ਸ਼ਹੀਦ ਭਗਤ ਸਿੰਘ ਬਹੁ ਮੰਤਵੀਂ ਖੇਡ ਸਟੇਡੀਅਮ ਵਿਖੇ ਮਨਾਇਆ ਜ਼ਿਲ੍ਹਾ ਪੱਧਰੀ ਕੌਮਾਂਤਰੀ ਯੋਗਾ ਦਿਵਸ
ਅਸ਼ੋਕ ਵਰਮਾ
ਬਠਿੰਡਾ, 21 ਜੂਨ 2025 : ਸਾਡੀ ਰੋਜ਼ਾਨਾ ਵਿਅਸਤ ਅਤੇ ਤੇਜ਼ ਰਫਤਾਰ ਵਾਲੀ ਜ਼ਿੰਦਗੀ 'ਚ ਸ਼ਰੀਰ ਨੂੰ ਮਾਨਸਿਕਤਾ ਪੱਖੋਂ ਮਜਬੂਤ, ਤੰਦਰੁਸਤ ਤੇ ਨਿਰੋਗ ਰੱਖਣ ਦੇ ਲਈ ਸੰਤੁਲਿਤ ਭੋਜਨ ਅਤੇ ਯੋਗ ਅਭਿਆਸ ਦਾ ਹੋਣਾ ਬਹੁਤ ਜ਼ਰੂਰੀ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਵਿਧਾਇਕ ਬਠਿੰਡਾ ਸ਼ਹਿਰੀ ਸ ਜਗਰੂਪ ਸਿੰਘ ਗਿੱਲ ਨੇ ਸੀ.ਐਮ. ਦੀ ਯੋਗਸ਼ਾਲਾ ਦੇ ਬੈਨਰ ਹੇਠ ਸਥਾਨਕ ਸ਼ਹੀਦ ਭਗਤ ਸਿੰਘ ਬਹੁ ਮੰਤਵੀਂ ਖੇਡ ਸਟੇਡੀਅਮ ਵਿਖੇ ਕਰਵਾਏ ਗਏ 11ਵੇਂ ਜ਼ਿਲ੍ਹਾ ਪੱਧਰੀ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸੰਬੋਧਨ ਕਰਦਿਆਂ ਕੀਤਾ।ਇਸ ਮੌਕੇ ਵਿਧਾਇਕ ਸ੍ਰ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਜ਼ਿੰਦਗੀ 'ਚ ਤਣਾਓ ਗ੍ਰਸਤ ਦਿਮਾਗ ਤੇ ਸਰੀਰ ਨੂੰ ਦਵਾਈਆਂ ਤੋਂ ਬਗੈਰ ਤੰਦਰੁਸਤ ਰੱਖਣ ਲਈ ਯੋਗਾ ਅਪਣਾਉਣਾ ਚਾਹੀਦਾ ਹੈ, ਕਿਉਂਕਿ ਤੰਦਰੁਸਤ ਸਰੀਰ 'ਚ ਹੀ ਤੰਦਰੁਸਤ ਮਨ ਵਾਸ ਕਰਦਾ ਹੈ।
ਉਹਨਾਂ ਯੋਗ ਦਾ ਇਤਿਹਾਸ ਦੱਸਦਿਆਂ ਕਿਹਾ ਕਿ ਭਾਰਤੀ ਯੋਗ ਸੰਸਕ੍ਰਿਤੀ ਵਿੱਚ ਯੋਗ ਦੀ ਅਹਿਮ ਭੂਮਿਕਾ ਰਹੀ ਹੈ, ਜੇਕਰ ਅਸੀਂ ਇਸ ਦੇ ਇਤਿਹਾਸ ਬਾਰੇ ਗੱਲ ਕਰੀਏ ਤਾਂ ਇਸ ਦਾ ਇਤਿਹਾਸ ਤਕਰੀਬਨ 5 ਹਜ਼ਾਰ ਸਾਲ ਪੁਰਾਣਾ ਮੰਨਿਆ ਗਿਆ ਹੈ। ਪੁਰਾਤਨ ਸਮੇਂ ਤੋਂ ਜੋ ਸਾਡੇ ਰਿਸ਼ੀਆਂ ਵਲੋਂ ਵੱਖ-ਵੱਖ ਵਿਧੀਆਂ ਦੁਆਰਾ ਕੀਤਾ ਗਿਆ। ਵਿਧਾਇਕ ਗਿੱਲ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਸਿਹਤਮੰਦ ਪੰਜਾਬ ਦੇ ਸੁਪਨੇ ਨੂੰ ਲੈ ਕੇ 5 ਅਪ੍ਰੈਲ 2023 ਨੂੰ ਪੋਲੋ ਗਰਾਊਂਡ ਪਟਿਆਲਾ ਵਿਖੇ ਸੀ.ਐਮ. ਦੀ ਯੋਗਸ਼ਾਲਾ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਵਿੱਚ ਸ਼ੁਰੂ ਦੇ ਦਿਨਾਂ ਵਿੱਚ ਇਸ ਪ੍ਰੋਜੈਕਟ ਨੂੰ ਸਿਰਫ 4 ਸ਼ਹਿਰਾਂ ਵਿੱਚ ਰਸਮੀ ਤੌਰ ‘ਤੇ ਸ਼ੁਰੂ ਕੀਤਾ ਗਿਆ, ਪਰ ਹੁਣ ਸੀ.ਐਮ. ਦੀ ਯੋਗਸ਼ਾਲਾ ਪ੍ਰੋਜੈਕਟ ਪੂਰੇ ਪੰਜਾਬ ਦੇ ਜ਼ਿਲ੍ਹਾ ਹੈਡਕੁਆਰਟਰਾਂ ਤੋਂ ਪਿੰਡਾਂ ਤੱਕ ਸੁਚਾਰੂ ਢੰਗ ਨਾਲ ਚਲਾਇਆ ਜਾ ਰਿਹਾ ਹੈ, ਜਿਸ ਵਿੱਚ 2 ਲੱਖ ਤੋਂ ਵੱਧ ਲੋਕ ਰੋਜ਼ਾਨਾ ਯੋਗ ਦਾ ਲਾਭ ਲੈ ਰਹੇ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪੂਨਮ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ‘ਚ 126 ਰੋਜਾਨਾਂ ਯੋਗਾਂ ਕਲਾਸਾਂ 22 ਯੋਗਾ ਟ੍ਰੇਨਰਾਂ ਦੁਆਰਾ ਚਲਾਈਆਂ ਜਾ ਰਹੀਆਂ ਹਨ, ਜੋ ਕਿ ਜ਼ਿਲ੍ਹਾ ਹੈਡਕੁਆਰਟਰ, ਸਮੂਹ ਬਲਾਕ ਤੇ ਪਿੰਡ ਪੱਧਰ ‘ਤੇ ਕਰਵਾਈਆਂ ਜਾ ਰਹੀਆਂ। ਉਹਨਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਸੀਂ ਆਪਣੇ ਮੁਹੱਲੇ ਵਿੱਚ ਯੋਗ ਕਲਾਸ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਸੂਬਾ ਸਰਕਾਰ ਦੁਆਰਾ ਜਾਰੀ ਕੀਤੇ ਹੈਲਪ ਲਾਈਨ ਨੰਬਰ 76694-00500 ਜਾਂ ਵੈਬ-ਸਾਈਟ cmdiyogshala.punjab.gov.in ‘ਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਯੋਗ ਕਲਾਸ ਲਈ 25 ਮੈਂਬਰਾਂ ਦੀ ਰਜਿਸਟ੍ਰੇਸ਼ਨ ਹੋਣੀ ਲਾਜ਼ਮੀ ਹੈ।ਉਹਨਾਂ ਕਿਹਾ ਕਿ ਜ਼ਿਲ੍ਹੇ ‘ਚ ‘ਯੁੱਧ ਨਸ਼ਿਆ ਵਿਰੁੱਧ’ ਮੁਹਿੰਮ ਤਹਿਤ ਸਥਾਨਕ ਸਿਵਲ ਹਸਪਤਾਲ ਵਿੱਚ ਚੱਲ ਰਹੇ ਨਸ਼ਾ ਮੁਕਤੀ ਕੇਂਦਰ ਵਿੱਚ ਮਰੀਜ਼ਾਂ ਨੂੰ ਨਸ਼ਾ ਮੁਕਤ ਕਰਨ ਦੇ ਲਈ ਪ੍ਰਚੀਨ ਯੋਗ ਵਿਧੀ ਵਰਤੀ ਜਾ ਰਹੀ ਹੈ। ਮਰੀਜ਼ਾ ਨੂੰ ਰੋਜਾਨਾ ਸਵੇਰੇ ਅਤੇ ਸ਼ਾਮ ਇੱਕ ਘੰਟਾ ਯੋਗ ਕਿਰਿਆਵਾਂ ਕਰਵਾਈਆਂ ਜਾ ਰਹੀਆਂ ਹਨ।
ਇਸ ਤੋਂ ਪਹਿਲਾਂ ਜ਼ਿਲ੍ਹਾ ਕੁਆਰਡੀਨੇਟਰ ਸ ਲਵਪ੍ਰੀਤ ਸਿੰਘ ਅਤੇ ਟ੍ਰੇਨਰ ਹਰਸ਼ ਸ਼ਰਮਾ ਦੁਆਰਾ ਮੌਜੂਦ ਯੋਗ ਪ੍ਰੇਮੀਆਂ ਨੂੰ ਵੱਖ-ਵੱਖ ਤਰ੍ਹਾਂ ਦੇ ਯੋਗ ਅਭਿਆਸ ਕਰਵਾਏ ਗਏ। ਇਸ ਮੌਕੇ ਵੱਖ-ਵੱਖ ਸ਼ਖਸ਼ੀਅਤਾਂ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੈਡਮ ਕੰਚਨ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪੂਨਮ ਸਿੰਘ, ਚੇਅਰਮੈਨ ਸ ਜਤਿੰਦਰ ਸਿੰਘ ਭੱਲਾ, ਚੇਅਰਮੈਨ ਰਾਕੇਸ਼ ਪੁਰੀ, ਚੇਅਰਮੈਨ ਬੱਲੀ ਬਲਜੀਤ, ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ੍ ਅਮਰਜੀਤ ਮਹਿਤਾ ਤੋਂ ਇਲਾਵਾ ਸਹਾਇਕ ਕਮਿਸ਼ਨਰ ਜਨਰਲ ਸ਼੍ਰੀ ਗਗਨਦੀਪ ਸਿੰਘ, ਮੁੱਖ ਮੰਤਰੀ ਖੇਤਰੀ ਫੀਲਡ ਅਫਸਰ ਸ੍ਰੀ ਰਮਨਜੀਤ ਸਿੰਘ, ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫਸਰ ਡਾ ਬਲਦੇਵ ਰਾਜ, ਆਯੁਰਵੈਦਿਕ ਮੈਡੀਕਲ ਅਫਸਰ ਸਿਵਲ ਹਸਪਤਾਲ ਡਾ ਅਨੁਰਾਗ ਗਿਰਧਰ, ਕੌਂਸਲਰ ਸ੍ਰੀ ਸੁਖਦੀਪ ਸਿੰਘ ਢਿੱਲੋ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਈਵੈਂਟ ਇੰਚਾਰਜ ਸ੍ਰੀ ਬਿਕਰਮ ਲਵਲੀ ਤੋਂ ਇਲਾਵਾ ਲਗਭਗ 1500 ਯੋਗ ਪ੍ਰੇਮੀ ਆਦਿ ਹਾਜ਼ਰ ਸਨ।