ਚਾਰ ਮਹੀਨਿਆਂ ਤੋਂ ਟੁੱਟੀ ਨਾਲੀ ਕਾਰਨ ਲਗਾਤਾਰ ਵਾਪਰ ਰਹੇ ਹਾਦਸੇ
ਸਮੱਸਿਆ ਦਾ ਹੱਲ ਨਾ ਹੋਣ ਤੇ ਮੁਹੱਲਾ ਵਾਸੀਆਂ ਵੱਲੋਂ ਧਰਨਾ ਲਾਉਣ ਦੀ ਦਿੱਤੀ ਗਈ ਚੇਤਾਵਨੀ
ਰੋਹਿਤ ਗੁਪਤਾ
ਗੁਰਦਾਸਪੁਰ , 10 ਅਪ੍ਰੈਲ 2025 :
ਪਿਛਲੇ ਚਾਰ ਮਹੀਨਿਆਂ ਤੋਂ ਨਾਲੀ ਟੁੱਟੀ ਹੋਣ ਕਾਰਨ ਕਾਦੀਆਂ ਦੇ ਮੁਹੱਲਾ ਧਰਮਪੁਰਾ ਵਿਚ ਲਗਾਤਾਰ ਹਾਦਸੇ ਵਾਪਰ ਰਹੇ ਹਨ। ਮੁਹੱਲੇ ਦੇ ਐਮਸੀ ਅਤੇ ਨਗਰ ਕੌਂਸਲ ਦੇ ਪ੍ਰਧਾਨ ਨੂੰ ਇਸ ਦੀ ਜਾਣਕਾਰੀ ਦੇਣ ਦੇ ਬਾਵਜੂਦ ਵੀ ਕੋਈ ਹੱਲ ਨਹੀਂ ਹੋ ਰਿਹਾ।
ਜਾਣਕਾਰੀ ਦਿੰਦੇ ਹੋਏ ਮੁਹੱਲਾ ਧਰਮਪੁਰਾ ਦੇ ਵਾਸੀਆਂ ਨੇ ਦੱਸਿਆ ਕਿ ਕਰੀਬ ਚਾਰ ਮਹੀਨੇ ਹੋ ਗਏ ਹਨ ਇਸ ਨਾਲੀ ਦੇ ਉੱਤੇ ਬਣੀ ਪੁਲੀ ਟੁੱਟੀ ਹੋਈ ਹੈ ਜਿਸ ਨਾਲ ਨਾਲੀ ਦਾ ਪਾਣੀ ਗਲੀਆਂ ਦੇ ਵਿੱਚ ਆ ਰਿਹਾ ਹੈ। ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਹੈ ਅਤੇ ਇਸ ਖੜੇ ਪਾਣੀ ਕਾਰਨ ਮੱਛਰ ਇਕੱਠਾ ਹੋਣ ਕਾਰਨ ਇਹ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਇਹ ਰਸਤਾ ਗੁਰਦੁਆਰਾ ਸਾਹਿਬ ਅਤੇ ਨਜ਼ਦੀਕ ਪੈਂਦੇ ਸਕੂਲਾਂ ਨੂੰ ਜਾਂਦਾ ਹੈ ਜਿਸ ਨਾਲ ਕਈ ਵਾਰ ਇੱਥੇ ਬੱਚੇ ਡਿੱਗਣ ਕਾਰਨ ਜ਼ਖਮੀ ਹੋ ਗਏ ਹਨ। ਕਈ ਵਾਰ ਨਗਰ ਕੌਂਸਲ ਨੂੰ ਇਸ ਬਾਰੇ ਕੰਪਲੇਟਾਂ ਦਿੱਤੀਆਂ ਗਈਆਂ ਹਨ ਪਰ ਅਜੇ ਤੱਕ ਇਸ ਦਾ ਕੋਈ ਵੀ ਹੱਲ ਨਹੀਂ ਕੀਤਾ ਗਿਆ ਉਹਨਾਂ ਕਿਹਾ ਕਿ ਜੇਕਰ ਜਲਦ ਹੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਸਾਨੂੰ ਨਗਰ ਕੌਂਸਲ ਦਫਤਰ ਦੇ ਬਾਹਰ ਧਰਨਾ ਲਾਉਣ ਲਈ ਮਜਬੂਰ ਹੋਣਾ ਪਵੇਗਾ।