ਸੀ ਜੀ ਸੀ ਮੋਹਾਲੀ, ਝੰਜੇੜੀ ਵੱਲੋਂ ਆਧੁਨਿਕ 2.25 ਐਮ ਐਲ ਡੀ ਟਰੀਟਮੈਂਟ ਪਲਾਂਟ ਦਾ ਉਦਘਾਟਨ
ਹਰਜਿੰਦਰ ਸਿੰਘ ਭੱਟੀ
ਮੋਹਾਲੀ, 9 ਅਪ੍ਰੈਲ 2025 - ਚੰਡੀਗੜ੍ਹ ਗਰੁੱਪ ਆਫ਼ ਕਾਲਜਜ਼ ਮੋਹਾਲੀ, ਝੰਜੇੜੀ ਵੱਲੋਂ ਪਾਰਦਰਸ਼ੀ ਅਤੇ ਸਥਿਰ ਵਿਕਾਸ ਦੀ ਦਿਸ਼ਾ ਵੱਲ ਇਕ ਮਹੱਤਵਪੂਰਨ ਕਦਮ ਚੁੱਕਦੇ ਹੋਏ 2.25 ਮਿਲੀਅਨ ਲੀਟਰ ਪ੍ਰਤੀ ਦਿਨ ਐਮ ਐਲ ਡੀ ਸੀਵਰੇਜ ਟਰੀਟਮੈਂਟ ਪਲਾਂਟ ਦਾ ਉਦਘਾਟਨ ਕੀਤਾ ਗਿਆ। ਇਹ ਪਹਿਲ ਸੰਸਥਾ ਵੱਲੋਂ ਵਾਤਾਵਰਣ ਜ਼ਿੰਮੇਵਾਰੀ ਅਤੇ ਪਾਣੀ ਸੰਭਾਲ ਪ੍ਰਤੀ ਦ੍ਰਿੜ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਇਹ ਸ਼ਾਨਦਾਰ ਸਮਾਰੋਹ ਪੰਜਾਬ ਪ੍ਰਦੂਸ਼ਣ ਨਿਯੰਤਰਨ ਬੋਰਡ ਦੇ ਚੇਅਰਮੈਨ ਪ੍ਰੋ. (ਡਾ.) ਆਦਰਸ਼ ਪਾਲ, ਮੈਂਬਰ ਸਕੱਤਰ ਇੰਜ. ਗੁਰਿੰਦਰ ਸਿੰਘ ਮਜੀਠੀਆ, ਅਤੇ ਮੁੱਖ ਵਾਤਾਵਰਨ ਇੰਜੀਨੀਅਰ ਡਾ. ਲਵਨੀਤ ਦੂਬੇ ਦੀ ਹਾਜ਼ਰੀ ਵਿਚ ਹੋਇਆ। ਸਮਾਰੋਹ ਦੀ ਅਗਵਾਈ ਸੀ.ਜੀ.ਸੀ. ਮੋਹਾਲੀ ਦੇ ਚੇਅਰਮੈਨ ਰਛਪਾਲ ਸਿੰਘ ਧਾਲੀਵਾਲ ਨੇ ਕੀਤੀ, ਜਿਨਾਂ ਨੇ ਸੰਸਥਾ ਵੱਲੋਂ ਸਥਿਰਤਾ ਅਤੇ ਵਾਤਾਵਰਣ ਪ੍ਰਤੀ ਜਾਗਰੂਕਤਾ ਵੱਲ ਕੀਤੇ ਜਾ ਰਹੇ ਯਤਨਾਂ ਨੂੰ ਉਜਾਗਰ ਕੀਤਾ।
ਇਸ ਮੌਕੇ ਤੇ ਸੰਬੋਧਨ ਕਰਦਿਆਂ ਚੇਅਰਮੈਨ ਰਛਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਸੀ ਜੀ ਸੀ ਮੋਹਾਲੀ ਵਿਚ ਅਸੀਂ ਸਿਰਫ਼ ਗਿਆਨ ਨਹੀਂ ਦਿੰਦੇ। ਬਲਕਿ ਸਮਾਜ ਵਿਚ ਇਕ ਉਦਾਹਰਨ ਸੈੱਟ ਕਰਦੇ ਹਾਂ। ਇਸ ਐੱਸ ਟੀ ਪੀ ਪਲਾਂਟ ਦੀ ਸ਼ੁਰੂਆਤ ਸਾਡੀ ਵਾਤਾਵਰਨ ਸੰਭਾਲ ਪ੍ਰਤੀ ਵਚਨਬੱਧਤਾ ਅਤੇ ਸਥਿਰਤਾ- ਅਧਾਰਿਤ ਸਿੱਖਿਆ ਦੀ ਮਿਸਾਲ ਹੈ। ਉਨਾਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਕਿ ਇਹ 2.25 ਐਮ ਐਲ ਡੀ ਪਲਾਂਟ ਤਕਨੀਕੀ ਪੱਖੋਂ ਇੱਕ ਉੱਤਮ ਮਾਡਲ ਹੈ ਜੋ ਗੰਦੇ ਪਾਣੀ ਨੂੰ ਸ਼ੁੱਧ ਕਰਕੇ ਬਾਗ਼ਬਾਨੀ, ਸਿੰਚਾਈ ਅਤੇ ਹੋਰ ਗੈਰ ਪੀਣ ਯੋਗ ਵਰਤੋਂ ਲਈ ਦੁਬਾਰਾ ਵਰਤਣ ਯੋਗ ਬਣਾਉਂਦਾ ਹੈ। ਇਹ ਉਪਰਾਲਾ ਸੀ ਜੀ ਸੀ ਮੋਹਾਲੀ ਦੀ ਹਰੀ-ਭਰੀ ਕੈਂਪਸ ਮੁਹਿੰਮ ਦਾ ਅਹਿਮ ਹਿੱਸਾ ਹੈ, ਜਿਸ ਵਿਚ ਮੀਹ ਦਾ ਪਾਣੀ ਇਕਠਾ ਕਰਨਾ, ਸੌਰ ਊਰਜਾ ਦਾ ਸਹੀ ਉਪਯੋਗ ਅਤੇ ਕੰਪਰੀਹੈਂਸਟਿਵ ਵੈਸਟ ਮੈਨੇਜਮੈਂਟ ਸ਼ਾਮਿਲ ਹਨ।
ਇਸ ਮੌਕੇ ਤੇ ਪ੍ਰੋ. (ਡਾ.) ਆਦਰਸ਼ ਪਾਲ ਨੇ ਸੀ ਜੀ ਸੀ ਮੋਹਾਲੀ, ਝੰਜੇੜੀ ਵੱਲੋਂ ਵਾਤਾਵਰਣ ਪ੍ਰਤੀ ਚੇਤਨਾ ਨੂੰ ਸੰਸਥਾ ਦੇ ਦੈਨਿਕ ਕਾਰਜਾਂ ਵਿਚ ਸ਼ਾਮਿਲ ਕਰਨ ਲਈ ਖ਼ੁਸ਼ੀ ਪ੍ਰਗਟ ਕੀਤੀ। ਜਦ ਕਿ ਇੰਜ. ਗੁਰਿੰਦਰ ਸਿੰਘ ਮਜੀਠੀਆ ਨੇ ਅਕਾਦਮਿਕ ਸੰਸਥਾਵਾਂ ਵਿਚ ਵਾਤਾਵਰਣ ਪ੍ਰਤੀ ਸੰਜੀਦਾ ਤੌਰ 'ਤੇ ਜ਼ਿੰਮੇਵਾਰ ਢਾਂਚੇ ਦੀ ਲੋੜ 'ਤੇ ਜ਼ੋਰ ਦਿੱਤਾ, ਜਦਕਿ ਡਾ. ਲਵਨੀਤ ਦੂਬੇ ਨੇ ਇਨਾਂ ਪਹਿਲਕਦਮੀਆਂ ਨੂੰ ਹੋਰ ਸੰਸਥਾਵਾਂ ਲਈ ਪ੍ਰੇਰਕ ਮਾਡਲ ਕਰਾਰ ਦਿੱਤਾ। ਐਮ ਡੀ ਅਰਸ਼ ਧਾਲੀਵਾਲ ਨੇ ਕਿਹਾ ਕਿ ਇਹ ਆਧੁਨਿਕ ਐੱਸ ਟੀ ਐਫ ਪਲਾਂਟ ਸੀ ਜੀ ਸੀ ਮੋਹਾਲੀ ਦੀ ਵਾਤਾਵਰਣ ਪ੍ਰਤੀ ਜਾਗਰੂਕ ਕੈਂਪਸ ਵਜੋਂ ਸੇਵਾ ਕਰਨ ਦੀ ਯਾਤਰਾ ਵਿਚ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਹੈ।