ਆਦਰਸ਼ ਸਕੂਲ ਚਾਓਕੇ : ਜਥੇਬੰਦੀਆਂ ਵੱਲੋਂ ਮਾਨਸਾ ਵਿੱਚ ਸਕੂਲ ਪ੍ਰਬੰਧਕਾਂ ਖਿਲਾਫ ਜਬਰਦਸਤ ਰੋਸ ਮੁਜ਼ਾਹਰਾ
ਅਸ਼ੋਕ ਵਰਮਾ
ਮਾਨਸਾ ,24 ਅਪ੍ਰੈਲ 2025:ਆਦਰਸ਼ ਸਕੂਲ ਚਾਉਕੇ ਦੇ ਜ਼ਬਰੀ ਨੌਕਰੀਓਂ ਹਟਾਏ ਅਧਿਆਪਕਾਂ, ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਵੱਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਮੈਨੇਜ਼ਮੈਂਟ ਅਤੇ ਸਰਕਾਰ ਖ਼ਿਲਾਫ਼ ਚਲਾਏ ਜਾ ਰਹੇ ਸੰਘਰਸ਼ ਦੀਆਂ ਗੂੰਜਾਂ ਅੱਜ ਮਾਨਸਾ ਸ਼ਹਿਰ ਦੀਆਂ ਸੜਕਾਂ ‘ਤੇ ਪਈਆਂ। ਸੰਘਰਸ਼ੀ ਅਧਿਆਪਕਾਂ ਵੱਲੋਂ ਅੱਜ ਮਾਨਸਾ ਵਿੱਚ ਰੇਲਵੇ ਪਲੇਟਫ਼ਾਰਮ ਤੇ ਵੱਡੀ ਰੈਲੀ ਕਰਨ ਉਪਰੰਤ ਸ਼ਹਿਰ ਵਿੱਚ ਮੁਜ਼ਾਹਰਾ ਕੀਤਾ। ਇਸ ਵਿੱਚ ਬੀਕੇਯੂ ਉਗਰਾਹਾਂ ਸਮੇਤ ਵੱਖ ਵੱਖ ਜਥੇਬੰਦੀਆਂ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਵਰਕਰਾਂ ਅਤੇ ਆਮ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਮਨਪ੍ਰੀਤ ਕੌਰ, ਪਵਨਦੀਪ ਕੌਰ, ਨਵਦੀਪ ਕੌਰ, ਜਸਵੀਰ ਕੌਰ, ਕਮਲਦੀਪ ਕੌਰ ਨੇ ਦੋਸ਼ ਲਾਇਆ ਕਿ ਚਾਉਕੇ ਸਕੂਲ ਦੀ ਮੈਨੇਜਮੈਂਟ ਜੋ ਮਾਨਸਾ ਨਾਲ ਸਬੰਧ ਰੱਖਦੀ ਹੈ, ਵੱਲੋਂ ਉਨ੍ਹਾਂ ਨੂੰ ਜ਼ਬਰਦਸਤੀ ਸਕੂਲ ਵਿੱਚੋਂ ਹਟਾਇਆ ਗਿਆ ਹੈ।
ਉਹਨਾਂ ਕਿਹਾ ਕਿ ਇਸ ਦਾ ਕਾਰਨ ਅਧਿਆਪਕ ਮੈਨੇਜਮੈਂਟ ਦੇ ਖਿਲਾਫ਼ ਬੋਲ ਰਹੇ ਸਨ। ਉਹਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਵੱਲੋ ਕਰਵਾਈ ਪੜਤਾਲ ਦੌਰਾਨ ਵੀ ਦੋ ਸਹੀ ਪਾਏ ਗਏ ਸਨ ਪਰ ਕੋਈ ਕਾਰਵਾਈ ਨਹੀਂ ਹੋਈ ਹੈ।
ਜਦੋਂ ਅਧਿਆਪਕਾਂ ਨੇ ਇਸ ਧੱਕੇ ਖ਼ਿਲਾਫ਼ ਅੰਦੋਲਨ ਸ਼ੁਰੂ ਕੀਤਾ ਤਾਂ ਮੈਨੇਜ਼ਮੈਂਟ ਅਤੇ ਪੰਜਾਬ ਸਰਕਾਰ ਦੀ ਮਿਲੀਭੁਗਤ ਨਾਲ ਉਨ੍ਹਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਤੇ ਪੁਲਿਸ ਜ਼ਬਰ ਢਾਹਿਆ ਗਿਆ ਅਤੇ ਫੜ੍ਹ ਕੇ ਜੇਲਾਂ ਵਿੱਚ ਬੰਦ ਕੀਤੇ। ਕੁੱਝ ਨੂੰ ਸੰਘਰਸ਼ ਦੇ ਦਬਾਅ ਸਦਕਾ ਰਿਹਾਅ ਕਰ ਦਿੱਤਾ। ਪਰ ਅਜੇ ਵੀ ਅਧਿਆਪਕ ਤੇ ਕਿਸਾਨ ਜ਼ੇਲ੍ਹ ਵਿੱਚ ਬੰਦ ਹਨ। ਬੁਲਾਰਿਆਂ ਨੇ ਮਾਨਸਾ ਸ਼ਹਿਰ ਨਾਲ ਸਬੰਧਤ ਮੈਨੇਜ਼ਮੈਂਟ ਦੇ ਮੁਖੀ ਗੁਰਮੇਲ ਸਿੰਘ ਅਤੇ ਪਵਨ ਕੁਮਾਰ ‘ਤੇ ਭ੍ਰਿਸ਼ਟਾਚਾਰ ਦਾ ਪਰਚਾ ਦਰਜ ਕਰਕੇ ਉਨ੍ਹਾਂ ਨੂੰ ਜ਼ੇਲ੍ਹ ਵਿੱਚ ਬੰਦ ਕੀਤਾ ਜਾਵੇ, ਗ੍ਰਿਫ਼ਤਾਰ ਕੀਤੇ ਸਾਰੇ ਆਗੂ, ਵਰਕਰ ਰਿਹਾਅ ਕੀਤੇ ਜਾਣ, ਟਰਮੀਨੇਟ ਕੀਤੇ ਅਧਿਆਪਕਾਂ ਨੂੰ ਨੌਕਰੀ ਤੇ ਬਹਾਲ ਕੀਤਾ ਜਾਵੇ ਅਤੇ ਹੋਰ ਬਹੁਤ ਸਾਰੀਆਂ ਮੰਗਾਂ ਤੁਰੰਤ ਲਾਗੂ ਕੀਤੀਆ ਜਾਣ।
ਇਸ ਮੌਕੇ ਐਲਾਨ ਕਰਦਿਆਂ ਕਿਹਾ ਕਿ ਵਿਧਾਇਕ, ਮੰਤਰੀਆਂ ਨੂੰ ਪਿੰਡਾਂ ਵਿੱਚ ਘੇਰ ਕੇ ਚਾਉਕੇ ਸਕੂਲ ਸਬੰਧੀ ਸਵਾਲ ਪੁੱਛੇ ਜਾਣਗੇ। ਰੋਸ ਮੁਜ਼ਾਹਰੇ ਸਮੇਂ ਭ੍ਰਿਸ਼ਟ ਮੈਨੇਜ਼ਮੈਂਟ ਖ਼ਿਲਾਫ਼ ਪਰਚਾ ਵੰਡਿਆ ਗਿਆ। ਇਸ ਮੌਕੇ ਬੀਕੇਯੂ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ, ਬੀਕੇਯੂ ਮਾਨਸਾ ਦੇ ਬੋਘ ਸਿੰਘ, ਬੀਕੇਯੂ ਧਨੇਰ ਦੇ ਮੱਖਣ ਸਿੰਘ ਭੈਣੀ ਬਾਘਾ, ਲਛਮਣ ਸਿੰਘ ਚੱਕ ਅਲੀਸ਼ੇਰ, ਰਾਮਫਲ ਸਿੰਘ ਚੱਕ ਅਲੀਸ਼ੇਰ, ਦਰਸ਼ਨ ਸਿੰਘ ਜਟਾਣਾ, ਕਿਸਾਨ ਸਭਾ ਦੇ ਕ੍ਰਿਸ਼ਨ ਚੌਹਾਨ, ਜਮਹੂਰੀ ਕਿਸਾਨ ਸਭਾ ਦੇ ਅਮਰੀਕ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਭਜਨ ਸਿੰਘ ਘੁੰਮਣ, ਕ੍ਰਾਂਤੀਕਾਰ ਕਿਸਾਨ ਯੂਨੀਅਨ ਪੰਜਾਬ ਦੇ ਹਰਚਰਨ ਸਿੰਘ ਤਾਮਕੋਟ, ਨਵਚਰਨਜੀਤ ਕੌਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜੋਰਾ ਸਿੰਘ ਨਸਰਾਲੀ, ਮੈਡੀਕਲ ਪ੍ਰੈਕਟਸ਼ੀਨਰ ਦੇ ਧੰਨਾ ਮੱਲ ਗੋਇਲ, ਪਰਮਜੀਤ ਕੌਰ ਪਿੱਥੋ ਅਤੇ, ਰਾਮ ਸਿੰਘ ਭੈਣੀ ਬਾਘਾ ਨੇ ਵੀ ਸੰਬੋਧਨ ਕੀਤਾ।