Babushahi Special: 'ਦੀਵੇ ਬਾਲਾਂਗੇ ਹਨ੍ਹੇਰਿਆਂ ਦੀ ਹਿੱਕ 'ਤੇ... ਬਣੀ 'ਗਗਨ' ਦੇ 'ਅੱਥਰੇ' ਜਨੂਨ ਦੀ ਉਡਾਣ
ਅਸ਼ੋਕ ਵਰਮਾ
ਬਠਿੰਡਾ, 20 ਜੂਨ 2025: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਪੁਰਖਿਆਂ ਦੇ ਪਿੰਡ ਮਹਿਰਾਜ਼ ਦੀ ਨੂੰਹ ਗਗਨਦੀਪ ਕੌਰ ਹੁਣ ਬੇਕਰੀ ਦੀ ਮਾਲਕ ਹੈ ਜਿਸ ਵਿੱਚ ਜਨਮ ਦਿਨ ਦੇ ਕੇਕ , ਪੇਸਟਰੀਆਂ, ਦਹੀਂ ਭੱਲੇ ਤੇ ਹੋਰ ਸਵਾਦਲੀਆਂ ਵਸਤਾਂ ਬਣਦੀਆਂ ਹਨ। ਇੰਨ੍ਹਾਂ ਵਸਤਾਂ ਨੂੰ ਗਗਨਦੀਪ ਆਪਣੇ ਹੱਥੀਂ ਤਿਆਰ ਕਰਦੀ ਹੈ। ਵਕਤ ਨਾਲ ਬਦਲੇ ਦਿਨ੍ਹਾਂ ਦੀ ਗੱਲ ਹੈ ਜੋ ਤੋਰੀ ਹੈ ਮਹਿਰਾਜ ਦੀ ਇਸ ਧੀਅ ਰਾਣੀ ਨੇ। ਉਹ ਵੀ ਦਿਨ ਸਨ ਜਦੋਂ ਬਠਿੰਡਾ ਇਲਾਕੇ ਦੇ ਪਿੰਡਾਂ ’ਚ ਧੀਆਂ ਭੈਣਾਂ ਦਾ ਘਰੋਂ ਪੈਰ ਪੁੱਟਣਾ ਜ਼ੁਰਮ ਬਰਾਬਰ ਸੀ। ਗਗਨਦੀਪ ਨੇ ਆਪਣੇ ਹੌਂਸਲੇ ਅਤੇ ਜਨੂੰਨ ਨਾਲ ਹੁਣ ਰਾਹ ਖੋਲ੍ਹ ਦਿੱਤਾ ਹੈ ਜਿਸ ’ਤੇ ਰੁਜ਼ਗਾਰ ਲਈ ਹਰ ਕੋਈ ਮਹਿਲਾ ਤੁਰ ਸਕਦੀ ਹੈ। ਗਗਨਦੀਪ ਨੇ ਪੁਰਾਣੇ ਵਿਚਾਰਾਂ ਦਾ ਬੰਨ੍ਹ ਤੋੜਿਆ ਹੈ । ਜਦੋਂ ਉਹ ਕੇਕ ਅਤੇ ਦੀਂ ਭੱਲੇ ਵਗੈਰਾ ਤਿਆਰ ਕਰਦੀ ਹੈ ਤਾਂ ਪਹਿਲੀ ਨਜ਼ਰੇ ਹਰ ਕੋਈ ਦੇਖਦਾ ਰਹਿ ਜਾਂਦਾ ਹੈ।

ਪੂਰੇ ਆਤਮ ਵਿਸ਼ਵਾਸ਼ ਨਾਲ ਲਬਰੇਜ਼ ਨਗਰ ਪੰਚਾਇਤ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਗੁਰਚੇਤ ਸਿੰਘ ਚੇਤੀ ਦੀ ਨੂੰਹ ਰਾਣੀ ਅਤੇ ਆਲੂ ਉਤਪਾਦਕ ਕਿਸਾਨ ਮਨਵੀਰ ਸਿੰਘ ਦੀ ਪਤਨੀ ਗਗਨਦੀਪ ਕੌਰ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਿਆਹ ਤੋਂ ਪਹਿਲਾਂ ਵੀ ਉਸ ਦੇ ਮਨ ’ਚ ਇੱਕ ਜਨੂੰਨ ਸੀ ਕਿ ਜਿੰਦਗੀ ਵਿੱਚ ਕੁੱਝ ਕਰਕੇ ਦਿਖਾਉਣਾ ਹੈ। ਇਸ ਜਨੂੰਨ ਤਹਿਤ ਉਸ ਨੇ ਬਰਨਾਲਾ ਤੋਂ ਬੇਕਰੀ ਦੀ ਸਿਖਲਾਈ ਲਈ ਸੀ । ਉਨ੍ਹਾਂ ਦੱਸਿਆ ਕਿ ਉਸ ਦਾ ਵਿਆਹ ਕਰੀਬ 22 ਸਾਲ ਦੀ ਉਮਰ ’ਚ ਹੋਇਆ ਸੀ ਤੇ ਹੁਣ ਉਹ ਇੱਕ ਬੱਚੇ ਦੀ ਮਾਂ ਹੈ ਜਿਸ ਦੀ ਉਮਰ ਤਕਰੀਬਨ 12 ਸਾਲ ਹੈ। ਉਹ ਦੱਸਦੀ ਹੈ ਕਿ ਉਸ ਨੇ ਨਵੰਬਰ 2024 ’ਚ ਉਸ ਨੇ ਬੇਕਰੀ ਦਾ ਕੰਮ ਸ਼ੁਰੂ ਕੀਤਾ ਸੀ ਜਿਸ ਦੇ ਬਣੇ ਉਤਪਾਦ ਉਹ ਸੋਸ਼ਲ ਮੀਡੀਆ ਰਾਹੀਂ ਵੇਚ ਰਹੀ ਹੈ ਅਤੇ ਇਲਾਕੇ ਚੋਂ ਵੀ ਆਰਡਰ ਮਿਲਣ ਲੱਗੇ ਹਨ।
ਗਗਨਦੀਪ ਨੇ ਦੱਸਿਆ ਕਿ ਉਹ ਸਾਂਝੇ ਅਤੇ ਆਰਥਿਕ ਤੌਰ ਤੇ ਸਮਰੱਥ ਪ੍ਰੀਵਾਰ ’ਚ ਵਿਆਹੀ ਹੋਈ ਹੈ। ਜੇਕਰ ਉਹ ਚਾਹੁੰਦੀ ਤਾਂ ਉਹ ਵੀ ਹੋਰਨਾਂ ਵਾਂਗ ਐਸ਼ੋ ਇਸ਼ਰਤ ਦੀ ਜਿੰਦਗੀ ਜੀਅ ਸਕਦੀ ਸੀ ਪਰ ਉਹ ਆਪਣੇ ਹੱਥੀਂ ਕੁੱਝ ਕਰਕੇ ਇੱਕ ਮਿਸਾਲ ਬਣਨਾ ਚਾਹੁੰਦੀ ਸੀ ਤਾਹੀਂਓ ਉਸ ਨੇ ਇਸ ਤਰਫ ਪੈਰ ਪੁੱਟੇ ਸਨ। ਗਗਨਦੀਪ ਨੇ ਦੱਸਿਆ ਕਿ ਪਹਿਲੋ ਪਹਿਲ ਜਦੋਂ ਉਹ ਸਮਾਨ ਤਿਆਰ ਕਰਦੀ ਤਾਂ ਉਸ ਨੂੰ ਹੈਰਾਨੀ ਭਰੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਸੀ । ਹੁਣ ਤਾਂ ਵੱਡੀ ਉਮਰ ਦੀਆਂ ਔਰਤਾਂ ਸਿਰ ਪਲੋਸਕੇ ਸ਼ਾਬਾਸ਼ ਦਿੰਦੀਆਂ ਹਨ। ਉਸਨੇ ਇੱਥੋਂ ਤੱਕ ਆਖਿਆ ਕਿ ਕਈ ਔਰਤਾਂ ਤਾਂ ਇਹ ਆਖਦੀਆਂ ਹਨ ਕਿ ਆਪਾਂ ਤਾਂ ਐਵੇਂ ਸ਼ਰਮ ਦੀਆਂ ਮਾਰੀਆਂ ਪਈਆਂ ਹਾਂ ਗਗਨਦੀਪ ਨੇ ਤਾਂ ਹੱਥਾਂ ਤੇ ਸਰ੍ਹੋਂ ਜਮਾਕੇ ਦਿਖਾ ਦਿੱਤੀ ਹੈ। ਬੇਸ਼ੱਕ ਕੋਈ ਵੀ ਸਫਲਤਾ ਅੰਤਿਮ ਨਹੀਂ ਹੁੰਦੀ ,ਫਿਰ ਵੀ ਗਗਨਦੀਪ ਹੁਣ ਤੱਕ ਦੇ ਕੰਮ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ।
ਪ੍ਰੀਵਾਰ ਦੀ ਹੱਲਾਸ਼ੇਰੀ ਨੇ ਖੰਭ ਲਾਏ
ਗਗਨਦੀਪ ਕੌਰ ਨੇ ਦੱਸਿਆ ਕਿ ਆਪਣੇ ਇਸ ਪ੍ਰਜੈਕਟ ਸਬੰਧੀ ਜਦੋਂ ਗੱਲ ਕੀਤੀ ਤਾਂ ਉਸ ਦੇ ਹੱਕ ’ਚ ਸਾਰਾ ਪ੍ਰੀਵਾਰ ਇੱਕ ਮੋਰੀ ਨਿਕਲ ਗਿਆ। ਪਤੀ ਮਨਵੀਰ ਸਿੰਘ ਨੇ ਉਸ ਨੂੰ ਫਾਸਟ ਫੂਡ, ਦਹੀਂ ਭੱਲੇ ਅਤੇ ਹੋਰ ਵੱਖ ਵੱਖ ਵਸਤਾਂ ਦੀ ਰਾਮਪੁਰਾ ਤੋਂ ਸਿਖਲਾਈ ਦਿਵਾਈ। ਹੁਣ ਵੀ ਪਤੀ ਹਰ ਕਦਮ ਤੇ ਉਸ ਦੇ ਬਰਾਬਰ ਖਲੋਂਦੇ ਹਨ ਅਤੇ ਉਨ੍ਹਾਂ ਦੇ ਮੂੰਹੋਂ ਕਦੇ ਨਾਂਹ ਨਹੀਂ ਨਿਕਲਦੀ ਹੈ। ਗਗਨਦੀਪ ਨੇ ਦੱਸਿਆ ਕਿ ਉਸ ਦਾ ਲੜਕਾ ਵੀ ਉਸ ਦਾ ਹੱਥ ਵਟਾਉਂਦਾ ਹੈ। ਵੱਡੀ ਗੱਲ ਹੈ ਕਿ ਜਿਸ ਵੱਡੇ ਕੁਨਬੇ ਦੀ ਉਹ ਨੂੰਹ ਹੈ ਉਸ ਦੇ ਕਿਸੇ ਵੀ ਜੀਅ ਨੇ ਕਦੇ ਮੱਥੇ ਵੱਟ ਨਹੀਂ ਪਾਇਆ ਹੈ।
ਹੌਂਸਲੇ ਨੂੰ ਦਿੱਤੀ ਭੈਣ ਨੇ ਉਡਾਣ
ਗਗਨਦੀਪ ਕੌਰ ਨੇ ਦੱਸਿਆ ਕਿ ਇਸ ਕੰਮ ਲਈ ਉਸ ਦੇ ਹੌਂਸਲੇ ਨੂੰ ਉਡਾਣ ਦੇਣ ’ਚ ਉਸ ਦੀ ਮੂੰਹ ਬੋਲੀ ਭੈਣ ਨਵਜੋਤਪ੍ਰੀਤ ਕੌਰ ਅਤੇ ਉਨ੍ਹਾਂ ਦੇ ਪਿ੍ਰੰਸੀਪਲ ਪਤੀ ਕੁਲਜੀਤ ਸਿੰਘ ਸਿੱਧੂ ਦਾ ਅਹਿਮ ਯੋਗਦਾਨ ਹੈ। ਉਸ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਕੁਕਿੰਗ ਦਾ ਸ਼ੌਕ ਸੀ ਜਿਸ ਬਾਰੇ ਉਸ ਨੇ ਨਵਜੋਤਪ੍ਰੀਤ ਨਾਲ ਚਰਚਾ ਕੀਤੀ ਤਾਂ ਉਸ ਨੇ ਪੂਰੀ ਹੱਲਾਸ਼ੇਰੀ ਦਿੱਤੀ ਜਿਸ ਸਦਕਾ ਹੁਣ ਉਹ ਕੇਕ ਪੇਸਟਰੀਆਂ, ਦਹੀਂ ਪੱਲੇ ਅਤੇ ਫਾਸਟ ਫੂਡ ਤਿਆਰ ਕਰਕੇ ਵੇਚ ਰਹੀ ਹੈ। ਗਗਨਦੀਪ ਨੇ ਦੱਸਿਆ ਕਿ ਹੁਣ ਉਸ ਦਾ ਸਮਾਨ ਹੱਥੋਂ ਹੱਥੀਂ ਵਿਕਣ ਲੱਗਾ ਹੈ ਜਿਸ ਦਾ ਕਾਰਨ ਉਸਦਾ ‘ਠੇਠ ਮੁੰਬਈਆ’ ਸਵਾਦ ਹੋਣਾ ਹੈ।
ਸਾਡੀ ਧੀਅ ਸਾਡਾ ਮਾਣ: ਪ੍ਰਧਾਨ
ਗਗਨਦੀਪ ਦੇ ਬਾਪੂ ਜੀ (ਸਹੁਰਾ) ਗੁਰਚੇਤ ਸਿੰਘ ਚੇਤੀ ਦਾ ਕਹਿਣਾ ਸੀ ਕਿ ਸਾਡੀ ਧੀਅ ਗਗਨਦੀਪ ਸਾਡਾ ਮਾਣ ਹੈ ਜਿਸ ਨੇ ਪ੍ਰੀਵਾਰ ਦਾ ਨਾਮ ਉੱਚਾ ਕੀਤਾ ਹੈ। ਉਨ੍ਹਾਂ ਪ੍ਰਮਾਤਮਾ ਤੋਂ ਏਦਾਂ ਦੀਆਂ ਹੁਨਰਮੰਦ ਧੀਆਂ ਸਭ ਨੂੰ ਦੇਣ ਦੀ ਦੁਆ ਮੰਗੀ ਹੈ।
ਗਗਨਦੀਪ ਰਾਹ ਦਸੇਰਾ:ਕੋਟਫੱਤਾ
ਸਾਬਕਾ ਜਿਲ੍ਹਾ ਸਿੱਖਿਆ ਅਫਸਰ ਡਾਕਟਰ ਅਮਰਜੀਤ ਕੌਰ ਕੋਟਫੱਤਾ ਦਾ ਕਹਿਣਾ ਕਿ ਔਰਤਾਂ ਵਿੱਚ ਹਿੰਮਤ ਅਤੇ ਹੌਂਸਲੇ ਦੀ ਘਾਟ ਨਹੀਂ ਹੁੰਦੀ ਬੱਸ ਕੁੱਝ ਕਰ ਦਿਖਾਉਣ ਲਈ ਮੌਕੇ ਮਿਲਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਗਗਨਦੀਪ ਕੌਰ ਵੱਲੋਂ ਬੇਕਰੀ ਸਨਅਤ ’ਚ ਲੜਕੀਆਂ ਲਈ ਰੁਜ਼ਗਾਰ ਦੇ ਇਸ ਤਰ੍ਹਾਂ ਦੇ ਮੌਕੇ ਖੋਹਲਣ ਦੀ ਪਹਿਲਕਦਮੀ ਕਰਨਾ ਚੰਗੀ ਗੱਲ ਹੈ । ਉਨ੍ਹਾਂ ਕਿਹਾ ਕਿ ਹੋਰਨਾਂ ਲੜਕੀਆਂ ਨੂੰ ਵੀ ਗਗਨਦੀਪ ਵਾਂਗ ਸਵੈਰੁਜ਼ਗਾਰ ਲਈ ਅੱਗੇ ਵਧਣਾ ਚਾਹੀਦਾ ਹੈ।