← ਪਿਛੇ ਪਰਤੋ
ਨਕਾਬਪੋਸ਼ ਲੁਟੇਰਿਆਂ ਵੱਲੋਂ ਦਿਨ ਦਿਹਾੜੇ ਲੁੱਟ ਖੋਹ ਦੀ ਵਾਰਦਾਤ
ਸਾਈਕਲ ਸਵਾਰ ਤੋਂ ਨਗਦੀ ਖੋਹੀ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 8 ਅਪ੍ਰੈਲ 2025:ਇੱਕ ਪਾਸੇ ਸਰਕਾਰ ਨਸ਼ਿਆਂ ਖ਼ਿਲਾਫ਼ ਵੱਡੀ ਪੱਧਰ ਤੇ ਨਕੇਲ ਪਾਉਣ ਦੇ ਦਾਅਵੇ ਕਰ ਰਹੀ ਹੈ ਦੂਜੇ ਪਾਸੇ ਨਸ਼ੇੜੀਆਂ ਵੱਲੋਂ ਬੇਖੋਫ਼ ਦਿਨਦਿਹਾੜੇ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਤਾਜ਼ੀ ਲੁੱਟ ਦੀ ਘਟਨਾ ਸਾਹਮਣੇ ਆਈ ਹੈ ਜਿਥੇ ਰੋਪੜ ਨੇੜਲੇ ਪਿੰਡ ਟੱਪਰੀਆਂ-ਗਰੇਵਾਲ ਰੋਡ ਉਤੇ ਭਾਖੜਾ ਨਹਿਰ ਲਾਗੇ ਇੱਕ ਵਿਅਕਤੀ ਤੋਂ ਅਣਪਛਾਤੇ ਨਕਾਬਪੋਸ਼ ਲੁਟੇਰਿਆਂ ਵੱਲੋਂ ਨਗਦੀ ਖੋਹੇ ਜਾਣ ਦੀ ਖ਼ਬਰ ਹੈ। ਕੋਟਲਾ ਨਿਹੰਗ ਨਿਵਾਸੀ ਸੁਰਜੀਤ ਸਿੰਘ ਅਨੁਸਾਰ ਉਹ ਕੱਲ ਸਵੇਰੇ 6.30 ਵਜੇ ਦੇ ਕਰੀਬ ਨੇੜਲੇ ਪਿੰਡ ਗਰੇਵਾਲ ਤੋਂ ਵਾਪਸੀ ਸਮੇਂ ਜਿਵੇਂ ਹੀ ਭਾਖੜਾ ਨਹਿਰ ਤੋਂ ਹੇਠਾਂ ਉਤਰ ਰਿਹਾ ਸੀ ਤਾਂ ਅਣਪਛਾਤੇ ਮੋਟਰਸਾਈਕਲ ਸਵਾਰਾਂ ਨਕਾਬਪੋਸ਼ ਜਿਨ੍ਹਾਂ ਦੀ ਗਿਣਤੀ ਪੰਜ ਦੇ ਕਰੀਬ ਸੀ ਵੱਲੋਂ ਉਸ ਨੂੰ ਘੇਰ ਲਿਆ ਅਤੇ ਹੱਥੋਪਾਈ ਕਰਕੇ ਜ਼ਬਰਦਸਤੀ ਉਸ ਦੀ ਜੇਬ ਵਿੱਚੋਂ 1200 ਰੁਪਏ ਦੇ ਕਰੀਬ ਪੈਸੇ ਖੋਹ ਕੇ ਫ਼ਰਾਰ ਹੋ ਗਏ। ਵਰਨਣਯੋਗ ਹੈ ਕਿ ਪਿਛਲੇ ਸਾਲ ਜੂਨ ਮਹੀਨੇ ਵਿੱਚ ਇਸੇ ਖੇਤਰ ਵਿੱਚ ਗਰੇਵਾਲ ਨਿਵਾਸੀ ਨੌਜਵਾਨ ਨੂੰ ਰਾਤ ਵੇਲੇ ਘੇਰਕੇ ਲੁੱਟਿਆ ਗਿਆ ਸੀ। ਇਲਾਕੇ ਵਿੱਚ ਦਿਨ ਦਿਹਾੜੇ ਅਜਿਹੀਆਂ ਘਟਨਾਵਾਂ ਵਾਪਰਨ ਨਾਲ ਜਿਥੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ ਉਥੇ ਕਿਤੇ ਨਾ ਕਿਤੇ ਅਮਨ ਕਾਨੂੰਨ ਦੀ ਵਿਗੜਦੀ ਸਥਿਤੀ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਹਨ।
Total Responses : 0