ਪਿੰਡ ਮੰਡੌਰ ਦੇ ਮਜ਼ਦੂਰਾਂ ਵੱਲੋਂ ਡੀਸੀ ਦਫ਼ਤਰ ਪਟਿਆਲਾ ਅੱਗੇ ਲਗਾਇਆ ਗਿਆ ਧਰਨਾ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 15 ਅਪ੍ਰੈਲ 2026:- ਪਿੰਡ ਮੰਡੌਰ ਦੇ ਮਜ਼ਦੂਰਾਂ ਵੱਲੋਂ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਡੀਸੀ ਦਫਤਰ ਪਟਿਆਲਾ ਅੱਗੇ ਧਰਨਾ ਲਗਾਇਆ ਗਿਆ ਡੀਸੀ ਪਟਿਆਲਾ ਅਤੇ ਡੀਡੀਪੀਓ ਪਟਿਆਲਾ ਖ਼ਿਲਾਫ਼ ਜਮਕੇ ਨਾਅਰੇਬਾਜ਼ੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਮੀਤ ਪ੍ਰਧਾਨ ਧਰਮਵੀਰ ਹਰੀਗੜ੍ਹ, ਇਕਾਈ ਪ੍ਰਧਾਨ ਪਰਮਜੀਤ ਸਿੰਘ ਅਤੇ ਸਕੱਤਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਤੀਜੇ ਹਿੱਸੇ ਦੀ ਜ਼ਮੀਨ ਚਕੋਤੇ ਤੇ ਲੈਣ ਲਈ ਪਿੰਡ ਮੰਡੌਰ ਦੇ 27 ਮਜ਼ਦੂਰਾਂ ਵੱਲੋਂ 10 ਹਜ਼ਾਰ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ 2 ਲੱਖ,70 ਹਜਾਰ ਰੁਪਏ ਸਿਕਿਊਰਟੀ ਡੀਡੀਪੀਓ ਪਟਿਆਲਾ ਨੂੰ ਜਮਾਂ ਕਰਵਾਈ ਸੀ ਨਾ ਤਾਂ ਡੀਡੀਪੀਓ ਪਟਿਆਲਾ ਵੱਲੋਂ ਮਜ਼ਦੂਰਾਂ ਦੇ ਸਿਕਿਊਰਟੀ ਦੇ ਪੈਸੇ ਵਾਪਸ ਕੀਤੇ ਗਏ ਅਤੇ ਨਾਂ ਹੀ ਜਮੀਨ ਦਿੱਤੀ ਗਈ।ਇਹ ਪੈਸੇ ਵਾਪਸ ਲੈਣ ਲਈ ਪਿਛਲੇ ਸਾਲ ਤੋਂ ਹੀ ਲਗਾਤਾਰ ਪ੍ਰਸ਼ਾਸਨ ਨੂੰ ਮਿਲ ਰਹੇ ਹਾਂ ਪਰ ਹਾਲੇ ਤੱਕ ਕੋਈ ਸੁਣਵਾਈ ਨਾ ਹੋਣ ਕਾਰਨ ਅੱਜ ਮਜ਼ਦੂਰਾਂ ਵੱਲੋਂ ਡੀਸੀ ਦਫਤਰ ਅੱਗੇ ਧਰਨਾ ਲਗਾ ਕੇ ਆਪਣੇ ਪੈਸੇ ਵਾਪਸ ਲੈਣ ਦੀ ਮੰਗ ਕੀਤੀ ਗਈ।
ਡੀਸੀ ਪਟਿਆਲਾ ਦੀ ਗੈਰ ਮੌਜੂਦਗੀ ਕਾਰਨ ਏ.ਡੀ.ਸੀ ਜਨਰਲ ਵੱਲੋਂ ਮਜ਼ਦੂਰ ਆਗੂਆਂ ਨਾਲ ਮੀਟਿੰਗ ਕੀਤੀ ਗਈ ਅਤੇ ਇਸ ਮਸਲੇ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ। ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਬੋਲੀ ਤੋਂ ਪਹਿਲਾਂ ਉਹਨਾਂ ਦੇ ਪੈਸੇ ਵਾਪਸ ਨਾ ਕੀਤੇ ਗਏ ਤਾਂ ਪ੍ਰਸ਼ਾਸਨ ਇਸ ਦੇ ਸਿੱਟੇ ਭੁਗਤਣ ਲਈ ਤਿਆਰ ਰਹੇ ਇਸ ਮੌਕੇ ਉਪਰੋਕਤ ਇਲਾਵਾ ਜੀਤ ਸਿੰਘ, ਅਮਰਜੀਤ ਸਿੰਘ,ਰੇਖਾ ਕੌਰ, ਚੰਦ ਸਿੰਘ,ਸੁਖਵਿੰਦਰ ਕੌਰ ਅਤੇ ਪਿੰਡ ਦੇ ਹੋਰ ਮਜ਼ਦੂਰ ਹਾਜ਼ਰ ਰਹੇ।
Click to Follow Babushahi Facebook page →