ਝਾਂਸੀ ਰਾਣੀ ਚੌਂਕ ਵਿੱਚ ਠਾਹ ਠਾਹ ਤੋਂ ਬਾਅਦ ਲੇਡੀ ਮੁਲਾਜ਼ਮ ਦੀ ਬਾਈਕ ਸਵਾਰ ਲੁਟੇਰਾ ਵਾਲੀ ਖੋਹ ਕੇ ਫਰਾਰ
ਦੀਪਕ ਜੈਨ
ਜਗਰਾਓ 13 ਮਾਰਚ 2025 - ਜਗਰਾਉਂ ਵਿੱਚ ਆਏ ਦਿਨ ਹੋਣ ਵਾਲੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਫਿਲਹਾਲ ਦੀ ਘੜੀ ਕੋਈ ਠੱਲ ਪੈਂਦੀ ਵਿਖਾਈ ਨਹੀਂ ਦੇ ਰਹੀ। ਅੱਜ ਹੋਈ ਇੱਕ ਤਾਜ਼ੀ ਘਟਨਾ ਦੌਰਾਨ ਇੱਕ ਬਾਈਕ ਸਵਾਰ ਲੁਟੇਰੇ ਵੱਲੋਂ ਹੋਮ ਗਾਰਡ ਮਹਿਲਾ ਮੁਲਾਜ਼ਮ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਬਾਈਕ ਸਵਾਰ ਮਹਿਲਾ ਮੁਲਾਜ਼ਮ ਦੀ ਵਾਲੀ ਕੰਨ ਵਿੱਚੋਂ ਖਿੱਚ ਕੇ ਫਰਾਰ ਹੋ ਗਿਆ। ਆਪਣੇ ਨਾਲ ਵਾਪਰੀ ਇਸ ਖੋਹ ਦੀ ਘਟਨਾ ਦੀ ਜਾਣਕਾਰੀ ਸਾਂਝੀ ਕਰਦਿਆਂ ਗੁਰਮੀਤ ਕੌਰ ਨੇ ਦੱਸਿਆ ਕਿ ਉਹ ਬੇਸਿਕ ਸਕੂਲ ਵਿੱਚ ਬਣੇ ਹੋਮ ਗਾਰਡ ਦਫਤਰ ਵਿਖੇ ਦਰਜਾ ਚਾਰ ਕਰਮਚਾਰੀ ਹੈ।
ਅੱਜ ਛੁੱਟੀ ਕਰਕੇ ਵਾਪਸ ਆਪਣੇ ਘਰ ਜਾਣ ਲਈ ਝਾਂਸੀ ਰਾਣੀ ਚੌਂਕ ਵੱਲ ਜਾ ਰਹੀ ਸੀ ਤਾਂ ਜਿਵੇਂ ਹੀ ਉਹ ਪੁੱਲ ਦੇ ਨੇੜੇ ਛੱਜਾ ਵਾਲ ਵਾਲੇ ਸੁਨਿਆਰੇ ਦੀ ਦੁਕਾਨ ਦੇ ਨੇੜੇ ਪਹੁੰਚੀ ਤਾਂ ਪਿੱਛੋਂ ਤੋਂ ਆ ਰਹੇ ਇੱਕ ਬਾਈਕ ਸਵਾਰ ਨੌਜਵਾਨ ਨੇ ਝਪੱਟਾ ਮਾਰ ਕੇ ਉਸਦੇ ਸੱਜੇ ਕੰਨ ਚੋਂ ਵਾਲੀ ਖਿੱਚ ਕੇ ਫਰਾਰ ਹੋ ਗਿਆ।
ਮਹਿਲਾ ਮੁਲਾਜ਼ਮ ਨੇ ਦੱਸਿਆ ਕਿ ਜਿਸ ਬਾਈਕ ਸਵਾਰ ਨੇ ਉਸ ਨਾਲ ਲੁੱਟ ਕੀਤੀ ਹੈ ਉਸ ਦੇ ਕਾਲੇ ਰੰਗ ਦੀ ਟੀਸ਼ਰਟ ਅਤੇ ਕਾਲੇ ਰੰਗ ਦਾ ਦੁਪੱਟਾ ਲਿਆ ਹੋਇਆ ਸੀ ਅਤੇ ਉਸ ਨੇ ਆਪਣੇ ਮੋਟਰਸਾਈਕਲ ਦੀ ਨੰਬਰ ਪਲੇਟ ਤੇ ਮਿੱਟੀ ਲਗਾਈ ਹੋਈ ਸੀ ਜਿਸ ਕਾਰਨ ਉਹ ਅੱਧਾ ਨੰਬਰ 3631 ਹੀ ਪੜ੍ਹ ਸਕੀ। ਉਹਨਾਂ ਨੇ ਦੱਸਿਆ ਕਿ ਆਪਣੇ ਨਾਲ ਵਾਪਰੀ ਇਸ ਘਟਨਾ ਦੀ ਜਾਣਕਾਰੀ ਉਹਨਾਂ ਨੇ ਆਪਣੇ ਸਾਥੀ ਹੋਮ ਗਾਰਡ ਮੁਲਾਜ਼ਮਾਂ ਨੂੰ ਦਿੱਤੀ ਜਿਸ ਤੋਂ ਬਾਅਦ ਸਲਾਮਤ ਖਾਨ ਅਤੇ ਦੋ ਹੋਰ ਮੁਲਾਜ਼ਮਾਂ ਨੂੰ ਨਾਲ ਲੈ ਕੇ ਵਾਪਰੀ ਇਸ ਘਟਨਾ ਦੀ ਸ਼ਿਕਾਇਤ ਦਰਜ ਕਰਾਉਣ ਲਈ ਥਾਣਾ ਸਿਟੀ ਜਗਰਾਉਂ ਵਿਖੇ ਪਹੁੰਚੀ ਹੈ।