ਆਓ ਅਨਾਜ ਅਤੇ ਆਟੇ ਦੀ ਪੈਕੇਜਿੰਗ ਬਾਰੇ ਜਾਣਕਾਰੀ ਹਾਸਿਲ ਕਰੀਏ
ਜਸ਼ਨਦੀਪ ਕੌਰ
ਮੁੱਖ ਅਨਾਜ ਵਿੱਚ ਕਣਕ, ਜੌਂ, ਰਾਈ, ਚੌਲ, ਮੱਕੀ, ਜਵਾਰ ਅਤੇ ਮਿਲਟਸ ਸ਼ਾਮਲ ਹਨ ।ਹਜ਼ਾਰਾਂ ਸਾਲਾਂ ਤੋਂ ਮਹੱਤਵਪੂਰਨ ਫਸਲਾਂ ਰਹੀਆਂ ਹਨ ਅਤੇ ਉਨ੍ਹਾਂ ਦਾ ਸਫਲ ਉਤਪਾਦਨ, ਸਟੋਰੇਜ ਅਤੇ ਵਰਤੋਂ ਨੇ ਆਧੁਨਿਕ ਸਭਿਅਤਾ ਦੇ ਵਿਕਾਸ ਵਿਚ ਵੱਡਾ ਯੋਗਦਾਨ ਪਾਇਆ ਹੈ। ਅੱਜ ਬਹੁਤੇ ਦੇਸ਼ਾਂ ਵਿਚ ਅਨਾਜ ਅਤੇ ਅਨਾਜ ਆਧਾਰਿਤ ਉਤਪਾਦ ਖੁਰਾਕ ਦਾ ਇੱਕ ਮਹੱਤਵਪੂਰਨ ਹਿੱਸਾ ਹਨ ਅਤੇ ਹਰ ਸਾਲ ਅਨਾਜਾਂ ਉੱਤੇ ਆਧਾਰਿਤ ਨਵੀਆਂ ਉਤਪਾਦਾਂ ਵਿਕਸਿਤ ਕੀਤੀਆਂ ਅਤੇ ਬਜ਼ਾਰ ਵਿਚ ਲਿਆਂਦੀਆਂ ਜਾ ਰਹੀਆਂ ਹਨ।
ਅਨਾਜ ਨੂੰ ਦਾਣਿਆਂ ਦੇ ਰੂਪ ਵਿੱਚ, ਲਿਜਾਇਆ ਅਤੇ ਸਟੋਰ ਕੀਤਾ ਜਾਂਦਾ ਹੈ । ਸਾਰੇ ਅਨਾਜਾਂ ਦੀ ਬਣਤਰ ਲਗਭਗ ਇੱਕੋ ਜਿਹੀ ਹੁੰਦੀ ਹੈ।ਪੱਕੇ ਅਨਾਜ ਵਿਚ ਕਾਰਬੋਹਾਈਡ੍ਰੇਟ, ਪ੍ਰੋਟੀਨ, ਲਿਪਡ, ਖਣਿਜ ਅਤੇ ਪਾਣੀ ਤੋਂ ਇਲਾਵਾ ਘੱਟ ਮਾਤਰਾ ਵਿਚ ਵਿਟਾਮਿਨ, ਐਨਜ਼ਾਈਮ ਅਤੇ ਹੋਰ ਪਦਾਰਥ ਹੁੰਦੇ ਹਨ। ਕਾਰਬੋਹਾਈਡ੍ਰੇਟ ਮੁੱਖ ਤੱਤ ਹਨ ਜੋ ਸੁੱਕੇ ਭਾਰ ਦਾ 77 ਤੋਂ 87% ਹਿੱਸਾ ਬਣਾਉਂਦੇ ਹਨ।
ਵੱਖ-ਵੱਖ ਪ੍ਰੋਸੈਸਿੰਗ ਕਦਮਾਂ ਕਾਰਨ ਗ੍ਰੇਨ ਦੀ ਬਣਤਰ ਅਤੇ ਗੁਣਵੱਤਾ ਬਦਲ ਜਾਂਦੀ ਹੈ। ਸਟੋਰੇਜ ਦੌਰਾਨ ਅਨਾਜ ਲਈ ਮੁੱਖ ਖਤਰੇ ਨਮੀ, ਤਾਪਮਾਨ, ਉੱਲੀ, ਬੈਕਟੀਰੀਆ ਅਤੇ ਕੀੜੇ-ਮਕੌੜੇ ਹਨ । ਲੰਬੇ ਸਮੇਂ ਦੇ ਸਟੋਰੇਜ ਲਈ ਨਮੀ ਦੀ ਬਜਾਏ 'ਵਾਟਰ ਐਕਟੀਵਿਟੀ' ਜ਼ਿਆਦਾ ਮਹੱਤਵਪੂਰਨ ਹੈ । ਲੰਬੇ ਸਮੇਂ ਲਈ ਸੁਰੱਖਿਅਤ ਸਟੋਰੇਜ ਵਾਸਤੇ ਵਾਟਰ ਐਕਟੀਵਿਟੀ ਦਾ ਪੱਧਰ 0.70 ਜਾਂ ਇਸ ਤੋਂ ਘੱਟ ਹੋਣਾ ਚਾਹੀਦਾ ਹੈ।ਅਨਾਜ ਦਾ ਸਟੋਰੇਜ ਬਹੁਤ ਤਰ੍ਹਾਂ ਦਾ ਹੋ ਸਕਦਾ ਹੈ – ਫਰਸ਼ ਤੇ ਖੁੱਲ੍ਹੇ ਢੇਰ, ਬੋਰੀਆਂ ਵਿਚ ਢੇਰ ਜਾਂ ਵੱਖ-ਵੱਖ ਆਕਾਰਾਂ ਵਾਲੀਆਂ ਬਿਨਾਂ ਵਿੱਚ।ਉਪਭੋਗਤਾ ਪੈਕੇਜ ਵਿਚ ਆਮ ਤੌਰ ਤੇ ਘੱਟ ਘਣਤਾ ਵਾਲੀ ਪੋਲੀਥੀਲੀਨ (ਐਲ.ਡੀ.ਪੀ.ਈ) ਤੋਂ ਬਣੀ ਹੀਟ ਸੀਲਡ ਥੈਲੇ ਵਰਤਦੇ ਹਨ ਜੋ ਨਮੀ ਰੋਕਣ ਅਤੇ ਅਨਾਜ ਲਈ ਲੋੜੀਂਦੀ ਸ਼ੈਲਫ ਲਾਈਫ ਦਿੰਦੇ ਹਨ।
ਕਣਕ ਵਿੱਚ ਸਾਹ ਲੈਣ ਦੀ ਪ੍ਰਕਿਰਆ ਗਰਮੀ ਪੈਦਾ ਕਰਦੀ ਹੈ, ਜਿਸ ਨਾਲ ਅਨਾਜ ਚਿਪਕ ਸਕਦਾ ਹੈ ਅਤੇ ਖਰਾਬ ਹੋ ਸਕਦਾ ਹੈ । ਜੇਕਰ ਨਮੀ 16% ਤੋਂ 30% ਦੇ ਵਿਚਕਾਰ ਹੋਵੇ, ਤਾਂ ਕਣਕ ਵਿੱਚ ਉੱਲੀ ਲੱਗਣ ਦਾ ਖਤਰਾ ਰਹਿੰਦਾ ਹੈ । 30% ਤੋਂ ਵੱਧ ਨਮੀ ਹੋਣ ਤੇ ਬੈਕਟੀਰੀਆ ਦਾ ਹਮਲਾ ਹੋ ਸਕਦਾ ਹੈ ।ਜਿਸ ਨਾਲ ਖਰਾਬੀ, ਬਹੁਤ ਗਰਮੀ ਅਤੇ ਚਾਰਿੰਗ ਹੋ ਸਕਦੀ ਹੈ। ਤਾਪਮਾਨ ਵਧਣ ਨਾਲ ਕੀੜੇਆਂ ਦਾ ਵਾਧਾ ਤੇਜ਼ ਹੋ ਜਾਂਦਾ ਹੈ।ਨਮੀ ਨੂੰ 3% ਘਟਾਉਣ ਨਾਲ ਸ਼ੈਲਫ ਲਾਈਫ ਚਾਰ ਗੁਣਾ ਵਧ ਜਾਂਦੀ ਹੈ। ਉੱਚ ਨਮੀ ਵਿਚ ਕਣਕ ਦੇ ਐਨਜ਼ਾਈਮ ਤੇਜ਼ ਹੋ ਜਾਂਦੇ ਹਨ ਅਤੇ ਮਾਈਕ੍ਰੋਬੀਅਲ ਖਰਾਬੀ ਹੁੰਦੀ ਹੈ।ਕਣਕ ਨੂੰ ਸਟੋਰ ਕਰਨ ਲਈ ਜੂਟ ਦੀਆਂ ਬੋਰੀਆਂ, ਉੱਚ-ਘਣਤਾ ਵਾਲੀ ਪੋਲੀਥੀਲੀਨ (ਐਚ.ਡੀ.ਪੀ.ਈ) ਜਾਂ ਪੋਲੀਪਰੋਪਾਈਲੀਨ ਬੋਰੀਆਂ ਦੀ ਵਰਤੋਂ ਕੀਤੀ ਜਾਂਦੀ ਹੈ।
ਚੌਲ ਬਹੁਤ ਸਾਰੇ ਦੇਸ਼ਾਂ ਵਿਚ ਵੱਡੀ ਮਾਤਰਾ ਵਿਚ ਖਾਧਾ ਜਾਂਦਾ ਹੈ।ਬਰਾਊਨ ਰਾਈਸ (ਅਣਪਾਲਿਸ਼ ਕੀਤੇ ਚੌਲ) ਮਿਲਡ ਰਾਈਸ (ਪਾਲਿਸ਼ ਕੀਤੇ ਚੌਲ) ਨਾਲੋਂ ਜ਼ਿਆਦਾ ਪੌਸ਼ਟਿਕ ਹੁੰਦੇ ਹਨ । ਹਾਲਾਂਕਿ, ਗਰਮ ਅਤੇ ਨਮੀ ਵਾਲੇ ਹਾਲਾਤਾਂ ਵਿੱਚ ਸਟੋਰ ਕਰਨ ਤੇ ਬਰਾਊਨ ਰਾਈਸ ਵਿੱਚ ਫ੍ਰੀ ਫੈਟੀ ਐਸਿਡ ਜਮ੍ਹਾਂ ਹੋ ਜਾਂਦੇ ਹਨ, ਜੋ ਇਸਦੀ ਸਥਿਰਤਾ ਨੂੰ ਪ੍ਰਭਾਵਿਤ ਕਰਦੇ ਹਨ ।
ਕਾਰਬਨ ਡਾਈਆਕਸਾਈਡ ਗੈਸ ਫਲਸ਼ਿੰਗ ਨਾਲ ਭੂਰੇ ਚਾਵਲ ਦੀ ਸਥਿਰਤਾ ਵਧਾਈ ਗਈ ਹੈ। ਰੈਫ੍ਰਿਜਰੇਟਿਡ (4° ਸੈਲਸੀਅਸ) ਸਟੋਰੇਜ ਵਿਚ ਨਾਈਲੋਨ- ਈ.ਵੀ.ਏ ਕੋਪੋਲੀਮਰ ਲੈਮੀਨੇਟ ਫਿਲਮ ਬੈਗ ਵਿਚ ਬਿਹਤਰ ਨਤੀਜੇ ਮਿਲੇ ਹਨ। ਗੈਸ ਫਲਸ਼ਡ ਬੈਗ ਵੈਕਿਊਮ ਪੈਕ ਵਾਂਗ ਸਖ਼ਤ ਅਤੇ 3 ਸਾਲ ਤੱਕ ਉਸੇ ਰੂਪ ਵਿਚ ਰਹਿੰਦਾ ਹੈ। ਇਸ ਤਰ੍ਹਾਂ ਭੂਰੇ ਚਾਵਲ ਨੂੰ ਸਟੋਰ ਕਰਨ ਨਾਲ ਭਾਰ ਵਿਚ 20% ਅਤੇ ਮਾਤਰਾ ਵਿਚ 30-35% ਬਚਤ ਹੋ ਸਕਦੀ ਹੈ।
ਆਟਾ ਕਣਕ ਦੇ ਦਾਣੇ ਦਾ ਪੀਸਿਆ ਹੋਇਆ ਰੂਪ ਹੈ । ਆਟੇ ਦੇ ਸਟੋਰੇਜ ਵਿੱਚ ਉੱਲੀ, ਬੈਕਟੀਰੀਆ, ਕੀੜੇ ਅਤੇ ਬਦਬੂ ਵਰਗੇ ਖਤਰੇ ਹੁੰਦੇ ਹਨ । ਠੰਢੀਆਂ ਅਤੇ ਖੁਸ਼ਕ ਹਾਲਤਾਂ ਵਿੱਚ ਪੇਪਰ ਬੈਗਾਂ ਵਿੱਚ ਪੈਕ ਕੀਤੇ ਚਿੱਟੇ ਆਟੇ ਦੀ ਸ਼ੈਲਫ ਲਾਈਫ 2-3 ਸਾਲ ਹੋ ਸਕਦੀ ਹੈ। ਭੂਰੇ ਅਤੇ ਹੋਲਮੀਲ ਆਟੇ ਦੀ ਸ਼ੈਲਫ ਲਾਈਫ ਚਿੱਟੇ ਆਟੇ ਨਾਲੋਂ ਘੱਟ ਹੁੰਦੀ ਹੈ । ਆਟੇ ਦੇ ਸਟੋਰੇਜ ਲਈ ਸਭ ਤੋਂ ਵਧੀਆ ਨਮੀ ਦਾ ਪੱਧਰ 12% ਤੋਂ ਘੱਟ ਹੋਣਾ ਚਾਹੀਦਾ ਹੈ । 13% ਤੋਂ ਵੱਧ ਨਮੀ ਤੇ ਉੱਲੀ ਲੱਗ ਸਕਦੀ ਹੈ, ਜਦਕਿ 12% ਤੋਂ ਘੱਟ ਨਮੀ ਤੇ ਲਿਪਡ ਆਕਸੀਕਰਨ ਦਾ ਖਤਰਾ ਵਧ ਜਾਂਦਾ ਹੈ ।
ਨਾਸ਼ਤੇ ਵਾਲੇ ਅਨਾਜਾਂ ਵਿੱਚ ਸਟਾਰਚ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਕੁਦਰਤੀ ਰੂਪ ਵਿਚ ਅਘੁਲਣਸ਼ੀਲ ਅਤੇ ਸਵਾਦ ਰਹਿਤ ਹੈ। ਜਿਸ ਨੂੰ ਪਚਣਯੋਗ ਬਣਾਉਣ ਲਈ ਪਕਾਉਣਾ ਜਾਂ ਪ੍ਰੋਸੈਸ ਕਰਨਾ ਜ਼ਰੂਰੀ ਹੈ ।
ਨਾਸ਼ਤੇ ਵਾਲੇ ਅਨਾਜ ਦੀਆਂ ਵਿਸ਼ੇਸ਼ਤਾਵਾਂ: ਇਹਨਾਂ ਵਿੱਚ ਫਲੇਕਡ, ਸ਼ਰੈੱਡਡ ਅਤੇ ਗ੍ਰੈਨੂਲੇਟਡ ਉਤਪਾਦ ਸ਼ਾਮਲ ਹਨ । ਇਹ ਆਮ ਤੌਰ ਤੇ ਕਣਕ, ਮੱਕੀ ਜਾਂ ਚੌਲਾਂ ਤੋਂ ਬਣਾਏ ਜਾਂਦੇ ਹਨ।
ਖਰਾਬ ਹੋਣ ਦੇ ਮੁੱਖ ਕਾਰਨ: ਨਾਸ਼ਤੇ ਵਾਲੇ ਅਨਾਜਾਂ ਦੇ ਖਰਾਬ ਹੋਣ ਦੇ ਪੰਜ ਮੁੱਖ ਕਾਰਨ ਹਨ: ਨਮੀ ਕਾਰਨ ਕੁਰਕੁਰੇਪਨ ਦਾ ਖਤਮ ਹੋਣਾ।ਲਿਪਡ ਆਕਸੀਕਰਨ ਕਾਰਨ ਬਦਬੂ ਆਉਣਾ।ਵਿਟਾਮਿਨਾਂ ਦੀ ਕਮੀ।ਉਤਪਾਦ ਦਾ ਟੁੱਟਣਾ।ਖੁਸ਼ਬੂ ਦਾ ਖਤਮ ਹੋਣਾ।
ਪੈਕੇਜਿੰਗ: ਰਵਾਇਤੀ ਤੌਰ ਤੇ, ਇਹ ਫਾਈਬਰਬੋਰਡ ਬਕਸਿਆਂ ਵਿੱਚ ਪੈਕ ਕੀਤੇ ਜਾਂਦੇ ਸਨ। ਹੁਣ ਇਹਨਾਂ ਲਈ ਐਚ.ਡੀ.ਪੀ.ਈ ਵਰਗੇ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ । ਆਕਸੀਕਰਨ ਕਾਰਨ ਆਉਣ ਵਾਲੀ ਬਦਬੂ ਨੂੰ ਘੱਟ ਕਰਨ ਲਈ ਪੈਕੇਜਿੰਗ ਦਾ ਪ੍ਰਕਾਸ਼-ਰੋਧਕ ਹੋਣਾ ਜ਼ਰੂਰੀ ਹੈ।
ਸਿੱਟਾ: ਨਮੀ ਅਤੇ ਤਾਪਮਾਨ ਅਨਾਜ ਅਤੇ ਉਹਨਾਂ ਦੇ ਆਟੇ ਦੀ ਸ਼ੈਲਫ ਲਾਈਫ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਖ ਕਾਰਕ ਹਨ । ਇਸ ਲਈ, ਵਰਤੀ ਜਾਣ ਵਾਲੀ ਪੈਕੇਜਿੰਗ ਸਮੱਗਰੀ ਵਿੱਚ ਨਮੀ ਰੋਕਣ ਦੇ ਚੰਗੇ ਗੁਣ ਹੋਣੇ ਚਾਹੀਦੇ ਹਨ । ਨਾਸ਼ਤੇ ਵਾਲੇ ਅਨਾਜਾਂ ਲਈ ਐਲੂਮੀਨੀਅਮ ਫੁਆਇਲ ਵਾਲੇ ਲੈਮੀਨੇਟਿਡ ਲਾਈਨਰ ਅਤੇ ਪੇਪਰ ਬੋਰਡ ਕਾਰਟਨ ਵਧੀਆ ਹਨ ਕਿਉਂਕਿ ਇਹ ਰੋਸ਼ਨੀ ਅਤੇ ਨਮੀ ਦੋਵਾਂ ਤੋਂ ਬਚਾਉਂਦੇ ਹਨ।
ਜਸ਼ਨਦੀਪ ਕੌਰ
ਫਰੀਦਕੋਟ

-
ਜਸ਼ਨਦੀਪ ਕੌਰ, writer
ads
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.