ਚੀਨ ਨੇ ਈਰਾਨ ਨੂੰ ਫ਼ੌਜੀ ਸਹਾਇਤਾ ਦੇਣ ਦੀਆਂ ਖ਼ਬਰਾਂ ਨੂੰ ਦੱਸਿਆ 'ਝੂਠਾ'; ਅਮਰੀਕਾ ਨੂੰ ਜਵਾਬੀ ਕਾਰਵਾਈ ਦੀ ਦਿੱਤੀ ਚੇਤਾਵਨੀ
ਬੀਜਿੰਗ (ਚੀਨ), 15 ਅਪ੍ਰੈਲ 2026 (ANI): ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿਆਨ ਨੇ ਬੁੱਧਵਾਰ ਨੂੰ ਉਨ੍ਹਾਂ ਮੀਡੀਆ ਰਿਪੋਰਟਾਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਚੀਨ ਈਰਾਨ ਨੂੰ ਫ਼ੌਜੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਚੀਨ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਅਮਰੀਕਾ ਇਨ੍ਹਾਂ ਅਫ਼ਵਾਹਾਂ ਦੇ ਆਧਾਰ 'ਤੇ ਚੀਨ 'ਤੇ ਟੈਰਿਫ (ਟੈਕਸ) ਲਗਾਉਂਦਾ ਹੈ, ਤਾਂ ਚੀਨ ਸਖ਼ਤ ਜਵਾਬੀ ਕਾਰਵਾਈ ਕਰੇਗਾ।
ਲਿਨ ਜਿਆਨ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਪੋਸਟ ਕਰਦਿਆਂ ਕਿਹਾ, "ਚੀਨ ਵੱਲੋਂ ਈਰਾਨ ਨੂੰ ਫ਼ੌਜੀ ਸਹਾਇਤਾ ਦੇਣ ਦੇ ਦੋਸ਼ ਲਗਾਉਣ ਵਾਲੀਆਂ ਮੀਡੀਆ ਰਿਪੋਰਟਾਂ ਪੂਰੀ ਤਰ੍ਹਾਂ ਮਨਘੜਤ ਹਨ। ਜੇਕਰ ਅਮਰੀਕਾ ਇਨ੍ਹਾਂ ਦੋਸ਼ਾਂ ਦੇ ਆਧਾਰ 'ਤੇ ਚੀਨ 'ਤੇ ਟੈਰਿਫ ਵਧਾਉਣ ਦੇ ਕਦਮ ਚੁੱਕਦਾ ਹੈ, ਤਾਂ ਚੀਨ ਇਸ ਦਾ ਜਵਾਬ ਉਚਿਤ ਜਵਾਬੀ ਕਾਰਵਾਈ ਨਾਲ ਦੇਵੇਗਾ।"
ਇਸ ਤੋਂ ਪਹਿਲਾਂ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਦੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਅਜੇ ਤੱਕ ਕੋਈ ਗੱਲਬਾਤ ਨਹੀਂ ਹੋਈ ਹੈ, ਪਰ ਉਹ ਚਾਹੁੰਦੇ ਹਨ ਕਿ ਇਹ ਜੰਗ ਖਤਮ ਹੋਵੇ।
ਟਰੰਪ ਨੇ ਚੇਤਾਵਨੀ ਦਿੰਦੇ ਹੋਏ ਕਿਹਾ, "ਜੇਕਰ ਚੀਨ ਅਜਿਹਾ (ਈਰਾਨ ਦੀ ਫ਼ੌਜੀ ਮਦਦ) ਕਰਦਾ ਹੈ, ਤਾਂ ਚੀਨ ਲਈ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਹੋ ਜਾਣਗੀਆਂ। ਮੈਂ ਵੀ ਜੰਗ ਦਾ ਅੰਤ ਦੇਖਣਾ ਚਾਹੁੰਦਾ ਹਾਂ, ਪਰ ਅਸੀਂ ਅਜਿਹੇ ਲੋਕਾਂ ਨੂੰ ਪ੍ਰਮਾਣੂ ਹਥਿਆਰ ਨਹੀਂ ਦੇਣ ਦੇ ਸਕਦੇ, ਜਿਨ੍ਹਾਂ ਨੇ 47 ਸਾਲਾਂ ਤੋਂ ਸਿਰਫ਼ ਤਬਾਹੀ ਮਚਾਈ ਹੈ।"
ਇਨ੍ਹਾਂ ਸਿਆਸੀ ਸਰਗਰਮੀਆਂ ਦੇ ਵਿਚਕਾਰ, ਰਾਸ਼ਟਰਪਤੀ ਟਰੰਪ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦਾ ਮੁਲਤਵੀ ਹੋਇਆ ਚੀਨ ਦੌਰਾ ਹੁਣ ਅਗਲੇ ਮਹੀਨੇ ਹੋਵੇਗਾ। ਉਨ੍ਹਾਂ ਨੇ 'ਟਰੂਥ ਸੋਸ਼ਲ' 'ਤੇ ਲਿਖਿਆ, ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਉਨ੍ਹਾਂ ਦੀ ਮੁਲਾਕਾਤ 14 ਅਤੇ 15 ਮਈ ਨੂੰ ਬੀਜਿੰਗ ਵਿੱਚ ਹੋਵੇਗੀ। ਇਹ ਦੌਰਾ ਪਹਿਲਾਂ ਈਰਾਨ ਵਿੱਚ ਚੱਲ ਰਹੇ ਫ਼ੌਜੀ ਆਪਰੇਸ਼ਨ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ।
ਟਰੰਪ ਨੇ ਇਹ ਵੀ ਦੱਸਿਆ ਕਿ ਉਹ ਅਤੇ ਮੇਲਾਨੀਆ ਟਰੰਪ ਇਸੇ ਸਾਲ ਦੇ ਅਖੀਰ ਵਿੱਚ ਰਾਸ਼ਟਰਪਤੀ ਸ਼ੀ ਅਤੇ ਉਨ੍ਹਾਂ ਦੀ ਪਤਨੀ ਦੀ ਵਾਸ਼ਿੰਗਟਨ ਵਿੱਚ ਮੇਜ਼ਬਾਨੀ ਵੀ ਕਰਨਗੇ। ਇਸ ਘਟਨਾਕ੍ਰਮ ਨੇ ਵਿਸ਼ਵ ਪੱਧਰ 'ਤੇ ਅਮਰੀਕਾ, ਚੀਨ ਅਤੇ ਈਰਾਨ ਵਿਚਾਲੇ ਚੱਲ ਰਹੇ ਤਣਾਅ ਨੂੰ ਇੱਕ ਨਵੇਂ ਮੋੜ 'ਤੇ ਲਿਆ ਦਿੱਤਾ ਹੈ।