ਟਰੱਕ ਤੇ ਮੋਟਰਸਾਈਕਲ ਦਾ ਨੰਬਰ ਲਗਾ ਕੇ ਲੱਖਾਂ ਦੀ ਮੱਕੀ ਲੈ ਕੇ ਟਰੱਕ ਮਾਲਕ ਹੋਇਆ ਫਰਾਰ
ਕੰਡਾ ਪਰਚੀਆਂ ਉੱਤੇ ਵੀ ਫਰਜ਼ੀ ਨਾਮ ਲਿਖ ਕੇ ਠੱਗੀ ਨੂੰ ਦਿੱਤਾ ਅੰਜਾਮ
ਰੋਹਿਤ ਗੁਪਤਾ
ਗੁਰਦਾਸਪੁਰ 4 ਦਸੰਬਰ
ਟਰੱਕ ਤੇ ਜਾਲੀ ਨੰਬਰ ਪਲੇਟ ਲਗਾ ਕੇ ਇੱਕ ਟੱਕ ਦਾ ਮਾਲਕ ਲੱਖਾਂ ਰੁਪਏ ਮੁੱਲ ਦੀਆਂ ਮੱਕੀ ਦੀਆਂ ਬੋਰੀਆਂ ਲੱਦ ਕੇ ਚਲਿਆ ਤੇ ਰਸਤੇ ਵਿੱਚ ਮਾਲ ਅਤੇ ਟਰੱਕ ਸਮੇਤ ਗਾਇਬ ਹੋ ਗਿਆ। ਹਾਲਾਂਕਿ ਮਾਲ ਦਾ ਮਾਲਕ ਉਸ ਦੇ ਨਾਲ ਆ ਰਿਹਾ ਸੀ ਪਰ ਰਸਤੇ ਵਿੱਚ ਟਰੱਕ ਦਾ ਮਾਲਕ ਆਪਣੀ ਮਾਂ ਦੇ ਬਿਮਾਰ ਹੋਣ ਦਾ ਬਹਾਨਾ ਲਾ ਕੇ ਉਸ ਨੂੰ ਚਕਮਾ ਦੇ ਕੇ ਉਤਾਰ ਗਿਆ। ਮਾਲ ਦਾ ਮਾਲਕ ਕਈ ਦਿਨਾਂ ਤੋਂ ਉਸਦੀ ਭਾਲ ਕਰ ਰਿਹਾ ਹੈ , ਗੁਰਦਾਸਪੁਰ ਦੇ ਪਿੰਡ ਵਿਖੇ ਉਸ ਦੇ ਘਰ ਦੇ ਚੱਕਰ ਵੀ ਲਗਾ ਰਿਹਾ ਹੈ ਪਰ ਉਸ ਦਾ ਕੋਈ ਪਤਾ ਨਹੀਂ ਲੱਗ ਰਿਹਾ। ਹਾਰ ਕੇ ਉਸਨੇ ਥਾਣਾ ਤਿਬੜ ਵਿਖੇ ਇਸਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।
ਮਾਲ ਦੇ ਮਾਲਕ ਅਨੁਸਾਰ ਗੁਰਦਾਸਪੁਰ ਦੇ ਪਿੰਡ ਅਲਾਵਲਪੁਰ ਦੇ ਰਹਿਣ ਵਾਲਾ ਟਰੱਕ ਮਾਲਕ ਟਰੱਕ ਉੱਪਰ ਜਾਲੀ ਨੰਬਰ ਪਲੇਟ ਲਾ ਕੇ ਜਿਲਾ ਅੰਮ੍ਰਿਤਸਰ ਦੇ ਰਈਆ ਤੋਂ ਭਰੀ ਲੱਖਾਂ ਦੀ ਮੱਕੀ ਸਮੇਤ ਗਾਇਬ ਹੋ ਗਿਆ ਹੈ। ਠੱਗੀ ਦਾ ਸ਼ਿਕਾਰ ਹੋਏ ਰਾਜੇਸ਼ ਕੁਮਾਰ ਪੁੱਤਰ ਤਰਸੇਮ ਰਾਜ ਨੇ ਦੱਸਿਆ ਕਿ ਬੀਤੀ 28 ਅਤੇ 29 ਨਵੰਬਰ ਨੂੰ ਉਹਨਾਂ ਨੇ ਰਈਆ ਜਿਲਾ ਤਰਨ ਤਾਰਨ ਤੋਂ ਇੱਕ ਕਿਸਾਨ ਇੰਦਰਜੀਤ ਸਿੰਘ ਪੁੱਤਰ ਪਰਸ਼ੋਤਮ ਸਿੰਘ ਦੇ ਘਰੋਂ ਲੱਖਾਂ ਰੁਪਏ ਦੀ ਮੱਕੀ 2 ਟਰੱਕਾਂ ਵਿੱਚ ਲੋਡ ਕਰਵਾਈ ਸੀ। ਜਿਨਾਂ ਵਿੱਚੋਂ ਇੱਕ ਟਰੱਕ ਹਰਮਨ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਅਲਾਵਲਪੁਰ ਥਾਣਾ ਤਿਬੜ ਦਾ ਸੀ ਰਜੇਸ਼ ਕੁਮਾਰ ਨੇ ਦੱਸਿਆ ਕਿ ਉਹ ਖੁਦ ਮਾਲ ਲੋਡ ਕਰਨ ਤੋਂ ਬਾਅਦ ਅੱਡਾ ਤਿੱਬੜ ਤੱਕ ਹਰਮਨ ਸਿੰਘ ਦੀ ਗੱਡੀ ਵਿੱਚ ਬੈਠ ਕੇ ਆਇਆ ਇਸ ਉਪਰੰਤ ਹਰਮਨ ਸਿੰਘ ਆਪਣੇ ਪਿੰਡ ਨੂੰ ਇਹ ਬਹਾਨਾ ਮਾਰ ਕੇ ਮੁੜ ਗਿਆ ਕਿ ਉਸ ਦੀ ਮਾਂ ਬਿਮਾਰ ਹੈ, ਇਸ ਲਈ ਉਹ ਆਪਣੀ ਹੀ ਦੂਸਰੀ ਗੱਡੀ ਉੱਤੇ ਬੈਠ ਕੇ ਸੁਜਾਨਪੁਰ ਨੂੰ ਰਵਾਨਾ ਹੋ ਗਏ।ਜਦੋਂ ਅਗਲੇ ਦਿਨ ਵੀ ਹਰਮਨ ਸਿੰਘ ਟਰੱਕ ਲੈ ਕੇ ਨਾ ਪਹੁੰਚਿਆ ਤਾਂ ਉਹਨਾਂ ਨੇ ਜਦੋਂ ਸੰਪਰਕ ਕੀਤਾ ਤਾਂ ਹਰਮਨ ਸਿੰਘ ਨੇ ਆਪਣਾ ਫੋਨ ਨੰਬਰ ਬੰਦ ਕਰ ਲਿਆ ਸੀ। ਉਹਨਾਂ ਨੇ ਦੱਸਿਆ ਕਿ ਉਹ ਖੁਦ ਹਰਮਨ ਸਿੰਘ ਦੇ ਪਿੰਡ ਅਲਾਵਲਪੁਰ ਪਹੁੰਚੇ ਜਿੱਥੇ ਉਸ ਦੀ ਪਤਨੀ ਅਤੇ ਬੱਚਿਆਂ ਨੇ ਕਿਹਾ ਕਿ ਸਾਨੂੰ ਹਰਮਨ ਸਿੰਘ ਬਾਰੇ ਕੋਈ ਇਲਮ ਨਹੀਂ ਹੈ। ਉਹਨਾਂ ਨੇ ਦੱਸਿਆ ਕਿ ਇਸ ਉਪਰੰਤ ਉਨਾਂ ਨੂੰ ਅਹਿਸਾਸ ਹੋਇਆ ਕਿ ਹਰਮਨ ਸਿੰਘ ਨੇ ਉਹਨਾਂ ਨਾਲ ਠੱਗੀ ਮਾਰੀ ਹੈ। ਜਦੋਂ ਉਹਨਾਂ ਨੇ ਸਮੁੱਚੇ ਘਟਨਾ ਕਰਮ ਦੀ ਜਾਂਚ ਕੀਤੀ ਤਾਂ ਜਿਸ ਗੱਡੀ ਉੱਤੇ ਹਰਮਨ ਸਿੰਘ ਨੇ ਮਾਲ ਲੱਦਿਆ ਸੀ ਉਸ ਦਾ ਨੰਬਰ ਉਸਦੇ ਅਸਲ ਨੰਬਰ ਨਾਲੋਂ ਵੱਖਰਾ ਸੀ ਉਸ ਦਾ ਅਸਲ ਨੰਬਰ ਪੀਬੀ 06 V 0832 ਹੈ ਪਰ ਉਸ ਵੱਲੋਂ ਜੋ ਟਰੱਕ ਉੱਪਰ ਨੰਬਰ ਲਗਾਇਆ ਗਿਆ ਸੀ ਉਹ ਪੀਬੀ06 ਆਰ 8992 ਦਰਜ ਪਾਇਆ ਗਿਆ। ਪੜਤਾਲ ਕਰਨ ਤੇ ਪਤਾ ਲੱਗਿਆ ਕਿ ਇਹ ਇੱਕ ਮੋਟਰਸਾਈਕਲ ਦਾ ਨੰਬਰ ਹੈ। ਪੀੜਤ ਨੇ ਦੱਸਿਆ ਕਿ ਹਰਮਨ ਵੱਲੋਂ ਜਿਸ ਧਰਮ ਕੰਡੇ ਉੱਤੋਂ ਇਸ ਮਾਲ ਦਾ ਵਜਨ ਕਰਵਾਇਆ ਗਿਆ ਸੀ ਉੱਥੇ ਵੀ ਹਰਮਨ ਸਿੰਘ ਦੀਆਂ ਹਰਕਤਾਂ ਸ਼ੱਕੀ ਜਾਪਦੀਆਂ ਸਨ ਜਿਸ ਵਿੱਚ ਉਸ ਨੇ ਕੰਡਾ ਪਰਚੀਆਂ ਉੱਪਰ ਆਪਣਾ ਨਾਮ ਹਰਮਨ ਸਿੰਘ ਦੀ ਬਜਾਏ ਜਤਿੰਦਰ ਸਿੰਘ ਲਿਖਿਆ ਹੋਇਆ ਹੈ। ਇਸ ਮੌਕੇ ਰਜੇਸ਼ ਕੁਮਾਰ ਵੱਲੋਂ 2 ਧਰਮ ਕੰਡਿਆ ਉੱਤੇ ਕਰਵਾਏ ਗਏ ਵਜਨ ਦੀ ਵੀਡੀਓ ਵੀ ਪੇਸ਼ ਕੀਤੀ ਜਿਸ ਵਿੱਚ ਹਰਮਨ ਸਿੰਘ ਆਪਣੇ ਇੱਕ ਸਾਥੀ ਨਾਲ ਨਜ਼ਰ ਆ ਰਿਹਾ ਹੈ।ਪੀੜਤ ਵਪਾਰੀ ਨੇ ਦੱਸਿਆ ਕਿ ਖਰੀਦੇ ਹੋਏ ਮਾਲ ਦੀ ਅਜੇ ਤੱਕ ਅਦਾਇਗੀ ਨਹੀਂ ਹੋਈ ਹੈ। ਉਹਨਾਂ ਨੇ ਕਿਹਾ ਕਿ ਇਹ ਮਾਲ ਕਠੂਹੇ (ਜੰਮੂ ਕਸ਼ਮੀਰ) ਵਿੱਚ ਖਾਲੀ ਕਰਨਾ ਸੀ ਪਰ ਹੁਣ ਹਰਮਨ ਸਿੰਘ ਦੇ ਲਾਪਤਾ ਹੋਣ ਤੋਂ ਬਾਅਦ ਜਿਹੜਾ ਮਾਲ ਉਹਨਾਂ ਨੇ ਇੰਦਰਜੀਤ ਸਿੰਘ ਕੋਲੋਂ ਖਰੀਦਿਆ ਸੀ ਉਸ ਦੀ ਪੇਮੈਂਟ ਲਈ ਇੰਦਰਜੀਤ ਸਿੰਘ ਵੱਲੋਂ ਉਹਨਾਂ ਨੂੰ ਬਾਰ-ਬਾਰ ਫੋਨ ਕਰਕੇ ਆਪਣੇ ਵੇਚੇ ਹੋਏ ਮਾਲ ਦੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ। ਪੀੜਤ ਧਿਰ ਵੱਲੋਂ ਇਸ ਮਾਮਲੇ ਦੀ ਲਿਖਤੀ ਸ਼ਿਕਾਇਤ ਥਾਣਾ ਤਿੱਬੜ ਵਿੱਚ ਦੇ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਉਹਨਾਂ ਨੂੰ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ।