ਨਵੀਆਂ ਚੁਣੀਆਂ ਗਈਆਂ ਗ੍ਰਾਮ ਪੰਚਾਇਤਾਂ ਦਾ ਸਿਖਲਾਈ ਕੈਂਪ ਲਗਾਇਆ
ਰੋਹਿਤ ਗੁਪਤਾ
ਦੀਨਾ ਨਗਰ , 31ਜਨਵਰੀ 2025 : ਪੰਜਾਬ ਸਰਕਾਰ ਵੱਲੋਂ ਨਵੀਆਂ ਚੁਣੀਆਂ ਗ੍ਰਾਮ ਪੰਚਾਇਤਾਂ ਨੂੰ ਸਿਖਲਾਈ ਦੇਣ ਦੇ ਮਕਸਦ ਨਾਲ ਪ੍ਰਦੇਸ਼ਿਕ ਦਿਹਾਤੀ ਵਿਕਾਸ ਅਤੇ ਪੰਚਾਇਤੀ ਰਾਜ ਸੰਸਥਾ ਮੁਹਾਲੀ ਪੰਜਾਬ ਵੱਲੋਂ ਬੀਡੀਪੀਓ ਦਫਤਰ ਦੀਨਾ ਨਗਰ ਵਿਖੇ ਦੀਨਾਨਗਰ ਬਲਾਕ ਅਧੀਨ ਆਉਂਦੀਆਂ ਨਵੀਆਂ ਚੁਣੀਆਂ ਗ੍ਰਾਮ ਪੰਚਾਇਤਾਂ ਦਾ ਸਿਖਲਾਈ ਕੈਂਪ ਲਗਾਇਆ ਗਿਆ। 9 ਦਸੰਬਰ ਤੋਂ ਸ਼ੁਰੂ ਹੋਇਆ ਇਹ ਸਿਖਲਾਈ ਕੈਂਪ ਬੀਡੀਪੀਓ ਸ਼੍ਰੀਮਤੀ ਸ਼ੁਕਲਾ ਦੇਵੀ ਦੀ ਯੋਗ ਅਗਵਾਈ ਅੱਜ 29 ਜਨਵਰੀ ਤੱਕ ਚਲਿਆ। ਇਸ ਕੈਂਪ ਵਿੱਚ ਪੰਚਾਇਤੀ ਰਾਜ ਵਿਭਾਗ ਤੋਂ ਕੁਆਰਡੀਨੇਟਰ ਦੇ ਤੌਰ ਤੇ ਸ੍ਰੀ ਅਪਰਾਜਿਤ ਸ਼ਰਮਾ ਨੇ ਭੂਮਿਕਾ ਨਿਭਾਈ।
ਇਸ ਕੈਂਪ ਵਿੱਚ ਹਾਜ਼ਰ ਨਵੇਂ ਚੁਣੇ ਸਰਪੰਚਾਂ ਪੰਚਾਂ ਨੂੰ ਸਿਖਲਾਈ ਦੇਣ ਲਈ ਉਚੇਚੇ ਤੌਰ ਤੇ ਸਿਹਤ ਮਹਿਕਮੇ ਤੋਂ ਪਹੁੰਚੇ ਡਾਕਟਰ ਇੰਦਰਜੀਤ ਸਿੰਘ ਰਾਣਾ ਨੇ ਕਿਹਾ ਕਿ ਸਿਹਤ, ਸਿੱਖਿਆ ਅਤੇ ਪਾਣੀ ਮਨੁੱਖ ਦੀਆਂ ਮੁਢਲੀਆਂ ਜਰੂਰਤਾਂ ਹਨ। ਸਰਕਾਰ ਨੇ ਸਿਹਤ ਮਹਿਕਮੇ ਦੇ ਰਾਹੀਂ ਬੱਚੇ ਦੇ ਪੈਦਾ ਹੋਣ ਤੋਂ ਪਹਿਲਾਂ ਤੋਂ ਲੈ ਕੇ ਉਹਦੇ ਪੂਰੇ ਜੀਵਨ ਕਾਲ ਵਿੱਚ ਰੋਕਥਾਮ ਅਤੇ ਬਿਮਾਰੀ ਦੇ ਰੂਪ ਵਿੱਚ ਆਣ ਵਾਲੀਆਂ ਸਮੱਸਿਆਵਾਂ ਨੂੰ ਨਜਿੱਠਣ ਲਈ ਵੱਖ-ਵੱਖ ਰੂਪ ਵਿੱਚ ਬਹੁਤ ਸਾਰੀਆਂ ਸਿਹਤ ਸਕੀਮਾਂ ਦੀ ਸਿਰਜਣਾ ਕੀਤੀ ਹੋਈ ਹੈ। ਬਸ ਲੋੜ ਹੈ ਆਮ ਲੋਕਾਂ ਤੱਕ ਇਹਨਾਂ ਦੀ ਜਾਣਕਾਰੀ ਨੂੰ ਪਹੁੰਚਾਉਣ ਦੀ।
ਪ੍ਰੋਗਰਾਮ ਇੰਦਰ ਧਨੁਸ਼, ਜਨਨੀ ਸਿੰਸੂ ਸੁਰਕਸ਼ਾ ਯੋਜਨਾ, ਜਨਨੀ ਸੁਰਕਸ਼ਾ ਯੋਜਨਾ, ਰਾਸ਼ਟਰੀ ਬਾਲ ਸਵਾਸਥ ਕਾਰਿਆਂਕ੍ਰਮ, ਰਾਸ਼ਟਰੀ ਕਿਸ਼ੋਰ ਸਵਸਥ ਕਾਰਿਆਕ੍ਰਮ, ਆਯੂਸ਼ਮਾਨ ਭਾਰਤ ਰਾਹੀਂ 5 ਲੱਖ ਤੱਕ ਦਾ ਮੁਫਤ ਇਲਾਜ, ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ, ਨਸ਼ਾ ਛਡਾਓ ਕੇਂਦਰ, ਤੰਬਾਕੂ ਦੀ ਰੋਕਥਾਮ ਲਈ ਪਰਿਆਸ, ਆਮ ਆਦਮੀ ਕਲੀਨਿਕ ਤੋਂ ਇਲਾਵਾ ਤਪੈਦਿਕ ਦੀ ਬਿਮਾਰੀ ਨੂੰ ਮੁੱਢ ਤੋਂ ਖਤਮ ਕਰਨ ਲਈ 100 ਰੋਜਾ ਮੁਹਿਮ ਜਿਸ ਵਿੱਚ ਕਿ ਆਮ ਲੋਕਾਂ ਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਕਿਉਂਕਿ ਲੋਕਾਂ ਦੀ ਭਾਗੀਦਾਰੀ ਹੀ ਇਸ ਮੁਹਿੰਮ ਨੂੰ ਕਾਮਯਾਬ ਬਣਾਏਗੀ, ਫਰਿਸ਼ਤੇ ਸਕੀਮ ਆਦਿ। ਬਿਮਾਰੀ ਨੂੰ ਜੜ ਤੋਂ ਖਤਮ ਕਰਨ ਲਈ ਵੀ ਐਲੋਪੈਥੀ ਦੇ ਨਾਲ ਨਾਲ ਆਯੂਸ਼ ਦੀਆਂ ਹੋਮਿਓਪੈਥੀ ਤੇ ਆਯੂਰਵੈਦਿਕ ਚਿਕਿਤਸਾ ਪ੍ਰਣਾਲੀ ਦੀਆਂ ਸੁਵਿਧਾਵਾਂ ਵੀ ਇੱਕ ਹੀ ਛੱਤ ਦੇ ਥੱਲੇ ਮੁਹਈਆ ਕਰਾਈਆਂ ਹੋਈਆਂ ਹਨ।
ਡਾਕਟਰ ਰਾਣਾ ਨੇ ਅੱਗੇ ਕਿਹਾ ਕਿ ਕਿਸੇ ਵੀ ਪਿੰਡ ਦੀ ਪੰਚਾਇਤ ਅਤੇ ਲੋਕਾਂ ਦੁਆਰਾ ਚੁਣੇ ਗਏ ਉਸਦੇ ਪੰਚ ਸਰਪੰਚ ਉਸ ਪਿੰਡ ਦੀ ਅਗਵਾਈ ਕਰਦੇ ਹਨ। ਇਸ ਲਈ ਇਹ ਚੁਣੇ ਗਏ ਮੈਂਬਰ ਪਿੰਡ ਦੇ ਲੋਕਾਂ ਅਤੇ ਸਰਕਾਰ ਦੇ ਵਿਚਕਾਰ ਇੱਕ ਕੜੀ ਦਾ ਕੰਮ ਕਰਦੇ ਹਨ ਜੇਕਰ ਇਹਨਾਂ ਨੂੰ ਸਰਕਾਰ ਵੱਲੋਂ ਚਲਾਈਆਂ ਗਈਆਂ ਸਕੀਮਾਂ ਦੀ ਸਹੀ ਜਾਣਕਾਰੀ ਹੋਵੇਗੀ ਤਾਂ ਹੀ ਇਹਨਾਂ ਸਕੀਮਾਂ ਦਾ ਲਾਭ ਲੋਕਾਂ ਨੂੰ ਪੂਰੀ ਤਰ੍ਹਾਂ ਮਿਲ ਸਕੇਗਾ ਅਤੇ ਉਹ ਪਿੰਡ ਤਰੱਕੀ ਦੀ ਰਾਹ ਤੇ ਤੁਰ ਪਏਗਾ ਅਤੇ ਇਸ ਤਰ੍ਹਾਂ ਪੂਰਾ ਹੀ ਸੂਬਾ ਇੱਕ ਵਿਕਸਿਤ ਰਾਜ ਦੇ ਰੂਪ ਵਿੱਚ ਸਾਡੇ ਸਾਹਮਣੇ ਹੋਵੇਗਾ।
ਇਸੇ ਕੈਂਪ ਵਿੱਚ ਪੰਚਾਇਤੀ ਰਾਜ ਵਿਭਾਗ ਤੋਂ ਅਪਰਾਧ ਸ਼ਰਮਾ ਅਤੇ ਕਰਮਜੀਤ ਸਿੰਘ ਨੇ ਪੰਚਾਇਤਾਂ ਦੇ ਅਧਿਕਾਰ, ਫਰਜ, ਪੰਚਾਇਤਾਂ ਦੀਆਂ ਜਿੰਮੇਵਾਰੀਆਂ, ਵਿਕਾਸ ਕਾਰਜਾਂ ਵਿੱਚ ਪੰਚਾਇਤਾਂ ਦਾ ਯੋਗਦਾਨ ਆਦਿ ਬਾਰੇ ਦੱਸਿਆ।
ਇਸ ਮੌਕੇ ਤੇ ਸਿੱਖਿਆ ਵਿਭਾਗ ਤੋਂ ਮਾਸਟਰ ਪਵਨ ਕੁਮਾਰ ਸੀਡੀਪੀਓ ਵਿਭਾਗ ਤੋਂ ਸੁਪਰਡੈਂਟ ਮਨਜੀਤ ਕੌਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤੋਂ ਆਸ਼ਾ ਰਾਣੀ ਆਦਿ ਨੇ ਇਸ ਸਿਖਲਾਈ ਕੈਂਪ ਨੂੰ ਕਾਮਯਾਬ ਕਰਨ ਦੇ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ।