ਪ੍ਰੋਫੈਸਰ ਬਲਜਿੰਦਰ ਕੌਰ ਵੱਲੋਂ ਤਲਵੰਡੀ ਸਾਬੋ ਹਲਕੇ ਦੇ ਸਕੂਲਾਂ ਵਿੱਚ ਵਿਕਾਸ ਕਾਰਜਾਂ ਦੇ ਉਦਘਾਟਨ
ਅਸ਼ੋਕ ਵਰਮਾ
ਰਤਨਗੜ੍ਹ ਕਣਕਵਾਲ (ਬਠਿੰਡਾ) 19 ਅਪ੍ਰੈਲ 2025 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਸਕੂਲਾਂ ਵਿੱਚ ਆਧੁਨਿਕ ਸਿੱਖਿਆ ਦੇਣ ਲਈ ਸਕੂਲਾਂ ਦੇ ਅਧਿਆਪਕਾਂ ਨੂੰ ਵਿਦੇਸ਼ਾਂ ਵਿੱਚ ਸਿਖਲਾਈ ਲਈ ਭੇਜ ਰਹੀ ਹੈ ਤਾਂ ਜੋ ਉਹ ਚੰਗੀ ਮੁਹਾਰਤ ਹਾਸਲ ਕਰਕੇ ਵਿਦਿਆਰਥੀਆਂ ਨੂੰ ਵਧੀਆਂ ਸਿੱਖਿਆ ਮੁਹੱਈਆ ਕਰਵਾ ਸਕਣ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਵਿਧਾਇਕ ਤਲਵੰਡੀ ਸਾਬੋ ਤੇ ਚੀਫ਼ ਵਿਪ ਪ੍ਰੋ ਬਲਜਿੰਦਰ ਕੌਰ ਨੇ ਜ਼ਿਲ੍ਹੇ ਦੇ ਪਿੰਡ ਰਤਨਗੜ੍ਹ ਕਣਕਵਾਲ ਵਿਖੇ ਸਰਕਾਰੀ ਮਿਡਲ ਸਕੂਲ ਵਿਖੇ ਸਿੱਖਿਆ ਕ੍ਰਾਂਤੀ ਦੇ ਮੱਦੇਨਜ਼ਰ ਕਰਵਾਏ ਗਏ ਸਮਾਗਮ ਦੌਰਾਨ ਸੰਬੋਧਨ ਕਰਦਿਆ ਕੀਤਾ।
ਇਸ ਮੌਕੇ ਪ੍ਰੋ ਬਲਜਿੰਦਰ ਕੌਰ ਨੇ ਕਿਹਾ ਕਿ "ਪੰਜਾਬ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ" ਮੁਹਿੰਮ ਤਹਿਤ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰਨ ਲਈ ਇਤਿਹਾਸਿਕ ਫੈਸਲੇ ਲੈਂਦਿਆਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਜਾ ਰਹੀ ਹੈ।
ਇਸ ਦੌਰਾਨ ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਵਿਸ਼ੇਸ਼ ਉਪਰਾਲੇ ਕਰ ਰਹੀ ਹੈ, ਜਿਸ ਦੇ ਅਧੀਨ ਨੌਜਵਾਨਾਂ ਲਈ ਪਿੰਡਾ/ਸ਼ਹਿਰਾਂ ਅੰਦਰ ਖੇਡ ਗਰਾਊਡ ਬਣਾਏ ਜਾ ਰਹੇ ਹਨ ਤਾਂ ਜੋ ਪੰਜਾਬ ਦੀ ਜਵਾਨੀ ਨਸ਼ੇ ਦੀ ਭੈੜੀ ਅਲਾਮਤ ਤੋਂ ਦੂਰ ਰਹਿ ਸਕੇ।
ਇਸ ਮੌਕੇ ਵਿਧਾਇਕ ਪ੍ਰੋ ਬਲਜਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਖਤ ਤੋਂ ਸਖਤ ਮਿਹਨਤ ਕਰਨ ਤਾਂ ਮਿੱਥੇ ਟੀਚੇ ਨੂੰ ਸਰ ਕਰ ਸਕਣ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰ ਸਕਣ।
ਇਸ ਮੌਕੇ ਉਹਨਾਂ ਜ਼ਿਲ੍ਹੇ ਦੇ ਪਿੰਡ ਸੰਗਤ ਖ਼ੁਰਦ, ਤਿਉਣਾ ਪੁਜਾਰੀਆਂ, ਗਿਆਨਾ ਅਤੇ ਜੋਗੇਵਾਲ ਵਿਖੇ ਸਰਕਾਰੀ ਸਕੂਲਾਂ ਚ ਮੁਕੰਮਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ।ਇਸ ਮੌਕੇ ਸਕੂਲ ਦਾ ਸਮੂਹ ਸਟਾਫ, ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਅਤੇ ਪਿੰਡ ਦੀ ਪੰਚਾਇਤ ਅਤੇ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਆਦਿ ਹਾਜ਼ਰ ਸਨ।