ਪਹਿਲਗਾਮ ’ਚ ਸੈਲਾਨੀਆਂ ’ਤੇ ਹੋਏ ਦਹਿਸ਼ਤੀ ਹਮਲੇ ਦੇ ਮੱਦੇਨਜ਼ਰ ਕੀਤਾ ਕੈਂਡਲ ਮਾਰਚ
ਅਸ਼ੋਕ ਵਰਮਾ
ਬਠਿੰਡਾ, 24 ਅਪ੍ਰੈਲ 202 : ਬੀਤੇ ਦਿਨੀਂ ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ ’ਤੇ ਹੋਏ ਦਹਿਸਤਗਰਦੀ ਹਮਲੇ ਦੇ ਮੱਦੇਨਜ਼ਰ ਸਥਾਨਕ ਉੜਾਂਗ ਸਿਨੇਮਾ ਤੋਂ ਅਨੁਪੁਰਨਾ ਮੰਦਰ ਤੱਕ ਸ਼ਹਿਰ ਵਾਸੀਆਂ ਵਲੋਂ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ਵਿਧਾਇਕ ਬਠਿੰਡਾ ਸ਼ਹਿਰੀ ਸ ਜਗਰੂਪ ਸਿੰਘ ਗਿੱਲ, ਨਗਰ ਨਿਗਮ ਦੇ ਮੇਅਰ ਸ਼੍ਰੀ ਪਦਮਜੀਤ ਮਹਿਤਾ, ਚੇਅਰਮੈਨ ਸ. ਜਤਿੰਦਰ ਭੱਲਾ, ਚੇਅਰਮੈਨ ਸ. ਨਵਦੀਪ ਜੀਦਾ, ਚੇਅਰਮੈਨ ਸ੍ਰੀ ਰਾਕੇਸ਼ ਪੁਰੀ, ਚੇਅਰਮੈਨ ਸ੍ਰੀ ਅੰਮ੍ਰਿਤਲਾਲ ਅਗਰਵਾਲ ਤੋਂ ਇਲਾਵਾ ਹੋਰ ਸਤਿਕਾਰਤ ਸਖਸ਼ੀਅਤਾਂ ਅਤੇ ਆਮ ਲੋਕ ਆਦਿ ਹਾਜ਼ਰ ਸਨ।
ਇਸ ਮੌਕੇ ਪਹੁੰਚੀਆਂ ਸਮੂਹ ਸਖਸ਼ੀਅਤਾਂ ਅਤੇ ਆਮ ਲੋਕਾਂ ਵਲੋਂ ਦਹਿਸਤਗਰਦਾਂ ਦੁਆਰਾ ਸੈਲਾਨੀਆਂ ‘ਤੇ ਕੀਤੇ ਗਏ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਿਆਂ ਕਰਦਿਆਂ ਕਿਹਾ ਕਿ ਹਮਲਾਵਰਾਂ ਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਹੋਰ ਦੇਸ਼ਾਂ ਦਾ ਹੱਥ ਹੈ ਤਾਂ ਉਨ੍ਹਾਂ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।ਇਸ ਦੌਰਾਨ ਉਨ੍ਹਾਂ ਨੇ ਰਾਸ਼ਟਰੀ ਅਖੰਡਤਾ ਲਈ ਖ਼ਤਰਾ ਪੈਦਾ ਕਰਨ ਵਾਲੀਆਂ ਤਾਕਤਾਂ ਵਿਰੁੱਧ ਡੱਟ ਕੇ, ਸ਼ਾਂਤੀ ਤੇ ਸੁਰੱਖਿਆ ਬਣਾਈ ਰੱਖਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਈ।