ਵੱਲੋਂ ਸਮੂਹ ਲੋਕਾਂ ਨੂੰ ਇੱਕ ਹੋਰ ਅਪੀਲ ਕੀਤੀ ਗਈ ਕਿ ਜੋ ਜ਼ਿਲਾ ਬਠਿੰਡਾ ਪ੍ਰਸ਼ਾਸਨ ਵੱਲੋਂ 18 ਫਰਵਰੀ ਨੂੰ ਕਿਸਾਨਾਂ ਤੇ ਜਬਰ ਢਾਹ ਕੇ ਉਹਨਾਂ ਦੀਆਂ ਲੱਤਾਂ ਬਾਹਾਂ ਤੋੜੀਆਂ ਹਨ ਤੇ ਹੋਰ ਸਮਾਨ ਨੁਕਸਾਨ ਪਹੁੰਚਾਇਆ ਹੈ, ਉਹਨਾਂ ਕਿਸਾਨਾਂ ਦੇ ਇਲਾਜ ਅਤੇ ਸਮਾਨ ਦੀ ਪੂਰਤੀ ਲਈ ਸਹਾਇਤਾ ਕੀਤੀ ਜਾਵੇ। ਔਰਤ ਜਥੇਬੰਦੀ ਦੀ ਜਿਲਾ ਪ੍ਰਧਾਨ ਹਰਿੰਦਰ ਬਿੰਦੂ ਨੇ ਸਮੂਹ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਜਥੇਬੰਦੀ ਵੱਲੋਂ ਉਲੀਕੇ ਗਏ ਪ੍ਰੋਗਰਾਮਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ। ਅੱਜ ਦੀ ਮੀਟਿੰਗ ਵਿੱਚ ਜਸਵੀਰ ਸਿੰਘ ਬੁਰਜ ਸੇਮਾ,ਜਗਦੇਵ ਸਿੰਘ ਜੋਗੇਵਾਲਾ, ਨਛੱਤਰ ਸਿੰਘ ਢੱਡੇ, ਜਗਸੀਰ ਸਿੰਘ ਝੁੰਬਾ ਸਮੇਤ ਸਾਰੀਆਂ ਬਲਾਕ ਅਤੇ ਪਿੰਡ ਕਮੇਟੀਆਂ ਸ਼ਾਮਿਲ ਸਨ।
Click to Follow Babushahi Facebook page →