ਆਦਿਵਾਸੀਆਂ ਤੇ ਮਾਓਵਾਦੀਆਂ ਦਾ ਕਤਲੇਆਮ ਬੰਦ ਕਰਕੇ ਗੱਲਬਾਤ ਰਾਹੀਂ ਮਸਲੇ ਹੱਲ ਕਰੇ ਸਰਕਾਰ : ਹਿਮਾਂਸ਼ੂ ਕੁਮਾਰ
ਅਸ਼ੋਕ ਵਰਮਾ
ਬਠਿੰਡਾ, 8 ਅਪ੍ਰੈਲ 2025: ”ਮੋਦੀ - ਅਮਿਤਸ਼ਾਹ ਸਰਕਾਰ ਦੀ ਸਿੱਧੀ ਨਿਗਰਾਨੀ ਹੇਠ ਮੁਲਕ ਦੇ ਕੁਦਰਤੀ ਵਸੀਲਿਆਂ ਅਤੇ ਵਡਮੁੱਲੇ ਖਣਿਜਾਂ ਨੂੰ ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣਿਆ ਤੇ ਬਹੁਕੌਮੀ ਕੰਪਨੀਆਂ ਦੇ ਹਵਾਲੇ ਕਰਨ ਲਈ ਆਦਿਵਾਸੀ ਲੋਕਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ। ਜਿਸ ਨੂੰ ਰੋਕਣ ਲਈ ਭਾਰਤ ਦੇ ਹਰ ਇਨਸਾਫ਼ਪਸੰਦ ਨਾਗਰਿਕ ਨੂੰ ਡੱਟਕੇ ਆਵਾਜ਼ ਉਠਾਉਣੀ ਚਾਹੀਦੀ ਹੈ। ਆਪਣੇ ਹੀ ਲੋਕਾਂ ਵਿਰੁੱਧ ਇਹ ਜੰਗ ਬਸਤਰ ਦੇ ਜੰਗਲਾਂ ਤੱਕ ਸੀਮਤ ਨਹੀਂ ਰਹੇਗੀ, ਸਭ ਤੋਂ ਉਪਜਾਊ ਖੇਤੀ ਖੇਤਰਾਂ ਉੱਪਰ ਕਬਜ਼ਾ ਕਰਨ ਲਈ ਇਹ ਜੰਗ ਨੇੜ ਭਵਿੱਖ ਚ ਪੰਜਾਬ ਵਰਗੇ ਖੇਤਰਾਂ ’ਚ ਵੀ ਪਹੁੰਚੇਗੀ।”ਇਹ ਵਿਚਾਰ ਅੱਜ ਇੱਥੇ ਟੀਚਰਜ਼ ਹੋਮ ਵਿਖੇ ਸ਼ਹੀਦ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਵੱਲੋਂ ਅੰਗਰੇਜ਼ ਹਕੂਮਤ ਦੇ ਬੋਲੇ ਕੰਨਾਂ ਤੱਕ ਭਾਰਤੀ ਲੋਕਾਂ ਦੀ ਅਵਾਜ਼ ਪਹੁੰਚਾਉਣ ਲਈ ਅਸੈਂਬਲੀ ਵਿਚ ਨੁਕਸਾਨ ਰਹਿਤ ਬੰਬ ਧਮਾਕੇ ਕਰਨ ਵਾਲੇ ਇਤਿਹਾਸਿਕ ਦਿਨ 8 ਅਪ੍ਰੈਲ ਨੂੰ ਓਪਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਵੱਲੋਂ ਜ਼ਿਲ੍ਹੇ ਦੀਆਂ ਸਮੂਹ ਜਨਤਕ ਜਮਹੂਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਕਰਵਾਈ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਉੱਘੇ ਗਾਂਧੀਵਾਦੀ ਚਿੰਤਕ ਤੇ ਸਮਾਜਿਕ ਕਾਰਕੁੰਨ ਹਿਮਾਂਸ਼ੂ ਕੁਮਾਰ ਨੇ ਪੇਸ਼ ਕੀਤੇ। ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਹਿਮਾਂਸ਼ੂ ਕੁਮਾਰ ਨੇ ਕਿਹਾ ਕਿ ਫਾਸ਼ੀਵਾਦੀ ਹਕੂਮਤ ਨੇ ਆਪਣੇ ਹੀ ਆਦਿਵਾਸੀ ਲੋਕਾਂ ਵਿਰੁੱਧ ਨਸਲਕੁਸ਼ੀ ਦੀ ਜੰਗ ਵਿੱਢੀ ਹੋਈ ਹੈ ਜਿਸ ਤਹਿਤ 2009 ਤੋਂ ਲੈ ਕੇ ਹਜ਼ਾਰਾਂ ਲੋਕਾਂ ਦਾ ਕਤਲੇਆਮ, ਔਰਤਾਂ ਨਾਲ ਬਲਾਤਕਾਰਾਂ, ਬੱਚਿਆਂ ਦੇ ਕਤਲ, ਲੱਖਾਂ ਲੋਕਾਂ ਦਾ ਉਜਾੜਾ, ਸੈਂਕੜੇ ਪਿੰਡਾਂ ਵਿਚ ਸਾੜਸਤੀ ਆਮ ਗੱਲ ਬਣ ਚੁੱਕੀ ਹੈ। ਜੰਗਲਾਂ ਵਿਚ ਚੱਪੇ-ਚੱਪੇ ’ਤੇ ਨੀਮ-ਫ਼ੌਜੀ ਤਾਕਤਾਂ ਦੇ ਕੈਂਪ ਬਣਾਏ ਗਏ ਹਨ ਅਤੇ ਸਮੁੱਚੇ ਬਸਤਰ ਨੂੰ ਵਿਆਪਕ ਫ਼ੌਜੀ ਛਾਉਣੀ ਬਣਾ ਦਿੱਤਾ ਗਿਆ ਹੈ। ਆਦਿਵਾਸੀਆਂ ਨੂੰ ਦਹਿਸ਼ਤਜ਼ਦਾ ਕਰਕੇ ਜੰਗਲਾਂ ਵਿੱਚੋਂ ਉਜਾੜਨ ਲਈ ਨੀਮ-ਫੌਜੀ ਹੈਲੀਕਾਪਟਰਾਂ ਤੇ ਡਰੋਨਾਂ ਨਾਲ ਬੰਬਾਰੀ ਕਰ ਰਹੇ ਹਨ ਅਤੇ ਆਮ ਲੋਕਾਂ ਨੂੰ ਮਾਓਵਾਦੀ ਦਾ ਠੱਪਾ ਲਾਕੇ ਅਤੇ ਮਾਓਵਾਦੀ ਕਾਰਕੁਨਾਂ ਨੂੰ ਗਿ੍ਰਫ਼ਤਾਰ ਕਰਕੇ ‘ਮੁਕਾਬਲਿਆਂ’ ’ਚ ਮਾਰਿਆ ਜਾ ਰਿਹਾ ਹੈ। ਹਜ਼ਾਰਾਂ ਆਦਿਵਾਸੀਆਂ ਅਤੇ ਮਾਓਵਾਦੀ ਕਾਰਕੁਨਾਂ ਨੂੰ ਸਿਰਫ਼ ਇਸ ਕਰਕੇ ਜੇਲ੍ਹਾਂ ਚ ਡੱਕਿਆ ਹੋਇਆ ਹੈ ਕਿਉਂਕਿ ਉਹ ਲੋਕਾਂ ਉੱਪਰ ਫ਼ੌਜੀ ਤਾਕਤ ਦੇ ਜ਼ੋਰ ਥੋਪੇ ਜਾ ਰਹੇ ਵਿਨਾਸ਼ਕਾਰੀ ਪ੍ਰੋਜੈਕਟਾਂ ਦਾ ਵਿਰੋਧ ਕਰ ਰਹੇ ਹਨ।
ਉਹਨਾਂ ਕਿਹਾ ਕਿ ਕਾਰਪੋਰੇਟ ਹਿਤੈਸ਼ੀ ਆਰਥਿਕ ਮਾਡਲ ਥੋਪਣ ਲਈ ਭਾਜਪਾ ਅਤੇ ਕਾਂਗਰਸ ਹਕੂਮਤਾਂ ਇੱਕੋ ਤਰੀਕੇ ਅਪਣਾਉਂਦੀਆਂ ਹਨ। ਆਮ ਲੋਕਾਂ ਲਈ ਕੋਈ ਕਾਨੂੰਨ ਨਹੀਂ ਹੈ। ਅਦਾਲਤੀ ਪ੍ਰਣਾਲੀ ਆਦਿਵਾਸੀ ਲੋਕਾਂ ਨੂੰ ਇਨਸਾਫ਼ ਦੇਣ ਦੀ ਬਜਾਏ ਇਨਸਾਫ਼ ਦੀ ਮੰਗ ਕਰਨ ਵਾਲਿਆਂ ਖਿਲਾਫ਼ ਹੀ ਧੱਕੜ ਫ਼ੈਸਲੇ ਸੁਣਾ ਰਹੀ ਹੈ। ਜੇ ਇਸ ਫਾਸ਼ੀਵਾਦੀ ਵਰਤਾਰੇ ਵਿਰੁੱਧ ਦੇਸ਼ ਦੀ ਦੱਬੀਕੁਚਲੀ ਤੇ ਲੁੱਟੀਪੁੱਟੀ ਲੋਕਾਈ ਇਕਜੁੱਟ ਹੋ ਕੇ ਇਸ ਨੂੰ ਠੱਲ ਪਾਉਣ ਲਈ ਅੱਗੇ ਨਹੀਂ ਆਉਂਦੀ ਤਾਂ ਇਹ ਜਾਬਰ ਹਮਲਾ ਛੇਤੀ ਹੀ ਪੰਜਾਬ ਸਮੇਤ ਮੁਲਕ ਦੇ ਸਾਰੇ ਖਿੱਤਿਆਂ ਨੂੰ ਆਪਣੀ ਲਪੇਟ ਵਿਚ ਲੈ ਲਵੇਗਾ। ਕਨਵੈਨਸ਼ਨ ਨੂੰ ਫਰੰਟ ਦੇ ਕਨਵੀਨਰ ਡਾਕਟਰ ਪਰਮਿੰਦਰ ਸਿੰਘ ਅਤੇ ਲੋਕ ਗਾਇਕ ਜਗਸੀਰ ਜੀਦਾ ਨੇ ਵੀ ਸੰਬੋਧਨ ਕੀਤਾ। ਇਸ ਕਨਵੈਨਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਮੁੱਖ ਬੁਲਾਰੇ ਹਿਮਾਂਸ਼ੂ ਕੁਮਾਰ, ਡਾਕਟਰ ਪਰਮਿੰਦਰ, ਬੂਟਾ ਸਿੰਘ ਮਹਿਮੂਦਪੁਰ ਅਤੇ ਪ੍ਰੋਫੈਸਰ ਏ.ਕੇ.ਮਲੇਰੀ ਸ਼ੁਸ਼ੋਭਿਤ ਸਨ। ਇਸ ਤੋਂ ਪਹਿਲਾਂ ਕਨਵੈਨਸ਼ਨ ਦਾ ਆਗਾਜ਼ ਲੋਕ ਗਾਇਕ ਅੰਮ੍ਰਿਤਪਲ ਬੰਗੇ ਵਲੋਂ ਅੱਜ ਦੇ ਹਾਲਾਤ ਉੱਪਰ ਬਹੁਤ ਹੀ ਢੁਕਵਾਂ ਗੀਤ ਪੇਸ਼ ਕਰਨ ਨਾਲ ਹੋਇਆ।
ਕਨਵੈਨਸ਼ਨ ਤੋਂ ਬਾਦ ਬਸਤਰ ਵਿਚ ਕਤਲੇਆਮ ਤੁਰੰਤ ਬੰਦ ਕਰਨ ਦੀ ਮੰਗ ਕਰਦਿਆਂ ਰੋਹ ਭਰਪੂਰ ਮੁਜਾਹਰਾ ਕੀਤਾ ਗਿਆ। ਇਸ ਮੌਕੇ ਪੇਸ਼ ਕੀਤੇ ਮਤਿਆਂ ਵਿਚ ਮੰਗ ਕੀਤੀ ਗਈ ਕਿ ‘ਵਿਕਾਸ’ ਦੇ ਨਾਂ ’ਤੇ ਆਦਿਵਾਸੀ ਲੋਕਾਂ ਦੀ ਨਸਲਕੁਸ਼ੀ ਕਰਨਾ ਅਤੇ ਮਾਓਵਾਦੀ ਕਾਰਕੁਨਾਂ ਨੂੰ ‘ਮੁਕਾਬਲਿਆਂ’ ’ਚ ਮਾਰਨਾ ਬੰਦ ਕੀਤਾ ਜਾਵੇ; ਬਸਤਰ ਅਤੇ ਹੋਰ ਆਦਿਵਾਸੀ ਇਲਾਕਿਆਂ ਵਿਚ ‘ਓਪਰੇਸ਼ਨ ਕਗਾਰ’ ਅਤੇ ਹੋਰ ਨਾਵਾਂ ਹੇਠ ਨਸਲਕੁਸ਼ੀ, ਤਬਾਹੀ ਅਤੇ ਉਜਾੜੇ ਦੀ ਜੰਗ ਬੰਦ ਕੀਤੀ ਜਾਵੇ। ‘ਅਮਨ-ਕਾਨੂੰਨ’ ਦੀ ਜਾਬਰ ਨੀਤੀ ਤੁਰੰਤ ਬੰਦ ਕਰਕੇ ਬੁਨਿਆਦੀ ਮਸਲਿਆਂ ਦੇ ਹੱਲ ਲਈ ਗੱਲਬਾਤ ਦਾ ਰਾਜਨੀਤਕ ਅਮਲ ਸ਼ੁਰੂ ਕੀਤਾ ਜਾਵੇ। ਦੇਸ਼ ਵਿਰੋਧੀ, ਲੋਕ ਵਿਰੋਧੀ ਕਾਰਪੋਰੇਟ ਹਿਤੈਸ਼ੀ ਆਰਥਕ ਮਾਡਲ ਰੱਦ ਕੀਤਾ ਜਾਵੇ; ਜਨਤਕ ਤੇ ਸਿਆਸੀ ਜਥੇਬੰਦੀਆਂ ਉੱਪਰ ਪਾਬੰਦੀ ਲਾਉਣ ਦੀ ਨੀਤੀ ਬੰਦ ਕੀਤੀ ਜਾਵੇ ਅਤੇ ਜਮਹੂਰੀ ਹੱਕ ਬਹਾਲ ਕੀਤੇ ਜਾਣ; ਜੇਲ੍ਹਾਂ ’ਚ ਡੱਕੇ ਆਦਿਵਾਸੀਆਂ, ਬੁੱਧੀਜੀਵੀਆਂ ਅਤੇ ਸਾਰੇ ਰਾਜਨੀਤਕ ਕੈਦੀਆਂ ਨੂੰ ਬਿਨਾ ਸ਼ਰਤ ਰਿਹਾ ਕੀਤਾ ਜਾਵੇ। ਗ਼ੈਰਕਾਨੂੰਨੀ ਕਾਰਵਾਈਆਂ ਅਤੇ ‘ਸ਼ਹਿਰੀ ਨਕਸਲੀ’ ਦੇ ਬਹਾਨੇ ਗ੍ਰਿਫ਼ਤਾਰੀਆਂ ਅਤੇ ਛਾਪੇਮਾਰੀਆਂ ਦਾ ਹਕੂਮਤੀ ਦਹਿਸ਼ਤਵਾਦ ਬੰਦ ਕੀਤਾ ਜਾਵੇ; ਝੂਠੀਆਂ ਐੱਫਆਈਆਰ ਖ਼ਤਮ ਕੀਤੀਆਂ ਜਾਣ ਅਤੇ ਫਾਸ਼ੀਵਾਦੀ ਜਬਰ ਦਾ ਸੰਦ ਕੌਮੀ ਜਾਂਚ ਏਜੰਸੀ ਤੁਰੰਤ ਭੰਗ ਕੀਤੀ ਜਾਵੇ ਅਤੇ ਤਿੰਨ ਫ਼ੌਜਦਾਰੀ ਕਾਨੂੰਨ, ਚਾਰ ਕਿਰਤ ਕੋਡ, ਯੂਏਪੀਏ, ਅਫਸਪਾ, ਪਬਲਿਕ ਸਕਿਊਰਿਟੀ ਐਕਟ ਅਤੇ ਅਜਿਹੇ ਹੋਰ ਸਾਰੇ ਕਾਲੇ ਕਾਨੂੰਨ ਰੱਦ ਕੀਤੇ ਜਾਣ; ਹੈਦਰਾਬਾਦ ਜੰਗਲ ਉੱਪਰ ਬੁਲਡੋਜ਼ਰ ਚਲਾਕੇ ਵਾਤਾਵਰਣ ਨੂੰ ਤਬਾਹ ਕਰਨ ਦੀ ਵਿਨਾਸ਼ਕਾਰੀ ਮੁਹਿੰਮ ਬੰਦ ਕੀਤੀ ਜਾਵੇ।
ਇਕ ਵਿਸ਼ੇਸ਼ ਮਤੇ ਰਾਹੀਂ ਬਠਿੰਡਾ ਜ਼ਿਲ੍ਹੇ ਦੇ ਚਾਉਕੇ ਪਿੰਡ ਦੇ ਆਦਰਸ਼ ਮਾਡਲ ਸਕੂਲ ਵਿੱਚ ਸੰਘਰਸ਼ ਕਰ ਰਹੇ ਅਧਿਆਪਕਾਂ ਅਤੇ ਉਹਨਾਂ ਨਾਲ ਇਕਮੁੱਠਤਾ ਪ੍ਰਗਟਾ ਰਹੀਆਂ ਜਥੇਬੰਦੀਆਂ ਉੱਪਰ ਵਹਿਸ਼ੀ ਜਬਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਉਹਨਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਗਈ।ਮੰਚ ਸੰਚਾਲਨ ਫਰੰਟ ਦੇ ਕਨਵੀਨਰ ਬੂਟਾ ਸਿੰਘ ਮਹਿਮੂਦਪੁਰ ਨੇ ਕੀਤਾ। ਇਸ ਮੌਕੇ ਐਡਵੋਕੇਟ ਐਨ ਕੇ ਜੀਤ, ਕਹਾਣੀਕਾਰ ਅਤਰਜੀਤ, ਅਮੋਲਕ ਸਿੰਘ, ਰਾਮ ਸਵਰਨ ਲੱਖੇਵਾਲੀ, ਲਛਮਣ ਸਿੰਘ ਸੇਵੇਵਾਲਾ, ਪ੍ਰਿੰਸੀਪਲ ਬੱਗਾ ਸਿੰਘ, ਡਾਕਟਰ ਅਜੀਤਪਾਲ ਸਿੰਘ, ਲੇਖਕ ਜਸਪਾਲ ਮਾਨਖੇੜਾ,ਪ੍ਰੀਤ ਸੁਰਿੰਦਰ ਘਣੀਆਂ, ਮਾਸਟਰ ਜਗਮੇਲ ਸਿੰਘ, ਸ਼ੀਰੀ, ਯਸ਼ਪਾਲ ਝਬਾਲ, ਜੋਰਾ ਸਿੰਘ ਨਸਰਾਲੀ, ਮਨਜਿੰਦਰ ਪੱਪੀ, ਅਸ਼ਵਨੀ ਘੁੱਦਾ, ਪਰਮਿੰਦਰ ਕੌਰ, ਮੁਖਤਿਆਰ ਕੌਰ ਅਤੇ ਮਨਦੀਪ ਕੌਰ ਸਮੇਤ ਬਹੁਤ ਸਾਰੇ ਜਨਤਕ ਜਮਹੂਰੀ ਜੱਥੇਬੰਦੀਆਂ ਦੇ ਆਗੂ ਅਤੇ ਲੋਕਪੱਖੀ ਜਮਹੂਰੀ ਸ਼ਖ਼ਸੀਅਤਾਂ ਹਾਜ਼ਰ ਸਨ।