ਬਠਿੰਡਾ: ਕੈਦੀਆਂ ਲਈ ਚੱਲ ਰਹੀ ਸਕਿੱਲ ਸਿਖਲਾਈ ਦਾ ਲਿਆ ਜਾਇਜ਼ਾ
ਅਸ਼ੋਕ ਵਰਮਾ
ਬਠਿੰਡਾ, 31 ਜਨਵਰੀ 2025: ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਦੇ ਯਤਨਾਂ ਤੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ ਰੁਪਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੀ ਸੰਕਲਪ ਸਕੀਮ ਅਧੀਨ ਜਨਾਨਾ ਜੇਲ੍ਹ ਅਤੇ ਸੈਂਟਰਲ ਜੇਲ੍ਹ (ਮਰਦਾਂ) ਵਿੱਚ ਮੌਜੂਦ ਕੈਦੀਆਂ ਦੇ ਬਿਹਤਰ ਭਵਿੱਖ ਤੇ ਮੁੜ ਵਸੇਵਾ ਲਈ ਸੈਲਫ ਇੰਮਪੋਲਾਇਡ ਟੇਲਰ ਦੀ ਮੁਫ਼ਤ ਸਿਖਲਾਈ ਦਿੱਤੀ ਜਾ ਰਹੀ ਹੈ।
ਇਨ੍ਹਾਂ ਚੱਲ ਰਹੀਆਂ ਟ੍ਰੇਨਿੰਗਾਂ ਨੂੰ ਮੋਨੀਟਰ ਕਰਨ ਦੇ ਉਦੇਸ਼ ਨਾਲ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੀ ਜ਼ਿਲ੍ਹਾ ਪ੍ਰੋਗਰਾਮ ਮੈਨੇਜਮੈਂਟ ਯੂਨਿਟ ਦੇ ਮੈਨੇਜਰ ਗਗਨ ਸ਼ਰਮਾ ਅਤੇ ਮੈਨੇਜਰ ਬਲਵੰਤ ਸਿੰਘ ਵਲੋਂ ਦੋਨਾਂ ਜੇਲਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਹ ਟ੍ਰੇਨਿੰਗਾਂ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਐਮਪਨੇਲਡ ਟ੍ਰੇਨਿੰਗ ਭਾਗੀਦਾਰ ਲੌਰਡ ਗਣੇਸ਼ਾ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ ਮੁਹਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਨਾਨਾ ਜੇਲ੍ਹ ਅਤੇ ਸੈਂਟਰਲ ਜੇਲ੍ਹ ਵਿੱਚ 60-60 ਕੈਦੀ ਸਿਖਲਾਈ ਪ੍ਰਾਪਤ ਕਰ ਰਹੇ ਹਨ।
ਮੈਨੇਜਰ ਗਗਨ ਸ਼ਰਮਾ ਨੇ ਕਿਹਾ ਕਿ ਟ੍ਰੇਨਿੰਗ ਲੈ ਰਹੇ ਕੈਦੀਆਂ ਨੂੰ ਸਿਖਲਾਈ ਦੇ ਨਾਲ-ਨਾਲ ਸਬੰਧਿਤ ਕਿਤਾਬਾਂ, ਵਰਦੀਆਂ ਆਦਿ ਵੀ ਮੁਹਈਆ ਕਰਵਾਏ ਗਏ ਹਨ।
ਇਸ ਮੌਕੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਟ੍ਰੇਨਿੰਗ ਭਾਗੀਦਾਰ ਲੌਰਡ ਗਨੇਸਾ ਇੰਸਟੀਟਿਊਟ ਆਫ ਮੈਨੇਜਮੈਂਟ ਟੈਕਨੋਲੋਜੀ ਦੇ ਨੁਮਾਇੰਦੇ ਸ੍ਰੀ ਗੁਰਿੰਦਰ ਸਿੰਘ ਆਦਿ ਹਾਜ਼ਰ ਸਨ।