ਪਹਿਲਗਾਮ ਵਿੱਚ ਸੈਲਾਨੀਆਂ 'ਤੇ ਹੋਏ ਅੱਤਵਾਦੀ ਹਮਲੇ ਦੇ ਰੋਸ ਵਜੋਂ ਆਮ ਆਦਮੀ ਪਾਰਟੀ ਨੇ ਕੀਤਾ ਸ਼ਹਿਰ ਵਿੱਚ ਰੋਸ ਮਾਰਚ
- ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸ੍ਰੀ ਹਨੂਮਾਨ ਮੰਦਰ ਵਿਖੇ ਮੱਥਾ ਟੇਕ ਕੇ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਬੇਕਸੂਰਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ
ਰੋਹਿਤ ਗੁਪਤਾ
ਗੁਰਦਾਸਪੁਰ, 24 ਅਪ੍ਰੈਲ 2025 - ਬੀਤੇ ਦਿਨੀਂ ਕਸ਼ਮੀਰ ਦੇ ਪਹਿਲਗਾਮ ਵਿਚ ਨਿਰਦੋਸ਼ ਸੈਲਾਨੀਆਂ ਉੱਪਰ ਬੇਰਹਿਮੀ ਨਾਲ ਕੀਤੇ ਗਏ ਅੱਤਵਾਦੀ ਹਮਲੇ ਦੇ ਵਿਰੋਧ ਵਜੋਂ ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਸ੍ਰੀ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੀ ਅਗਵਾਈ ਹੇਠ ਅੱਜ ਗੁਰਦਾਸਪੁਰ ਸ਼ਹਿਰ ਵਿੱਚ ਇੱਕ ਵੱਡਾ ਰੋਸ ਮਾਰਚ ਕੀਤਾ ਗਿਆ। ਇਸ ਰੋਸ ਮਾਰਚ ਵਿੱਚ ਡੇਰਾ ਬਾਬਾ ਨਾਨਕ ਦੇ ਵਿਧਾਇਕ ਸ. ਗੁਰਦੀਪ ਸਿੰਘ ਰੰਧਾਵਾ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸ੍ਰੀ ਸ਼ਮਸ਼ੇਰ ਸਿੰਘ, ਪਨਸਪ ਦੇ ਚੇਅਰਮੈਨ ਸ੍ਰੀ ਬਲਬੀਰ ਸਿੰਘ ਪੰਨੂ, ਸ੍ਰੀ ਅਜੇ ਬਹਿਲ ਤੇ ਸ੍ਰੀ ਕਬੀਰ ਬਹਿਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਸ਼ਹਿਰ ਵਾਸੀ ਸ਼ਾਮਿਲ ਹੋਏ।
ਇਹ ਰੋਸ ਮਾਰਚ ਗੁਰਦਾਸਪੁਰ ਸ਼ਹਿਰ ਦੇ ਸੁੱਕਾ ਤਲਾਬ ਤੋਂ ਸ਼ੁਰੂ ਹੋ ਕੇ ਬਜ਼ਾਰਾਂ ਵਿਚੋਂ ਲੰਘਦਾ ਹੋਇਆ ਸ੍ਰੀ ਹਨੂਮਾਨ ਚੌਂਕ ਵਿਖੇ ਜਾ ਕੇ ਸਮਾਪਤ ਹੋਇਆ। ਰੋਸ ਮਾਰਚ ਦੌਰਾਨ ਅੱਤਵਾਦ ਮੁਰਦਾਬਾਦ ਦੇ ਨਾਅਰੇ ਲਗਾ ਕੇ ਇਸ ਅਣਮਨੁੱਖੀ ਕਾਰੇ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਇਸ ਮੌਕੇ ਸ੍ਰੀ ਸ਼ੈਰੀ ਕਲਸੀ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸ੍ਰੀ ਹਨੂਮਾਨ ਮੰਦਰ ਵਿਖੇ ਮੱਥਾ ਟੇਕਿਆ ਅਤੇ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਬੇਕਸੂਰਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਬਟਾਲਾ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਸ੍ਰੀ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਹ ਘੱਟ ਹੈ। ਉਨ੍ਹਾਂ ਕਿਹਾ ਕਿ ਇਹ ਕਾਇਰਤਾਪੂਰਨ ਅੱਤਵਾਦੀ ਹਮਲਾ ਬਹੁਤ ਹੀ ਸ਼ਰਮਨਾਕ ਹੈ ਅਤੇ ਅੱਤਵਾਦ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਉਂਦਿਆਂ ਸ੍ਰੀ ਸ਼ੈਰੀ ਕਲਸੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਸ ਦੁੱਖ ਦੀ ਘੜੀ ਵਿੱਚ ਪੀੜ੍ਹਤ ਪਰਿਵਾਰਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਅਜਿਹੇ ਅੱਤਵਾਦੀ ਹਮਲਿਆਂ ਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਦੁਸ਼ਮਣ ਅਜਿਹਾ ਦੁਰ-ਸਾਹਸ ਕਰਨ ਬਾਰੇ ਕਦੇ ਸੋਚੇ ਵੀ ਨਾ। ਉਨ੍ਹਾਂ ਕਿਹਾ ਕਿ ਪਹਿਲਗਾਮ 'ਚ ਜਿਸ ਥਾਂ ਅੱਤਵਾਦੀ ਹਮਲਾ ਹੋਇਆ ਓਥੇ ਕੋਈ ਸੁਰੱਖਿਆ ਦਸਤਾ ਮੌਜੂਦ ਨਾ ਹੋਣਾ, ਇਹ ਸੁਰੱਖਿਆ ਪ੍ਰਬੰਧਾਂ ਵਿੱਚ ਹੋਈ ਕੁਤਾਹੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਦੇਸ਼ ਦੀਆਂ ਸਰਹੱਦਾਂ ਦੀ ਅਤੇ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ ਤਾਂ ਜੋ ਅੱਤਵਾਦ ਦੀਆਂ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ।
ਇਸ ਮੌਕੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਸ. ਗੁਰਦੀਪ ਸਿੰਘ ਰੰਧਾਵਾ ਨੇ ਵੀ ਪਹਿਲਗਾਮ ਅੱਤਵਾਦੀ ਹਮਲੇ ਦੀ ਜ਼ੋਰਦਾਰ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਸ ਅੱਤਵਾਦੀ ਹਮਲੇ ਖ਼ਿਲਾਫ਼ ਪੂਰੇ ਦੇਸ਼ ਵਿੱਚ ਗ਼ੁੱਸਾ ਹੈ ਅਤੇ ਕੇਂਦਰ ਸਰਕਾਰ ਨੂੰ ਹਮਲੇ ਦੇ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਪੂਰਾ ਦੇਸ਼ ਪੀੜ੍ਹਤ ਪਰਿਵਾਰਾਂ ਦੇ ਨਾਲ ਹੈ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸ੍ਰੀ ਸ਼ਮਸ਼ੇਰ ਸਿੰਘ ਅਤੇ ਪਨਸਪ ਦੇ ਚੇਅਰਮੈਨ ਸ. ਬਲਬੀਰ ਸਿੰਘ ਪੰਨੂ ਨੇ ਵੀ ਇਸ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ। ਇਸ ਮੌਕੇ ਸੀਨੀਅਰ ਆਪ ਆਗੂ ਸ੍ਰੀ ਅਜੇ ਬਹਿਲ, ਕਬੀਰ ਬਹਿਲ, ਬਲਾਕ ਪ੍ਰਧਾਨ ਰਘੁਬੀਰ ਸਿੰਘ ਖ਼ਾਲਸਾ, ਬਲਾਕ ਪ੍ਰਧਾਨ ਹਿਤੇਸ਼ ਮਹਾਜਨ, ਵਪਾਰ ਮੰਡਲ ਪ੍ਰਧਾਨ ਅਸ਼ੋਕ ਮਹਾਜਨ, ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਸਾਬਕਾ ਚੇਅਰਮੈਨ ਨੀਰਜ ਸਲਹੋਤਰਾ, ਯੋਗੇਸ਼ ਸ਼ਰਮਾ, ਮੁਨੀਸ਼ ਵਰਮਾ, ਸਿਮਰਨਜੀਤ ਸਿੰਘ, ਦਪਿੰਦਰ ਸਿੰਘ ਰੌਬਿਨ. ਰੁਪੇਸ਼ ਬਿੱਟੂ, ਰਿਸ਼ੀ ਕਾਂਤ ਅਤੇ ਜ਼ਿਲ੍ਹਾ ਦਫ਼ਤਰ ਇੰਚਾਰਜ ਜਗਜੀਤ ਸਿੰਘ ਪਿੰਟਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਸ਼ਾਮਿਲ ਸਨ।