ਟਰੈਫਿਕ ਸਮੱਸਿਆ ਦੇ ਸਥਾਈ ਹੱਲ ਲਈ ਰੇਹੜੀ ਤੇ ਮੀਟ ਮਛਲੀ ਮਾਰਕੀਟ ਬਣਾਈ ਜਾਏ ਸਹਿਰੋਂ ਬਾਹਰ - ਦਿਨੇਸ਼ ਠਾਕੁਰ ਮੁੰਨਾ
ਰੋਹਿਤ ਗੁਪਤਾ
ਗੁਰਦਾਸਪੁਰ 31 ਜਨਵਰੀ 2025 - ਸ਼ਹਿਰ ਦੀ ਟਰੈਫਿਕ ਸਮੱਸਿਆ ਦੇ ਸੁਚਾਰੂ ਹੱਲ ਲਈ ਪ੍ਰਸ਼ਾਸਨ ਵੱਲੋਂ ਬੀਤੇ ਦਿਨ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਤੋੜੇ ਗਏ ਸੀ ਅਤੇ ਉਹਨਾਂ ਦਾ ਸਮਾਨ ਵੀ ਚੁੱਕ ਕੇ ਨਗਰ ਕੌਂਸਲ ਕਰਮਰੀਆਂ ਦੀ ਟੀਮ ਲੈ ਗਈ ਸੀ ਜਿਸ ਤੋਂ ਬਾਅਦ ਦੁਕਾਨਦਾਰਾਂ ਵੱਲੋਂ ਰੋਸ਼ ਪ੍ਰਦਰਸ਼ਨ ਵੀ ਕੀਤਾ ਗਿਆ ਤੇ ਏਡੀਸੀ ਨੂੰ ਮਿਲਣ ਤੋਂ ਬਾਅਦ ਅਜਿਹੀ ਕਾਰਵਾਈ ਕਰਨ ਤੋਂ ਪਹਿਲਾਂ ਵਪਾਰ ਮੰਡਲ ਨੂੰ ਵਿਸ਼ਵਾਸ ਵਿੱਚ ਲੈਣ ਦਾ ਫੈਸਲਾ ਹੋਇਆ ਸੀ । ਉੱਥੇ ਹੀ ਰੇਹੜੀ ਫੜੀ ਯੂਨੀਅਨ ਦੇ ਪ੍ਰਧਾਨ ਦਿਨੇਸ਼ ਠਾਕੁਰ ਮੁੰਨਾ ਨੇ ਕਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਵੀ ਆਪਣੇ ਤੌਰ ਤੇ ਟਰੈਫਿਕ ਸਮੱਸਿਆ ਹੱਲ ਕਰਨ ਦੀਆਂ ਕੋਸ਼ਿਸ਼ਾਂ ਦੇ ਚਲਦੇ ਸਰਕਾਰੀ ਜਮੀਨਾਂ ਤੇ ਰੇਹੜੀ, ਫੜੀ,ਮਛਲੀ ਅਤੇ ਮਾਸ ਮਾਰਕੀਟ ਬਣਾ ਕਿ ਟਰੈਫਿਕ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ।
ਦਿਨੇਸ਼ ਠਾਕੁਰ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਬਹੁਤ ਪਹਿਲਾਂ ਹੀ ਤਤਕਾਲੀ ਡਿਪਟੀ ਕਮਿਸ਼ਨਰ ਅੱਗੇ ਇਹ ਮੰਗ ਰੱਖੀ ਗਈ ਸੀ ਕਿ ਨਵਾਂ ਬੱਸ ਸਟੈਂਡ ਬਣਨ ਤੋਂ ਬਾਅਦ ਬੇਕਾਰ ਪਏ ਪੁਰਾਣੇ ਬੱਸ ਸਟੈਂਡ ਵਿੱਚ ਰੇਹੜੀ ਅਤੇ ਫੜੀਆਂ ਲਗਵਾ ਦਿੱਤੀਆਂ ਜਾਣ ਅਤੇ ਮਛਲੀ ਮਾਰਕੀਟ ਅਤੇ ਮਾਸ ਮਾਰਕੀਟ ਵੀ ਬਣਾ ਦਿੱਤੀ ਜਾਵੇ ਤਾਂ ਸ਼ਹਿਰ ਦੀ ਬਹੁਤ ਸਾਰੀ ਟਰੈਫਿਕ ਡਾਈਵਰਟ ਹੋ ਕੇ ਉਧਰ ਚਲੀ ਜਾਵੇਗੀ ਅਤੇ ਸ਼ਹਿਰ ਦੀ ਟਰੈਫਿਕ ਸਮੱਸਿਆ ਕਾਫੀ ਹੱਦ ਤੱਕ ਹੱਲ ਹੋ ਜਾਵੇਗੀ। ਉਹਨਾਂ ਕਿਹਾ ਕਿ ਹੁਣ ਦਿਨੋ ਦਿਨ ਗੰਭੀਰ ਹੁੰਦੀ ਜਾ ਰਹੀ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਪ੍ਰਸ਼ਾਸਨ ਨੂੰ ਇਸ ਸਲਾਹ ਤੇ ਗੌਰ ਕਰਨਾ ਚਾਹੀਦਾ ਹੈ।