ਕੇਂਦਰੀ ਜੇਲ੍ਹ ਬਠਿੰਡਾ ਵਿਚ ਹਵਾਲਾਤੀ ਭਿੜੇ - ਜਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 31 ਜਨਵਰੀ 2025: ਬਠਿੰਡਾ ਦੀ ਉਚ ਸੁਰੱਖਿਆ ਵਾਲੀ ਕੇਂਦਰੀ ਜੇਲ੍ਹ ਬਠਿੰਡਾ ਵਿਚ ਲੜਾਈ ਝਗੜੇ ਦੇ ਕੇਸ ਵਿਚ ਬੰਦ ਛੇ ਲੋਕਾਂ 'ਤੇ ਜੇਲ੍ਹ ਵਿਚ ਹੀ ਬੰਦ ਦੂਸਰੇ ਗਰੁੱਪ ਨੇ
ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ । ਅੱਧੀ ਦਰਜਨ ਜ਼ਖਮੀਆਂ ਦਾ ਬਠਿੰਡਾ ਦੇ ਸ਼ਹੀਦ ਭਾਈ ਮਨੀ ਸਿਵਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਫਿਲਹਾਲ ਜ਼ੇਰੇ ਇਲਾਜ ਹਵਾਲਾਤੀਆਂ ਦੀ ਹਾਲਤ ਸਥਿਰ ਹੈ। ਬਠਿੰਡਾ ਦੇ ਕੈਦੀ ਵਾਰਡ ਵਿਚ ਦਾਖਲ ਹਵਾਲਾਤੀ ਪ੍ਰਗਟ ਸਿੰਘ ਅਤੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ ਅੱਜ ਦਵਾਈ ਲੈਣ ਲਈ ਜੇਲ੍ਹ ਅੰਦਰ ਬਣੇ ਕਲੀਨਿਕ 'ਤੇ ਗਏ ਸਨ। ਉਹਨਾਂ ਕਿਹਾ ਕਿ ਇਸ ਦੌਰਾਨ ਹੀ ਦੂਸਰੇ ਗਰੁੱਪ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਜਿਸ ਕਾਰਨ ਉਨ੍ਹਾਂ ਦੇ ਸੱਟਾਂ ਲੱਗੀਆਂ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ।
ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਗੁਰਮੇਲ ਨੇ ਕਿਹਾ ਕਿ ਉਨ੍ਹਾਂ ਕੋਲ ਛੇ ਹਵਾਲਾਤੀ ਲੜਾਈ ਝਗੜੇ ਦੇ ਕੇਸ ਵਿਚ ਆਏ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।ਇਸ ਸੰਬੰਧੀ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਹੈ। ਇਸ ਮਾਮਲੇ ਸਬੰਧੀ ਡੀ.ਐਸ.ਪੀ.ਸਿਟੀ 2 ਸਰਬਜੀਤ ਸਿੰਘ ਬਰਾੜ ਨੇ ਦੱਸਿਆ ਕਿ ਕੁਝ ਹਵਾਲਾਤੀ ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਉਨ੍ਹਾਂ ਦਾ ਆਪਸੀ ਤਕਰਾਰਬਾਜ਼ੀ ਕਾਰਨ ਝਗੜਾ ਹੋਣ ਕਾਰਨ ਇਨ੍ਹਾਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਜੇਲ੍ਹ ਵਲੋਂ ਜਿਵੇਂ ਹੀ ਲਿਖਤੀ ਸ਼ਿਕਾਇਤ ਮਿਲਦੀ ਹੈ, ਮੁਕੱਦਮਾ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।