ਪਾਇਲ 'ਚ ਵੱਡੀ ਵਾਰਦਾਤ: ਮਸ਼ਹੂਰ ਕਾਰੋਬਾਰੀ ਦੀ ਆੜ੍ਹਤ 'ਤੇ ਅੰਨ੍ਹੇਵਾਹ ਫਾਇਰਿੰਗ; 1 ਕਰੋੜ ਦੀ ਫਿਰੌਤੀ ਨਾਲ ਜੁੜੇ ਹੋ ਸਕਦੇ ਹਨ ਤਾਰ
ਪਾਇਲ (ਲੁਧਿਆਣਾ), 15 ਅਪ੍ਰੈਲ 2026: ਹਲਕਾ ਪਾਇਲ ਦੇ ਮਸ਼ਹੂਰ ਕਾਰੋਬਾਰੀ ਅਤੇ ਆੜ੍ਹਤੀਆ ਹਰੀਸ਼ ਕੁਮਾਰ ਨੋਨਾ ਦੀ ਦੁਕਾਨ 'ਤੇ ਦੇਰ ਰਾਤ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਰਾਹਤ ਦੀ ਗੱਲ ਇਹ ਰਹੀ ਕਿ ਇਸ ਹਮਲੇ ਵਿੱਚ ਦੁਕਾਨ ਦੇ ਅੰਦਰ ਮੌਜੂਦ ਦੋ ਮੁਲਾਜ਼ਮ ਵਾਲ-ਵਾਲ ਬਚ ਗਏ।
ਦੁਕਾਨ ਦੇ ਮੁਲਾਜ਼ਮ ਅਨੁਸਾਰ ਦੇਰ ਰਾਤ ਦੋ ਅਣਪਛਾਤੇ ਵਿਅਕਤੀ ਆਏ ਅਤੇ ਉਨ੍ਹਾਂ ਨੇ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ 6 ਫਾਇਰ ਕੀਤੇ। ਫਾਇਰਿੰਗ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਸਮੇਂ ਦੁਕਾਨ ਦੇ ਅੰਦਰ ਦੋ ਵਿਅਕਤੀ ਮੌਜੂਦ ਸਨ, ਪਰ ਖ਼ੁਸ਼ਕਿਸਮਤੀ ਨਾਲ ਗੋਲੀ ਕਿਸੇ ਦੇ ਨਹੀਂ ਲੱਗੀ।
ਫਿਰੌਤੀ ਦੇ ਮਾਮਲੇ ਨਾਲ ਸਬੰਧ?
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹਰੀਸ਼ ਕੁਮਾਰ ਨੋਨਾ ਤੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਸਿੰਘ ਦੇ ਪਿਤਾ ਸੌਦਾਗਰ ਸਿੰਘ ਸਰਾਓ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਰਿਕਾਰਡ ਅਨੁਸਾਰ ਪਿਤਾ-ਪੁੱਤਰ ਦੋਵਾਂ ਖ਼ਿਲਾਫ਼ ਮਾਮਲਾ ਦਰਜ ਹੈ। ਇਸ ਫਾਇਰਿੰਗ ਨੂੰ ਉਸੇ ਫਿਰੌਤੀ ਦੇ ਮਾਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਆੜ੍ਹਤੀਆ ਯੂਨੀਅਨ ਦੇ ਵਾਈਸ ਪ੍ਰਧਾਨ ਅਬੀਨਾਸਪ੍ਰੀਤ ਜੱਲ੍ਹਾ ਨੇ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਸਮੁੱਚਾ ਆੜ੍ਹਤੀਆ ਭਾਈਚਾਰਾ ਹਰੀਸ਼ ਕੁਮਾਰ ਦੇ ਨਾਲ ਖੜ੍ਹਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਵਪਾਰੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ।
ਡੀ.ਐੱਸ.ਪੀ. ਪਾਇਲ ਨੇ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ ਇਲਾਕੇ ਦੇ ਸੀਸੀਟੀਵੀ (CCTV) ਕੈਮਰੇ ਖੰਗਾਲੇ ਜਾ ਰਹੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
Click to Follow Babushahi Facebook page →