ਕਾਰਗਿਲ ਸ਼ਹੀਦ ਦਾ ਯਾਦਗਾਰੀ ਗੇਟ ਬਣਾਉਣ ਦਾ ਕੰਮ ਪ੍ਰਸ਼ਾਸਨ ਨੇ ਰੋਕਿਆ
- ਥਾਂ ਨੂੰ ਲੈ ਕੇ ਸ਼ਹੀਦ ਦੀ ਪਤਨੀ ਅਤੇ ਪੰਚਾਇਤ ਵਿਭਾਗ ਚੱਲ ਰਿਹਾ ਸੀ ਵਿਵਾਦ,ਸ਼ਹੀਦ ਦੀ ਪਤਨੀ ਨੇ ਵੀਰ ਚੱਕਰ ਵਾਪਸ ਕਰਨ ਦਿੱਤੀ ਸੀ ਚੇਤਾਵਨੀ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 11 ਫਰਵਰੀ 2025 - ਗੁਰਦਾਸਪੁਰ ਦੇ ਪਿੰਡ ਛੀਨਾ ਬੇਟ ਵਿਖੇ ਬਨ ਰਹੇ ਕਾਰਗਿਲ ਸ਼ਹੀਦ ਨਿਰਮਲ ਸਿੰਘ ਦੇ ਸ਼ਹੀਦੀ ਗੇਟ ਨੂੰ ਲੈ ਕੇ ਸ਼ਹੀਦ ਨਿਰਮਲ ਸਿੰਘ ਦੀ ਪਤਨੀ ਅਤੇ ਪਿੰਡ ਛੀਨਾ ਬੇਟ ਦੀ ਪੰਚਾਇਤ ਵਿਚਾਲੇ ਵਿਵਾਦ ਦੇ ਚਲਦੇ ਪ੍ਰਸ਼ਾਸਨ ਨੇ ਪਿੰਡ ਵਿੱਚ ਬੰਨ ਰਹੇ ਸ਼ਹੀਦੀ ਗੇਟ ਦਾ ਕੰਮ ਫਿਲਹਾਲ ਰੋਕ ਦਿੱਤਾ ਹੈ। ਸ਼ਹੀਦੀ ਗੇਟ ਬਣਾਉਣ ਲਈ ਸਰਕਾਰ ਵੱਲੋਂ 25 ਸਾਲ ਬਾਅਦ 10 ਲੱਖ ਰੁਪਏ ਦੀ ਗਰਾਂਟ ਭੇਜੀ ਗਈ ਸੀ ਅਤੇ ਪਿੰਡ ਦੀ ਪੰਚਾਇਤ ਨੇ ਪਿੰਡ ਵਿੱਚ ਹੀ ਇੱਕ ਗਲੀ ਦੇ ਬਾਹਰ ਗੇਟ ਦੀ ਉਸਾਰੀ ਵੀ ਸ਼ੁਰੂ ਕਰਵਾ ਦਿੱਤੀ ਸੀ ਪਰ ਕਾਰਗਿਲ ਸ਼ਹੀਦ ਨਿਰਮਲ ਸਿੰਘ ਦੀ ਪਤਨੀ ਮਨਜੀਤ ਕੌਰ ਦੀ ਮੰਗ ਹੈ ਕਿ ਸ਼ਹੀਦੀ ਗੇਟ ਪੁਰਾਨਾ ਸ਼ਾਲਾ ਤੋਂ ਛੀਨਾ ਬੇਟ ਜਾਂਦੀ ਲਿੰਕ ਰੋਡ ਦੇ ਸ਼ੁਰੂ ਤੇ ਬਣਨਾ ਚਾਹੀਦਾ ਹੈ ਤਾਂ ਜੋ ਰੋਡ ਤੋਂ ਹੀ ਪਤਾ ਲੱਗੇ ਕਿ ਇਹ ਕਾਰਗਿਲ ਸ਼ਹੀਦ ਦੇ ਪਿੰਡ ਨੂੰ ਸੜਕ ਜਾਂਦੀ ਹੈ।
ਸ਼ਹੀਦ ਨਿਰਮਲ ਸਿੰਘ ਦੀ ਪਤਨੀ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਸ ਦੀ ਮੰਗ ਅਨੁਸਾਰ ਸ਼ਹੀਦੀ ਗੇਟ ਉਹਨਾਂ ਵੱਲੋਂ ਦੱਸੀ ਜਾ ਰਹੀ ਜਗ੍ਹਾ ਤੇ ਨਹੀਂ ਬਣਾਇਆ ਜਾਂਦਾ ਤਾਂ ਉਹ ਸ਼ਹੀਦ ਨੂੰ ਮਰਨ ਉਪਰੰਤ ਮਿਲਿਆ ਵੀਰ ਚੱਕਰ ਵਾਪਸ ਕਰ ਦੇਣਗੇ । ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀਆਂ ਹਿਦਾਇਤਾਂ ਤੇ ਏਡੀਸੀ ਵਿਕਾਸ ਵੱਲੋਂ ਬੀਡੀਪੀਓ ਨੂੰ ਮਾਮਲੇ ਵਿੱਚ ਕਾਰਵਾਈ ਦੇ ਹੁਕਮ ਦਿੱਤੇ ਗਏ ਸੀ ਅਤੇ ਬੀ ਡੀ ਪੀ ਓ ਬਲਜੀਤ ਸਿੰਘ ਵੱਲੋਂ ਪਿੰਡ ਵਿੱਚ ਬਣ ਰਹੇ ਸ਼ਹੀਦੀ ਗੇਟ ਦਾ ਕੰਮ ਰੋਕ ਦਿੱਤਾ ਗਿਆ ਹੈ।
ਹਾਲਾਂਕਿ ਬੀਡੀਪੀਓ ਬਲਜੀਤ ਸਿੰਘ ਅਤੇ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਜਿਸ ਥਾਂ ਤੇ ਸ਼ਹੀਦ ਨਿਰਮਲ ਸਿੰਘ ਦੀ ਪਤਨੀ ਵੱਲੋਂ ਗੇਟ ਬਣਾਉਣ ਦੀ ਮੰਗ ਰੱਖੀ ਗਈ ਹੈ ਉਥੋਂ ਹਾਈ ਵੋਲਟੇਜ ਤਾਰਾਂ ਗੁਜਰਦੀਆਂ ਹਨ ਇਸ ਲਈ ਉੱਥੇ ਗੇਟ ਨਹੀਂ ਬਣਾਇਆ ਜਾਣਾ ਚਾਹੀਦਾ । ਪ੍ਰਸ਼ਾਸਨ ਵੱਲੋਂ ਫਿਲਹਾਲ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਇਸ ਬਾਰੇ ਜਲਦੀ ਹੀ ਇੱਕ ਰਿਪੋਰਟ ਬਣਾਏਗੀ ਅਤੇ ਉਦੋਂ ਤੱਕ ਚੱਲ ਰਹੇ ਸ਼ਹੀਦੀ ਗੇਟ ਦਾ ਕੰਮ ਰੁਕਵਾ ਦਿੱਤਾ ਗਿਆ ਹੈ।