ਯੂਪੀ ਅਤੇ ਹਰਿਆਣਾ ਵਿਚ ਮਜ਼ਦੂਰ ਸੰਘਰਸ਼ ਉੱਪਰ ਜ਼ਬਰ ਦੀ ਜਮਹੂਰੀ ਅਧਿਕਾਰ ਸਭਾ ਵੱਲੋਂ ਨਿੰਦਾ
ਮਜ਼ਦੂਰਾਂ ਦੀ ਰਿਹਾਈ ਲਈ ਆਵਾਜ਼ ਬੁਲੰਦ ਕਰੋ: ਜਮਹੂਰੀ ਅਧਿਕਾਰ ਸਭਾ
ਦਲਜੀਤ ਕੌਰ
ਚੰਡੀਗੜ੍ਹ, 15 ਅਪ੍ਰੈਲ, 2026: ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਯੂ ਪੀ ਅਤੇ ਹਰਿਆਣਾ ਦੇ ਮਜ਼ਦੂਰਾਂ ਦੀ ਕੀਤੀ ਜਾਂਦੀ ਲੁੱਟ-ਖਸੁੱਟ ਅਤੇ ਪੁਲਿਸ ਜਬਰ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।ਸਭਾ ਦੇ ਸੂਬਾ ਪ੍ਰਧਾਨ ਪ੍ਰੋ. ਜਗਮੋਹਨ ਸਿੰਘ,ਸੂਬਾ ਸਕੱਤਰ ਪ੍ਰਿਤਪਾਲ ਸਿੰਘ ਅਤੇ ਸੂਬਾ ਪ੍ਰੈੱਸ ਸਕੱਤਰ ਅਮਰਜੀਤ ਸ਼ਾਸਤਰੀ ਇੱਕ ਪ੍ਰੈਸ ਬਿਆਨ ਰਾਹੀਂ ਕਿਹਾ ਹੈ ਕਿ ਅਣਮਨੁੱਖੀ ਕੰਮ ਹਾਲਤਾਂ ਵਿਰੁੱਧ ਮਜ਼ਦੂਰ ਜਮਾਤ ਦੇ ਅੰਦਰ ਖੌਲ਼ ਰਹੀ ਬੇਚੈਨੀ ਸੰਘਰਸ਼ ਦੇ ਫੁਟਾਰਿਆਂ ਦੇ ਰੂਪ ਵਿਚ ਸਾਹਮਣੇ ਆਈ ਹੈ। ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਸ਼ਹਿਰਾਂ ਨੋਇਡਾ, ਮਾਨੇਸਰ, ਫਰੀਦਾਬਾਦ ਅਤੇ ਗੁੜਗਾਓਂ ਵਿਚ ਉਜਰਤਾਂ ਵਿਚ ਵਾਧੇ ਲਈ ਸੰਘਰਸ਼ ਕਰ ਰਹੇ ਮਜਦੂਰਾਂ ਦੀਆਂ ਮੰਗਾਂ ਮੰਨਣ ਦੀ ਥਾਂ ਸਰਕਾਰਾਂ ਵੱਲੋਂ ਮਜਦੂਰਾਂ ਉੱਤੇ ਜਬਰ ਦਾ ਰਾਹ ਫੜਿਆ ਗਿਆ। ਭਾਜਪਾ ਸਰਕਾਰ ਆਪਣੀ ਖ਼ਸਲਤ ਅਨੁਸਾਰ ਮਜ਼ਦੂਰਾਂ ਦੀਆਂ ਹੜਤਾਲਾਂ ਨੂੰ ਕੁਚਲਣ ਲਈ ਅੰਨ੍ਹੇ ਜਬਰ ਦੇ ਰਾਹ ਪੈ ਤੁਰੀ ਹੈ। ਉਨ੍ਹਾਂ ਨੂੰ ਸੰਘਰਸ਼ ਦੀ ਇਹ ਅੱਗ ਪੂਰੇ ਮੁਲਕ ਵਿਚ ਫੈਲ ਜਾਣ ਦਾ ਖ਼ਤਰਾ ਹੈ। ਆਮ ਲੋਕਾਂ ਵਿਚ ਸੰਘਰਸ਼ ਪ੍ਰਤੀ ਸ਼ੰਕੇ ਖੜ੍ਹੇ ਕਰਨ ਲਈ ਇਹ ਜ਼ਹਿਰੀਲਾ ਬਿਰਤਾਂਤ ਸਿਰਜਿਆ ਗਿਆ ਹੈ ਕਿ ਇਨ੍ਹਾਂ ਹੜਤਾਲਾਂ ਪਿੱਛੇ ਨਕਸਲੀਆਂ ਅਤੇ ਪਾਕਿਸਤਾਨ ਦੀ ਆਈਐੱਸਆਈ ਦਾ ਹੱਥ ਹੈ। ਇਨ੍ਹਾਂ ਸ਼ਹਿਰਾਂ ਵਿਚ ਵੱਡੇ ਪੱਧਰ ’ਤੇ ਮਜ਼ਦੂਰਾਂ ਨੂੰ ਗਿ੍ਰਫਤਾਰ ਕਰਕੇ ਅਤੇ ਜੇਲ੍ਹਾਂ ਵਿਚ ਡੱਕਕੇ ਸੱਤਾ ਦਾ ਖ਼ੌਫ਼ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਦੌਰਾਨ ਨੋਇਡਾ ਵਿਚ ਕਵੀ ਤਨੁਜ ਨੂੰ ਗਿ੍ਰਫ਼ਤਾਰ ਕਰਕੇ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ ਹੈ। ਇਸ ਹਕੂਮਤੀ ਦਹਿਸ਼ਤਵਾਦ ਵਿਰੁੱਧ ਸਾਰੀਆਂ ਹੀ ਜਮਹੂਰੀ, ਇਨਸਾਫ਼ਪਸੰਦ ਤਾਕਤਾਂ, ਲੇਖਕਾਂ-ਕਵੀਆਂ, ਕਲਾਕਾਰਾਂ, ਪੱਤਰਕਾਰਾਂ, ਵਕੀਲਾਂ ਆਦਿ ਨੂੰ ਡੱਟਕੇ ਆਵਾਜ਼ ਉਠਾਉਣ ਲਈ ਅੱਗੇ ਆਉਣਾ ਚਾਹੀਦਾ ਹੈ।
ਮਜ਼ਦੂਰਾਂ ਦੇ ਸੰਘਰਸ਼ ਦੀ ਹਮਾਇਤ ਵਿਚ ਆਵਾਜ਼ ਉਠਾਈਏ: ਜਮਹੂਰੀ ਅਧਿਕਾਰ ਸਭਾ
ਨੋਇਡਾ, ਮਾਨੇਸਰ, ਫਰੀਦਾਬਾਦ ਅਤੇ ਗੁੜਗਾਓਂ ਵਿਚ ਗਿ੍ਰਫ਼ਤਾਰ ਕੀਤੇ ਕਾਰਕੁਨਾਂ ਤੇ ਮਜ਼ਦੂਰਾਂ ਨੂੰ ਤੁਰੰਤ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ, ਉਜ਼ਰਤਾਂ ਵਿਚ ਮਾਮੂਲੀ ਵਾਧਾ ਕਰਨ ਦਾ ਐਲਾਨ ਕਰਕੇ ਮਜ਼ਦੂਰਾਂ ਦੇ ਗੁੱਸੇ ਨੂੰ ਠੰਡਾ ਕਰਨ ਦੀਆਂ ਚਾਲਾਂ ਬੰਦ ਕੀਤੀਆਂ ਜਾਣ, ਮਜ਼ਦੂਰ ਸੰਘਰਸ਼ਾਂ ਉੱਪਰ ਜਬਰ ਬੰਦ ਕੀਤਾ ਜਾਵੇ ਅਤੇ ਉਨ੍ਹਾਂ ਦੀਆਂ ਮੰਗਾਂ ਅਨੁਸਾਰ ਉਜ਼ਰਤਾਂ ਵਿਚ ਵਾਧਾ ਕੀਤਾ ਜਾਵੇ ਅਤੇ ਕੰਮ ਦੇ ਹਾਲਾਤ ਸੁਧਾਰੇ ਜਾਣ।
Click to Follow Babushahi Facebook page →