ਉਰਦੂ ਆਮੋਜ਼ ਸਿਖ਼ਲਾਈ ਕੋਰਸ ਲਈ ਦਾਖ਼ਲਿਆਂ ਦੀ ਮੰਗ
ਬਲਵਿੰਦਰ ਸਿੰਘ ਧਾਲੀਵਾਲ
ਕਪੂਰਥਲਾ 2 ਜੂਨ 2026- ਉਰਦੂ ਭਾਸ਼ਾ ਦਾ ਇਤਿਹਾਸ, ਸਾਹਿਤ ਅਤੇ ਸੱਭਿਆਚਾਰ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਵਿਲੱਖਣ ਸਥਾਨ ਹੈ। ਇਹ ਭਾਸ਼ਾ ਆਪਣੀ ਮਿਠਾਸ, ਨਫ਼ਾਸਤ (ਨਰਮੀ) ਅਤੇ ਤਹਿਜ਼ੀਬ ਲਈ ਪੂਰੀ ਦੁਨੀਆ ਵਿੱਚ ਜਾਣੀ ਜਾਂਦੀ ਹੈ। ਪੰਜਾਬ ਵਿੱਚ ਵਿੱਚ ਅੱਜ ਵੀ ਜ਼ਮੀਨ-ਜਾਇਦਾਦ ਦੇ ਪੁਰਾਣੇ ਸਰਕਾਰੀ ਰਿਕਾਰਡ, ਅਦਾਲਤੀ ਦਸਤਾਵੇਜ਼ ਅਤੇ ਪੁਰਾਣੀਆਂ ਇਤਿਹਾਸਕ ਲਿਖਤਾਂ ਉਰਦੂ ਵਿੱਚ ਹਨ। ਉਰਦੂ ਸਿੱਖ ਕੇ ਤੁਸੀਂ ਇਨ੍ਹਾਂ ਪੁਰਾਣੇ ਦਸਤਾਵੇਜ਼ਾਂ ਨੂੰ ਖ਼ੁਦ ਪੜ੍ਹ ਸਕਦੇ ਹੋ, ਜਿਸ ਦੀ ਵਕਾਲਤ, ਪੱਤਰਕਾਰੀ ਜਾਂ ਇਤਿਹਾਸ ਦੇ ਖੇਤਰ ਵਿੱਚ ਬਹੁਤ ਲੋੜ ਪੈਂਦੀ ਹੈ। ਕਈ ਵਿਭਾਗਾਂ, ਅਦਾਲਤਾਂ ਅਤੇ ਮਾਲ ਮਹਿਕਮੇ ਵਿੱਚ ਉਰਦੂ ਭਾਸ਼ਾ ਦਾ ਇਸਤੇਮਾਲ ਕੀਤਾ ਜਾਂਦਾ ਹੈ, ਬਤੌਰ ਅਨੁਵਾਦਕ ਕੰਮ ਦੇ ਨਵੇਂ ਸਾਧਨ ਵਜੋਂ ਵੀ ਉਰਦੂ ਭਾਸ਼ਾ ਬਹੁਤ ਸਹਾਈ ਹੋ ਸਕਦੀ ਹੈ। ਉਰਦੂ ਸਿੱਖਣਾ ਸਿਰਫ਼ ਇੱਕ ਭਾਸ਼ਾਈ ਗਿਆਨ ਨਹੀਂ, ਸਗੋਂ ਆਪਣੀ ਗੱਲਬਾਤ ਨੂੰ ਖ਼ੂਬਸੂਰਤ ਬਣਾਉਣ ਅਤੇ ਭਾਰਤੀ ਉਪਮਹਾਂਦੀਪ ਦੇ ਸਾਂਝੇ ਸੱਭਿਆਚਾਰ ਨੂੰ ਨੇੜਿਓਂ ਮਹਿਸੂਸ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ।
ਜੇਕਰ ਤੁਸੀਂ ਉਰਦੂ ਭਾਸ਼ਾ ਸਿੱਖਣਾ ਚਾਹੁੰਦੇ ਹੋ ਤਾਂ, ਜ਼ਿਲ੍ਹਾ ਭਾਸ਼ਾ ਦਫ਼ਤਰ, ਕਪੂਰਥਲਾ ਵਿਖੇ ਉਰਦੂ ਆਮੋਜ਼ ਸਿਖ਼ਲਾਈ ਕੋਰਸ ਸੈਸ਼ਨ ਜੁਲਾਈ 2026 ਤੋਂ ਦਸੰਬਰ 2026 ਲਈ ਦਾਖ਼ਲਾ ਆਰੰਭ ਹੋ ਚੁੱਕਿਆ ਹੈ, ਇਹ ਕੋਰਸ 6 ਮਹੀਨੇ ਦਾ ਹੈ ਅਤੇ ਇਹ ਕੋਰਸ ਗੁਰੂ ਨਾਨਕ ਜ਼ਿਲ੍ਹਾ ਲਾਇਬਰੇਰੀ, ਕਪੂਰਥਲਾ ਵਿਖੇ ਸ਼ਾਮ 05 ਵਜੇ ਤੋਂ 06 ਵਜੇ ਤੱਕ ਕੰਮ ਵਾਲੇ ਦਿਨ ਕਰਵਾਇਆ ਜਾਂਦਾ ਹੈ।
ਸ੍ਰੀਮਤੀ ਜਸਪ੍ਰੀਤ ਕੌਰ, ਜ਼ਿਲ੍ਹਾ ਭਾਸ਼ਾ ਅਫ਼ਸਰ, ਕਪੂਰਥਲਾ ਵੱਲੋਂ ਇਸ ਸਬੰਧੀ ਦੱਸਿਆ ਗਿਆ ਕਿ ਇਸ ਕੋਰਸ ਵਿੱਚ ਦਾਖ਼ਲੇ ਲਈ ਯਕਮੁਸ਼ਤ ਫ਼ੀਸ 500/- ਦੇਣ ਯੋਗ ਹੈ। ਇਹ ਕੋਰਸ ਪੰਜਾਬੀ ਮਾਧਿਅਮ ਨਾਲ ਸਿਖਾਇਆ ਜਾਂਦਾ ਹੈ ਅਤੇ ਇਸ ਵਿੱਚ ਵਿਦਿਆਰਥੀ ਵਰਗ, ਸਰਕਾਰੀ ਕਰਮਚਾਰੀ, ਰਿਟਾਇਰੀ ਜਾਂ ਆਮ ਨਾਗਰਿਕ ਵੀ ਦਾਖ਼ਲਾ ਲੈ ਸਕਦੇ ਹਨ। ਇਸ ਸਿਖ਼ਲਾਈ ਕੋਰਸ ਲਈ ਕੋਈ ਵੀ ਉਮਰ, ਵਰਗ ਦਾ ਵਿਅਕਤੀ ਅਪਲਾਈ ਕਰ ਸਕਦੇ ਹਨ। ਇਸ ਕੋਰਸ ਨੂੰ ਕਰਨ ਦੇ ਚਾਹਵਾਨ ਵਿਅਕਤੀ ਆਪਣਾ ਫ਼ਾਰਮ ਦਫ਼ਤਰ ਦੇ ਪਤੇ ਕਮਰਾ ਨੰਬਰ 404, ਪ੍ਰਬੰਧਕੀ ਕੰਪਲੈਕਸ, ਕਪੂਰਥਲਾ ਜਾਂ ਗੁਰੂ ਨਾਨਕ ਜ਼ਿਲ੍ਹਾ ਲਾਇਬਰੇਰੀ, ਕਪੂਰਥਲਾ ਤੋਂ ਪ੍ਰਾਪਤ ਕਰ ਸਕਦਾ ਹੈ। ਫ਼ਾਰਮ ਭਰਨ ਸਮੇਂ ਸਿੱਖਿਆਰਥੀ ਆਪਣਾ ਆਧਾਰ ਕਾਰਡ, ਯੋਗਤਾ ਸਰਟੀਫ਼ਿਕੇਟ ਅਤੇ ਪਾਸਪੋਰਟ ਸਾਈਜ਼ ਫੋਟੋ ਲੈ ਕੇ ਭਰ ਸਕਦਾ ਹੈ। ਉਹਨਾਂ ਵੱਲੋਂ ਜ਼ਿਲ੍ਹੇ ਦੇ ਸਮੂਹ ਸਰਕਾਰੀ/ਪ੍ਰਾਈਵੇਟ ਅਦਾਰਿਆਂ ਦੇ ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਵੀ ਇਸ ਕੋਰਸ ਦਾ ਲਾਭ ਉਠਾਉਣ ਲਈ ਅਪੀਲ ਕੀਤੀ ਗਈ।
ਇਸ ਕੋਰਸ ਦੇ ਪੂਰੇ ਹੋਣ ਉਪਰੰਤ ਵਿਭਾਗੀ ਪ੍ਰੀਖਿਆ ਪਾਸ ਕਰਨ ਤੇ ਭਾਸ਼ਾ ਵਿਭਾਗ, ਪੰਜਾਬ ਵੱਲੋਂ ਪ੍ਰਮਾਣਿਤ ਸਰਟੀਫਿਕੇਟ ਦਿੱਤਾ ਜਾਂਦਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਸ਼੍ਰੀ ਮਨੀਸ਼ ਕੁਮਾਰ (62840-61290) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
- Download Babushahi App
-
-