ਮੋਹਾਲੀ 'ਚ 5ਵੀਂ ਮੰਜ਼ਿਲ ਤੋਂ ਡਿੱਗੀ ਕੁੜੀ; ਖ਼ੁਦਕੁਸ਼ੀ ਜਾਂ ਕਤਲ ਦੀ ਕੋਸ਼ਿਸ਼? ਪੁਲਿਸ ਜਾਂਚ 'ਚ ਜੁਟੀ
ਮੋਹਾਲੀ, 15 ਅਪ੍ਰੈਲ 2026: ਮੋਹਾਲੀ ਅੰਤਰਰਾਸ਼ਟਰੀ ਏਅਰਪੋਰਟ ਦੇ ਨੇੜੇ ਸਥਿਤ ਮੋਹਾਲੀ ਸਿਟੀ ਸੈਂਟਰ ਦੀ ਪੰਜਵੀਂ ਮੰਜ਼ਿਲ ਤੋਂ ਇੱਕ ਨੌਜਵਾਨ ਕੁੜੀ ਦੇ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ। ਲੜਕੀ ਦੀ ਪਛਾਣ ਤਾਨੀਆ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ ਅਤੇ ਜ਼ਖ਼ਮੀ ਹਾਲਤ ਵਿੱਚ ਲੜਕੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਨੇ ਘਟਨਾ ਵਾਲੀ ਥਾਂ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਪੰਜਵੀਂ ਮੰਜ਼ਿਲ ਤੋਂ ਤਾਨੀਆ ਦਾ ਬੈਗ ਬਰਾਮਦ ਹੋਇਆ ਹੈ। ਇਸ ਬੈਗ ਵਿੱਚੋਂ ਪੁਲਿਸ ਨੂੰ ਇੱਕ ਟਿਫ਼ਨ ਬਾਕਸ, ਐਕਟੀਵਾ ਦੀ ਚਾਬੀ, ਲੜਕੀ ਦਾ ਮੋਬਾਈਲ ਫ਼ੋਨ ਮਿਲਿਆ ਹੈ।
ਕਤਲ ਜਾਂ ਖ਼ੁਦਕੁਸ਼ੀ? ਪੁਲਿਸ ਸਵਾਲਾਂ ਦੇ ਘੇਰੇ 'ਚ
ਹਾਲਾਂਕਿ ਮੁੱਢਲੀ ਨਜ਼ਰੇ ਇਸ ਨੂੰ ਆਤਮ-ਹੱਤਿਆ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ, ਪਰ ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ, ਕੀ ਤਾਨੀਆ ਨੇ ਖ਼ੁਦ ਪੰਜਵੀਂ ਮੰਜ਼ਿਲ ਤੋਂ ਛਾਲ ਮਾਰੀ ਹੈ? ਜਾਂ ਫਿਰ ਉਸ ਨੂੰ ਕਿਸੇ ਸਾਜ਼ਿਸ਼ ਤਹਿਤ ਉੱਥੋਂ ਧੱਕਾ ਦਿੱਤਾ ਗਿਆ ਹੈ?
ਪੁਲਿਸ ਅਧਿਕਾਰੀਆਂ ਅਨੁਸਾਰ, ਮੋਬਾਈਲ ਫ਼ੋਨ ਦੀ ਕਾਲ ਡਿਟੇਲ ਖੰਗਾਲੀ ਜਾ ਰਹੀ ਹੈ ਅਤੇ ਸਿਟੀ ਸੈਂਟਰ ਵਿੱਚ ਲੱਗੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾਵੇਗੀ ਤਾਂ ਜੋ ਪਤਾ ਲੱਗ ਸਕੇ ਕਿ ਘਟਨਾ ਸਮੇਂ ਤਾਨੀਆ ਨਾਲ ਕੋਈ ਹੋਰ ਵਿਅਕਤੀ ਮੌਜੂਦ ਸੀ ਜਾਂ ਨਹੀਂ। ਫਿਲਹਾਲ ਲੜਕੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਉਸ ਦੇ ਹੋਸ਼ ਵਿੱਚ ਆਉਣ ਤੋਂ ਬਾਅਦ ਦਿੱਤੇ ਗਏ ਬਿਆਨ ਮਾਮਲੇ ਦੀ ਸੱਚਾਈ ਸਾਹਮਣੇ ਲਿਆਉਣ ਵਿੱਚ ਅਹਿਮ ਸਾਬਤ ਹੋਣਗੇ।
Click to Follow Babushahi Facebook page →