ਇੰਡੀਆ ਟੂਰ ਤਹਿਤ ਹਰਿਆਣਾ ਸਟੀਲਰਜ਼ ਦੀ ਟੀਮ ਹੋਲੀ ਐਂਜਲ ਸਕੂਲ ਪਹੁੰਚੀ
ਵਿਦਿਆਰਥੀਆਂ ਨੂੰ ਤਜਰਬੇ ਸਾਂਝੇ ਕਰਦਿਆਂ ਖੇਡਾਂ ਲਈ ਪ੍ਰੇਰਿਤ ਕੀਤਾ
ਮਲਕੀਤ ਸਿੰਘ ਮਲਕਪੁਰ
ਲਾਲੜੂ 8 ਅਪ੍ਰੈਲ 2025: ਪ੍ਰੋ ਕਬੱਡੀ ਲੀਗ 2024 ਦੀ ਜੇਤੂ ਰਹੀ ਟੀਮ ਹਰਿਆਣਾ ਸਟੀਲਰਜ਼ ਵੱਲੋਂ ਸ਼ੁਰੂ ਕੀਤੇ ਗਏ ਇੰਡੀਆ ਟੂਰ ਤਹਿਤ ਅੱਜ ਪੂਰੀ ਟੀਮ ਨੇ ਕੋਚ ਮਨਪ੍ਰੀਤ ਸਿੰਘ ਮਾਨਾ ਦੀ ਅਗਵਾਈ ਹੇਠ ਲਾਲੜੂ ਮੰਡੀ ਦੇ ਹੋਲੀ ਐਂਜਲ ਸਮਾਰਟ ਸਕੂਲ ਦਾ ਦੌਰਾ ਕੀਤਾ , ਜਿਨ੍ਹਾਂ ਦਾ ਸਕੂਲ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਹਰਿਆਣਾ ਸਟੀਲਰਜ਼ ਦੇ ਕੋਚ ਮਨਪ੍ਰੀਤ ਸਿੰਘ ਮਾਨਾ ਤੇ ਪ੍ਰੋ ਕਬੱਡੀ ਲੀਗ 2024 ਵਿੱਚ ਜਿੱਤੀ ਟਰਾਫੀ ਲੈ ਕੇ ਪੁੱਜੀ ਟੀਮ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਕਬੱਡੀ ਖੇਡ ਬਾਰੇ ਗੱਲਬਾਤ ਕੀਤੀ। ਪ੍ਰੋਗਰਾਮ ਦੌਰਾਨ ਮਨਪ੍ਰੀਤ ਸਿੰਘ ਮਾਨਾ ਨੇ ਦੱਸਿਆ ਕਿ ਲਾਲੜੂ ਖੇਤਰ ਨਾਲ ਲੱਗਦਾ ਪਿੰਡ ਮੀਰਪੁਰਾ ਉਨ੍ਹਾਂ ਦਾ ਜੱਦੀ ਪਿੰਡ ਹੈ ਅਤੇ ਅੱਜ ਉਨ੍ਹਾਂ ਦਾ ਲਾਲੜੂ ਦੇ ਹੋਲੀ ਐਂਜਲ ਸਕੂਲ ਵਿੱਚ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ ਹੈ, ਜੋ ਉਨ੍ਹਾਂ ਦੇ ਲਈ ਮਾਣ ਵਾਲੀ ਗੱਲ ਹੈ। ਮਨਪ੍ਰੀਤ ਸਿੰਘ ਮਾਨਾ ਨੇ ਦੱਸਿਆ ਕਿ ਉਨ੍ਹਾਂ ਦਾ ਇੰਡੀਆ ਟੂਰ ਹਰਿਆਣਾ ਸਟੀਲਰਜ਼ ਦੇ ਮਾਲਕ ਜਿੰਦਲ ਗਰੁੱਪ ਵੱਲੋਂ ਰੱਖਿਆ ਗਿਆ ਹੈ, ਜਿਸ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇੱਛਾ ਹੈ ਕਿ ਲਾਲੜੂ ਖੇਤਰ ਦੇ ਨੌਜਵਾਨ ਵੀ ਕਬੱਡੀ ਖੇਡ ਨਾਲ ਜੁੜਨ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰਨ। ਉਨ੍ਹਾਂ ਕਿਹਾ ਕਿ ਪੜਾਈ ਦੇ ਨਾਲ-ਨਾਲ ਹਰ ਵਿਦਿਆਰਥੀ ਨੂੰ ਖੇਡਾਂ ਨਾਲ ਜੁੜਨਾ ਚਾਹੀਦਾ ਹੈ, ਕਿਉਂਕਿ ਖੇਡਾਂ ਜਿੱਥੇ ਸਾਡੇ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ, ਉੱਥੇ ਹੀ ਸਾਨੂੰ ਅਨੁਸਾਸ਼ਨ ਵਿੱਚ ਰਹਿਣ ਦਾ ਪਾਠ ਵੀ ਸਿਖਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਖੇਡਣ ਵਾਲੇ ਵਿਅਕਤੀ ਦਾ ਮਨੋਬਲ ਹਮੇਸ਼ਾ ਉੱਚਾ ਰਹਿੰਦਾ ਹੈ, ਜੋ ਉਨ੍ਹਾਂ ਨੂੰ ਪੜਾਈ ਦੇ ਵਿੱਚ ਵੀ ਸਹਾਈ ਹੁੰਦਾ ਹੈ। ਇਸ ਲਈ ਹਰ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਖੇਡਾਂ ਨਾਲ ਜੁੜ ਕੇ ਦੇਸ਼ ਲਈ ਖੇਡਣ। ਉਨ੍ਹਾਂ ਕਿਹਾ ਕਿ ਪ੍ਰੋ ਕਬੱਡੀ ਲੀਗ 2025 ਦੇ ਵਿੱਚ ਉਨ੍ਹਾਂ ਦੀ ਟੀਮ ਵਧੀਆ ਪ੍ਰਦਰਸ਼ਨ ਕਰੇਗੀ ਅਤੇ ਫਾਈਨਲ ਜਿੱਤੇਗੀ। ਪ੍ਰੋਗਰਾਮ ਦੇ ਅੰਤ ਵਿੱਚ ਮਨਪ੍ਰੀਤ ਸਿੰਘ ਮਾਨਾ ਨੇ ਆਪਣੇ ਦਸਤਖਤ ਕੀਤੇ ਹਰਿਆਣਾ ਸਟੀਲਰਜ਼ ਦੇ ਝੰਡੇ ਵੀ ਵੰਡੇ। ਸਕੂਲ ਦੇ ਚੇਅਰਮੈਨ ਅਮਨ ਰਾਣਾ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਲਾਲੜੂ ਇਲਾਕੇ ਦਾ ਨੌਜਵਾਨ ਮਨਪ੍ਰੀਤ ਸਿੰਘ ਮਾਨਾ ਨੇ ਖੇਡਾਂ ਵਿੱਚ ਦੇਸ਼-ਵਿਦੇਸ਼ ਵਿੱਚ ਲਾਲੜੂ ਖੇਤਰ ਦਾ ਨਾਂਅ ਰੌਸ਼ਨ ਕੀਤਾ ਹੈ ਅਤੇ ਉਨ੍ਹਾਂ ਕੋਚ ਮਨਪ੍ਰੀਤ ਸਿੰਘ ਮਾਨਾ ਅਤੇ ਸਮੁੱਚੀ ਟੀਮ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ ਅਤੇ ਵਿਦਿਆਰਥੀ ਵੀ ਹਾਜ਼ਰ ਸਨ।