ਅਕਾਲ ਅਕੈਡਮੀ ਬਹਿਕ ਫੱਤੂ ਦੀਆਂ ਵਿਦਿਆਰਥਣਾਂ ਨੇ ਅੰਤਰ ਅਕਾਦਮੀ ਫੁੱਟਬਾਲ ਟੂਰਨਾਮੈਂਟ ਵਿੱਚ ਦਰਜ ਕੀਤੀ ਜਿੱਤ
ਹਰਜਿੰਦਰ ਸਿੰਘ ਭੱਟੀ
ਬਹਿਕ ਫੱਤੂ, 24 ਅਪ੍ਰੈਲ 2025 : ਕਲਗੀਧਰ ਟਰਸਟ ਬੜੂ ਸਾਹਿਬ ਦੇ ਅਧੀਨ ਚੱਲ ਰਹੀ ਅਕਾਲ ਅਕੈਡਮੀ ਬਹਿਕ ਫੱਤੂ ਦੀਆਂ ਵਿਦਿਆਰਥਣਾਂ ਨੇ ਅੰਤਰ ਅਕਾਦਮੀ ਫੁਟਬਾਲ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਿਲ ਕੀਤਾ। ਇਹ ਟੂਰਨਾਮੈਂਟ ਅਕਾਲ ਅਕੈਡਮੀ ਭੜਾਣਾ ਵੱਲੋਂ ਕਰਵਾਇਆ ਗਿਆ ਸੀ, ਜਿਸ ਵਿੱਚ ਵੱਖ-ਵੱਖ ਅਕੈਡਮੀਆਂ ਤੋਂ ਆਈਆਂ ਟੀਮਾਂ ਨੇ ਭਾਗ ਲਿਆ। ਕੋਚ ਅਭਿਨੰਦਨ ਦੀ ਯੋਗ ਸਿਖਲਾਈ ਹੇਠ, ਬਹਿਕ ਫੱਤੂ ਦੀ ਟੀਮ ਨੇ ਬਾਕੀ ਸਾਰੀਆਂ ਅਕੈਡਮੀਆਂ ਦੀਆ ਟੀਮਾਂ ਨੂੰ ਪਿੱਛੇ ਛੱਡਦੇ ਹੋਏ ਜਿੱਤ ਦਰਜ ਕੀਤੀ।
ਇਸ ਟੀਮ ਦੀ ਅਗਵਾਈ ਕਪਤਾਨ ਅਨਮੋਲਪ੍ਰੀਤ ਕੌਰ ਨੇ ਕੀਤੀ। ਜਸਲੀਨ ਕੌਰ ਅਤੇ ਨਵਰਾਜ ਕੌਰ ਨੇ ਮੈਦਾਨ 'ਚ ਕਾਬਿਲੇ-ਤਾਰੀਫ਼ ਪ੍ਰਦਰਸ਼ਨ ਕਰਦਿਆਂ "ਮੈਨ ਆਫ਼ ਦ ਮੈਚ" ਦਾ ਖਿਤਾਬ ਸਾਂਝਾ ਕੀਤਾ। ਜਸਲੀਨ ਕੌਰ ਨੇ ਸਾਰੇ ਟੂਰਨਾਮੈਂਟ ਦੌਰਾਨ ਸਭ ਤੋਂ ਵੱਧ ਗੋਲ ਕਰਕੇ ਆਪਣੀ ਖੇਡ ਕਾਬਲੀਅਤ ਦਾ ਲੋਹਾ ਮਨਵਾਇਆ। ਵਿਜੇਤਾ ਟੀਮ ਨੂੰ ਟਰਾਫੀ ਨਾਲ ਅਕਾਲ ਅਕੈਡਮੀ ਭੜਾਣਾ ਦੀ ਪ੍ਰਿੰਸੀਪਲ ਆਸ਼ਾ ਰਾਣੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਅਕਾਲ ਅਕੈਡਮੀ ਬਹਿਕ ਫੱਤੂ ਦੀ ਪ੍ਰਿੰਸੀਪਲ ਮਨਦੀਪ ਕੌਰ ਨੇ ਟੀਮ ਦੇ ਸਾਰੇ ਮੈਂਬਰਾਂ ਅਤੇ ਕੋਚ ਨੂੰ ਦਿਲੋਂ ਵਧਾਈ ਦਿੱਤੀ। ਉਹਨਾ ਨੇ ਕਿਹਾ ਕਿ ਅਕਾਲ ਅਕੈਡਮੀ, ਵਿਦਿਆਰਥਣਾਂ ਨੂੰ ਸਿਰਫ਼ ਪਾਠਕ੍ਰਮਕ ਸਿੱਖਿਆ ਹੀ ਨਹੀਂ, ਸਗੋਂ ਖੇਡਾਂ, ਕਲਾਵਾਂ ਅਤੇ ਧਾਰਮਿਕ ਗਿਆਨ ਵੱਲ ਵੀ ਪੂਰਾ ਧਿਆਨ ਦਿੰਦੀ ਹੈ। ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਅਤੇ ਸਿਹਤਮੰਦ ਸਮਾਜ ਦੀ ਸਥਾਪਨਾ ਹੀ ਅਕਾਲ ਅਕੈਡਮੀ ਦਾ ਮੁੱਖ ਉਦੇਸ਼ ਹੈ।