ਇੰਗਲੈਂਡ ਤੋਂ ਪਰਤੀ 23 ਸਾਲ ਦੇ ਨੌਜਵਾਨ ਹਰਮਨਜੋਤ ਦੀ ਮ੍ਰਿਤਕ ਦੇਹ
ਬਲਵਿੰਦਰ ਸਿੰਘ ਧਾਲੀਵਾਲ
ਕਪੂਰਥਲਾ 15 ਮਾਰਚ 2025 - ਤਕਰੀਬਨ 1 ਮਹੀਨਾ ਪਹਿਲਾ ਪਿੰਡ ਲੱਖਣ ਕੇ ਪੱਡਾ (ਕਪੂਰਥਲਾ) ਦੇ 23 ਸਾਲਾ ਨੌਜਵਾਨ ਹਰਮਨਜੋਤ ਸਿੰਘ ਪੁੱਤਰ ਸਵਰਗੀ ਕੁਲਵੰਤ ਸਿੰਘ ਦੀ ਇੰਗਲੈਂਡ ਦੇ ਸ਼ਹਿਰ ਬਰੈਡਫੋਰਡ ਵਿਖੇ ਸ਼ੱਕੀ ਹਲਾਤਾਂ ਚ ਮੌਤ ਹੋ ਗਈ ਸੀ ਤੇ ਪਰਿਵਾਰਕ ਮੈਂਬਰਾਂ ਵੱਲੋਂ ਉਸਦੇ ਉਥੇ ਰਹਿੰਦੇ ਮਾਲਕ ਤੇ ਦੋਸ਼ ਲਗਾਏ ਗਏ ਸਨ।
ਇਸ ਸਬੰਧੀ ਅੱਜ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਯਤਨਾਂ ਸਦਕਾ ਉਸਦੀ ਮ੍ਰਿਤਕ ਦੇਹ ਭਾਰਤ ਦੇ ਰਾਜਾਸਾਂਸੀ ਏਅਰਪੋਰਟ ਪੁੱਜੀ, ਜਿਸਨੂ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਪ੍ਰਾਪਤ ਕਰਕੇ, ਮ੍ਰਿਤਕ ਦੇਹ ਨੂੰ ਵਾਰਸਾਂ ਦੇ ਹਵਾਲੇ ਕੀਤਾ।
ਬਾਅਦ ਦੁਪਿਹਰ ਪਿੰਡ ਲੱਖਣ ਕੇ ਪੱਡਾ ਦੇ ਸ਼ਮਸ਼ਾਨ ਘਾਟ ਵਿਖੇ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਉਸਦਾ ਅੰਤਿਮ ਸਸਕਾਰ ਕੀਤਾ ਗਿਆ। ਪਿੰਡ ਦੇ ਮੈਂਬਰ ਪੰਚਾਇਤ ਜਸਵੰਤ ਵਿਰਲੀ ਨੇ ਦੱਸਿਆ ਕਿ ਭਾਵੇਂ ਕਿ ਹਰਮਨਜੋਤ ਦੀ ਤਿੰਨ ਸਾਲਾਂ ਦਾ ਬੀਮਾ ਹੋਇਆ ਸੀ ਪਰ ਫਿਰ ਵੀ ਮ੍ਰਿਤਕ ਦੇਹ ਭਾਰਤ ਭੇਜਣ ਦੇ 4800 ਇੰਗਲੈਂਡ ਦੇ ਪਾਊਂਡ ਪਿੰਡ ਲੱਖਣ ਕੇ ਪੱਡਾ ਦੇ ਪਰਵਾਸੀ ਭਾਰਤੀਆ ਵੱਲੋਂ ਖਰਚਣੇ ਪਏ।