ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਫਗਵਾੜਾ ਵਿਖੇ ਤਿੰਨ ਮਈ ਨੂੰ
ਕਾਨਫਰੰਸ ਦੀ ਸਫਲਤਾ ਲਈ ਲੇਖਕਾਂ ਵਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ – ਪਲਾਹੀ
ਫਗਵਾੜਾ, 15 ਅਪ੍ਰੈਲ 2026– ਪੰਜਾਬ ’ਚ ਸਾਹਿਤਕ ਸਰਗਰਮੀਆਂ ਦੇ ਕੇਂਦਰ ਫਗਵਾੜਾ ਵਿਖੇ ਬਾਲ ਲੇਖਕਾਂ ਦੀ ਅੰਤਰਰਾਸ਼ਟਰੀ ਕਾਨਫਰੰਸ ਤਿੰਨ ਮਈ, 2026 ਨੂੰ ਪੰਜਾਬੀ ਭਵਨ ਸਰੀ ਕੈਨੇਡਾ ਵਲੋਂ ਕਰਵਾਈ ਜਾਏਗੀ, ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਚੁਣੇ ਗਏ 4 ਬਾਲ ਲੇਖਕਾਂ ਨੂੰ ਪੁਰਸਕਾਰ ਦਿੱਤੇ ਜਾਣਗੇ। ਬਾਲ ਲੇਖਕਾਂ ਦੀ ਇਸ ਕਾਨਫਰੰਸ ਵਿੱਚ ਸੁੱਖੀ ਬਾਠ ਸੰਚਾਲਕ ਅਨੁਸਾਰ 20 ਜਿਲ੍ਹਿਆਂ ਦੇ ਲਗਭਗ 500 ਬਾਲ ਲੇਖਕ ਅਤੇ 120 ਟੀਚਰ ਹਿੱਸਾ ਲੈਣਗੇ। ਇਹਨਾਂ ਬਾਲ ਲੇਖਕਾਂ ਨੂੰ ਅਗਵਾਈ ਦੇਣ ਲਈ, ਅਤੇ ਉਹਨਾਂ ਨਾਲ ਵਿਚਾਰ- ਚਰਚਾ ਕਰਨ ਲਈ ਪੰਜਾਬੀ ਦੇ ਪ੍ਰਸਿੱਧ ਕਵੀ ਗੁਰਭਜਨ ਗਿੱਲ , ਕਵੀ ਤ੍ਰੈਲੋਚਨ ਲੋਚੀ, ਪ੍ਰਸਿੱਧ ਵਿਦਵਾਨ ਐਸ.ਪੀ. ਸਿੰਘ ਸਾਬਕਾ ਵੀ.ਸੀ ਜੀ.ਐੱਨ.ਡੀ.ਯੂ., ਬੀ.ਐੱਸ. ਘੁੰਮਣ ਸਾਬਕਾ ਵੀ.ਸੀ. ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਬੱਚਿਆਂ ਲਈ ਲਿਖਣ ਵਾਲੇ ਸਾਹਿਤਕਾਰ ਕਮਲਜੀਤ ਸਿੰਘ ਨੀਲੋਂ, ਦਰਸ਼ਨ ਸਿੰਘ ਆਸ਼ਟ, ਮਨਮੋਹਨ ਸਿੰਘ ਦਾਊਂ , ਬਲਜਿੰਦਰ ਮਾਨ ਪੁੱਜਣਗੇ। ਪ੍ਰਸਿੱਧ ਕਾਰੋਬਾਰੀ, ਸਮਾਜ ਸੇਵਕ, ਪੰਜਾਬੀ ਪ੍ਰੇਮੀ ਸੁੱਖੀ ਬਾਠ ਦੀ ਅਗਵਾਈ ’ਚ ਇਹ ਦੂਜੀ ਸਲਾਨਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਕਰਵਾਈ ਜਾ ਰਹੀ ਹੈ ਅਤੇ 16 ਜ਼ਿਲ੍ਹਿਆਂ ਦੇ ਬਾਲ ਲੇਖਕਾਂ ਦੀਆਂ 16 ਪੁਸਤਕਾਂ ਨਵੀਂਆਂ ਕਲਮਾਂ ਨਵੀਂ ਉਡਾਣ ਇਸ ਸਮੇਂ ਲੋਕ ਅਰਪਿਤ ਕੀਤੀਆਂ ਜਾਣਗੀਆਂ। ਜ਼ਿਲ੍ਹਾ ਕਪੂਰਥਲਾ ਦੀ ਕੋਆਰਡੀਨੇਟਰ ਸਾਹਿਬਾ ਜੀਟਨ ਕੌਰ ਦੀ ਪ੍ਰਧਾਨਗੀ ’ਚ ਹੋਈ ਮੀਟਿੰਗ ਵਿੱਚ ਇਸ ਕਾਨਫਰੰਸ ਦੀ ਸਵਾਗਤੀ ਕਮੇਟੀ ’ਚ ਸਾਹਿਬਾ ਜੀਟਨ ਕੌਰ, ਕਮਲੇਸ਼ ਸੰਧੂ, ਹਰਜਿੰਦਰ ਨਿਆਣਾ, ਨਿਮਰਤ ਕੌਰ, ਸੁਖਦੇਵ ਸਿੰਘ, ਮਨਦੀਪ ਸਿੰਘ, ਦਲਜੀਤ ਕੌਰ ਚਾਨਾ ਸ਼ਾਮਲ ਕੀਤੇ ਗਏ ਹਨ।
ਮੀਟਿੰਗ ਵਿੱਚ ਵਿਸ਼ੇਸ ਤੌਰ ’ਤੇ ਸ਼ਾਮਲ ਹੋਏ ਪ੍ਰਸਿੱਧ ਪੰਜਾਬੀ ਲੇਖਕ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਬਾਲ ਲੇਖਕਾਂ ਦੀ ਇਸ ਅੰਤਰਰਾਸ਼ਟਰੀ ਕਾਨਫਰੰਸ ਨੂੰ ਫਗਵਾੜਾ ਦੀਆਂ ਸਮੁੱਚੀਆਂ ਸਾਹਿਤਕ ਸੰਸਥਾਵਾਂ ਵਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਪੰਜਾਬ ਭਵਨ ਸਰੀ ਦੇ ਸੰਸਥਾਪਕ ਅਤੇ ਕਾਨਫਰੰਸ ਦੇ ਮੁੱਖ ਅਯੋਜਕ ਸੁਖੀ ਬਾਠ ਦੀਆਂ ਪੰਜਾਬੀ ਬੋਲੀ ਅਤੇ ਸਭਿਆਚਾਰ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਵਿਲੱਖਣ ਅਤੇ ਵਰਨਣਯੋਗ ਹਨ ਅਤੇ ਉਹ ਲਗਾਤਾਰਤਾ ਨਾਲ ਵਿਸ਼ਵ ਭਰ ‘ਚ “ਨਵੀਆਂ ਕਲਮਾਂ ਨਵੀਂ ਉਡਾਣ” ਦੇ ਪ੍ਰਸਾਰ, ਪ੍ਰਚਾਰ ਅਤੇ ਪ੍ਰਫੁਲਤਾ ਲਈ ਕੰਮ ਕਰ ਰਹੇ ਹਨ। ਮੀਟਿੰਗ ਵਿੱਚ ਕਪੂਰਥਲਾ ਜ਼ਿਲ੍ਹੇ ਲਈ ਅਗਲੀ ਪੁਸਤਕ ਨਵੀਆਂ ਕਲਮਾਂ ਨਵੀਂ ਉਡਾਣ ਦੇ ਸੰਪਾਦਨ ਲਈ ਸੁਖਦੇਵ ਸਿੰਘ ਸੰਪਾਦਕ ਅਤੇ ਸਿਮਰਤ ਕੌਰ ਉਪ ਸੰਪਾਦਕ ਚੁਣੇ ਗਏ।