ਸਰਕਾਰੀ ਸਨਮਾਨ: ਗਵਰਨਰ ਹਾਊਸ ’ਚ ਸਜਿਆ ਦਰਬਾਰ
ਹਰਜਿੰਦਰ ਸਿੰਘ ਬਸਿਆਲਾ ਨੇ ਨਿਊਜ਼ੀਲੈਂਡ ਦੀ ਗਵਰਨਰ ਜਨਰਲ ਡੈਮ ਸਿੰਡੀ ਕੀਰੋ ਤੋਂ ‘ਕਿੰਗਜ਼ ਸਰਵਿਸ ਮੈਡਲ’ ਕੀਤਾ ਪ੍ਰਾਪਤ
-ਪਹਿਲੀ ਵਾਰ ਪੰਜਾਬੀ ਮੀਡੀਆ ਕਰਮੀ ਨੂੰ ਮਿਲਿਆ ਅਜਿਹਾ ਸਨਮਾਨ
-ਬਿਓਰੋ-
ਔਕਲੈਂਡ, 15 ਅਪ੍ਰੈਲ, 2026: - ਪੰਜਾਬੀ ਮੀਡੀਆ ਜਗਤ ਅਤੇ ਨਿਊਜ਼ੀਲੈਂਡ ਦੇ ਸਮੁੱਚੇ ਭਾਰਤੀ ਭਾਈਚਾਰੇ ਲਈ ਅੱਜ ਦਾ ਦਿਨ ਬੇਹੱਦ ਖ਼ਾਸ ਹੋ ਨਿੱਬੜਿਆ। ਨਿਊਜ਼ੀਲੈਂਡ ਦੇ ਪਹਿਲੇ ਆਨ ਲਾਈਨ ਅਖ਼ਬਾਰ ‘ਪੰਜਾਬੀ ਹੈਰਲਡ’ ਦੇ ਸੰਪਾਦਕ ਸ. ਹਰਜਿੰਦਰ ਸਿੰਘ ਬਸਿਆਲਾ ਨੂੰ ਅੱਜ ਔਕਲੈਂਡ ਸਥਿਤ ਗਵਰਨਰ ਹਾਊਸ ਵਿਖੇ ਆਯੋਜਿਤ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਨਿਊਜ਼ੀਲੈਂਡ ਦੀ ਗਵਰਨਰ ਜਨਰਲ ਡੈਮ ਸਿੰਡੀ ਕੀਰੋ (Dame Cindy Kiro) ਵੱਲੋਂ ‘ਕਿੰਗਜ਼ ਸਰਵਿਸ ਮੈਡਲ’ (KSM) ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਮੋਢੇ ਉਤੇ ਇਹ ਸ਼ਾਨਦਾਰ ਮੈਡਲ ਸਜਾਇਆ ਗਿਆ।
ਇਹ ਸਨਮਾਨ ਸ. ਬਸਿਆਲਾ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਬੋਲੀ, ਪੱਤਰਕਾਰੀ ਅਤੇ ਭਾਈਚਾਰਕ ਸੇਵਾਵਾਂ ਵਿੱਚ ਪਾਏ ਬੇਮਿਸਾਲ ਯੋਗਦਾਨ ਲਈ ਦਿੱਤਾ ਗਿਆ ਹੈ।
ਪਰਿਵਾਰ ਨਾਲ ਸਾਂਝੇ ਕੀਤੇ ਖ਼ੁਸ਼ੀ ਦੇ ਪਲ
ਇਹ ਮੌਕਾ ਹੋਰ ਵੀ ਭਾਵੁਕ ਅਤੇ ਮਾਣਮੱਤਾ ਹੋ ਗਿਆ ਜਦੋਂ ਸ. ਬਸਿਆਲਾ ਨੇ ਇਹ ਸਨਮਾਨ ਆਪਣੇ ਮਾਤਾ-ਪਿਤਾ ਅਤੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਪ੍ਰਾਪਤ ਕੀਤਾ। ਗਵਰਨਰ ਹਾਊਸ ਦੀ ਸ਼ਾਨਦਾਰ ਇਮਾਰਤ ਵਿੱਚ ਜਦੋਂ ਉਨ੍ਹਾਂ ਦੇ ਨਾਮ ਦਾ ਐਲਾਨ ਹੋਇਆ, ਤਾਂ ਉਨ੍ਹਾਂ ਦੇ ਮਾਤਾ-ਪਿਤਾ ਦੇ ਚਿਹਰਿਆਂ ’ਤੇ ਮਾਣ ਅਤੇ ਖ਼ੁਸ਼ੀ ਸਾਫ਼ ਝਲਕ ਰਹੀ ਸੀ।
ਸ. ਬਸਿਆਲਾ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ: ਇਹ ਸਨਮਾਨ ਮੇਰੇ ਇਕੱਲੇ ਦਾ ਨਹੀਂ, ਸਗੋਂ ਮੇਰੇ ਪਰਿਵਾਰ ਦੀਆਂ ਦੁਆਵਾਂ ਅਤੇ ਪੰਜਾਬੀ ਮੀਡੀਆ ਨਾਲ ਜੁੜੇ ਹਰ ਇੱਕ ਸ਼ੁਭਚਿੰਤਕ ਦਾ ਹੈ। ਅੱਜ ਆਪਣੇ ਮਾਤਾ-ਪਿਤਾ ਦੀ ਮੌਜੂਦਗੀ ਵਿੱਚ ਇਹ ਮੈਡਲ ਪ੍ਰਾਪਤ ਕਰਨਾ ਮੇਰੇ ਜੀਵਨ ਦਾ ਸਭ ਤੋਂ ਯਾਦਗਾਰ ਪਲ ਹੈ। ਇਹ ਸਨਮਾਨ ਨਿਊਜ਼ੀਲੈਂਡ ਦੇ ਵਿਚ ਪੰਜਾਬੀ ਮਾਂ ਬੋਲੀ ਦੇ ਵਿਕਾਸ ਅਤੇ ਪ੍ਰਚਾਰ ਵਿਚ ਲੱਗੇ ਹਰ ਮੀਡੀਆ ਕਰਮੀਆਂ ਨੂੰ ਸਮਰਪਿਤ ਹੈ, ਤਾਂ ਕਿ ਪੱਤਰਾਕੀਰ ਦੇ ਬਾਕੀ ਕਾਰਜਾਂ ਦੇ ਨਾਲ-ਨਾਲ ਪੰਜਾਬੀ ਮਾਂ ਬੋਲੀ ਦਾ ਉਦੇਸ਼ ਵੀ ਨਿਰੰਤਰ ਜ਼ਿਹਨ ਦੇ ਵਿਚ ਵਸਿਆ ਰਹੇ। ਉਨ੍ਹਾਂ ਇਸ ਮਾਣਮੱਤੇ ਐਵਾਰਡ ਦੇ ਲਈ ਆਪਮਾ ਨਾਂਅ ਨਾਮਜ਼ਦ ਕਰਨ ਵਾਲੀ ਸੰਸਥਾ ਅਤੇ ਵਿਅਕਤੀਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਮੈਡਲ ਦੇ ਲਈ ਯੋਗ ਸਮਝਿਆ।
ਕੀ ਹੈ ਕਿੰਗਜ਼ ਸਰਵਿਸ ਮੈਡਲ?
ਜ਼ਿਕਰਯੋਗ ਹੈ ਕਿ ਕਿੰਗਜ਼ ਸਰਵਿਸ ਮੈਡਲ (ਪਹਿਲਾਂ ਕੁਈਨਜ਼ ਸਰਵਿਸ ਮੈਡਲ) ਨਿਊਜ਼ੀਲੈਂਡ ਦੇ ਉਨ੍ਹਾਂ ਚੋਣਵੇਂ ਨਾਗਰਿਕਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਨਿਰਸਵਾਰਥ ਭਾਵਨਾ ਨਾਲ ਸਮਾਜ ਦੀ ਭਲਾਈ ਲਈ ਵੱਡੇ ਕਾਰਜ ਕੀਤੇ ਹੋਣ। ਸ. ਬਸਿਆਲਾ ਪਹਿਲੇ ਅਜਿਹੇ ਪੰਜਾਬੀ ਪੱਤਰਕਾਰ ਹਨ ਜਿਨ੍ਹਾਂ ਨੂੰ ਨਿਊਜ਼ੀਲੈਂਡ ਸਰਕਾਰ ਵੱਲੋਂ ਇਸ ਵੱਕਾਰੀ ਸਨਮਾਨ ਨਾਲ ਨਿਵਾਜਿਆ ਗਿਆ ਹੈ। ਇਸ ਦਾ ਐਲਾਨ ਨਵੇਂ ਸਾਲ ਦੀ ਆਮਦ ਉਤੇ ਕੀਤਾ ਗਿਆ ਸੀ ਅਤੇ ਇਹ ਐਵਾਰਡ ਤਕਸੀਮ ਕੀਤੇ ਗਏ।
ਇਸ ਪ੍ਰਾਪਤੀ ’ਤੇ ਦੇਸ਼-ਵਿਦੇਸ਼ ਦੀਆਂ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।