ਹੜਾ ਨਾਲ ਨਜਿੱਠਣ ਲਈ ਪ੍ਰਸ਼ਾਸਨ ਸਤਰਕ
ਦੀਪਕ ਜੈਨ
ਜਗਰਾਉਂ 1 ਜੁਲਾਈ 2024- ਹੜ੍ਹਾਂ ਦੀ ਰੋਕਥਾਮ ਲਈ ਅਗਾਊਂ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਅੱਜ ਸ੍ਰੀ ਗੁਰਬੀਰ ਸਿੰਘ ਕੋਹਲੀ, ਪੀ.ਸੀ.ਐਸ. ਉਪ ਮੰਡਲ ਮੈਜਿਸਟਰੇਟ, ਜਗਰਾਉਂ ਨੇ ਸਬ ਡਵੀਜ਼ਨ ਦੇ ਸਮੂਹ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਅਗਾਊਂ ਪ੍ਰਬੰਧ ਕਰਨ ਲਈ ਨਿਰਦੇਸ਼ ਦਿੱਤੇ ਗਏ। ਸ੍ਰੀ ਕੋਹਲੀ ਨੇ ਦੱਸਿਆ ਕਿ ਸਬ ਡਵੀਜ਼ਨ ਵਿੱਚ ਦੋ ਕੰਟਰੋਲ ਰੂਮ ਤਹਿਸੀਲ ਦਫਤਰ ਜਗਰਾਉਂ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਸਿੱਧਵਾਂ ਬੇਟ ਦੇ ਦਫਤਰ ਵਿੱਚ ਬਣਾਏ ਗਏ ਹਨ ਅਤੇ ਇਨ੍ਹਾਂ ਕੰਟਰੋਲ ਰੂਮਾਂ 'ਤੇ 24 ਘੰਟੇ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਨੇ ਬੀ.ਡੀ.ਪੀ.ਓ. ਨੂੰ ਹੜ੍ਹਾਂ ਵਿੱਚ ਪ੍ਰਯੋਗ ਕੀਤੇ ਜਾਣ ਵਾਲੇ ਸਮਾਨ ਦੀ ਪੜਤਾਲ ਕਰਨ ਲਈ ਹਦਾਇਤ ਕੀਤੀ ਅਤੇ ਕਿਹਾ ਕਿ ਜੇਕਰ ਕੋਈ ਸਮਾਨ ਖਰਾਬ ਹੈ ਤਾਂ ਉਸ ਨੂੰ ਤੁਰੰਤ ਠੀਕ ਕਰਵਾਇਆ ਜਾਵੇ।
ਉਨ੍ਹਾਂ ਦੱਸਿਆ ਕਿ ਹੜ੍ਹਾਂ ਦੀ ਮਾਰ ਹੇਠ ਆਉਣ ਵਾਲੇ ਪਿੰਡਾਂ ਦੀ ਨਿਗਰਾਨੀ ਲਈ 24 ਘੰਟੇ ਪੈਟਰੋਲਿੰਗ ਸੁਰੂ ਕੀਤੀ ਜਾਵੇਗੀ ਅਤੇ ਸਤਲੁਜ ਦਰਿਆ ਦੇ ਸੰਵੇਦਨਸ਼ੀਲ ਥਾਵਾਂ 'ਤੇ ਖਾਸ ਨਿਗਰਾਨੀ ਰੱਖੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਹੜ੍ਹ ਆਉਣ ਦੀ ਸੂਰਤ ਵਿੱਚ ਬਚਾਓ ਕੇਂਦਰ ਬਣਾਉਣ ਲਈ ਹਦਾਇਤ ਕੀਤੀ ਗਈ ਹੈ ਅਤੇ ਉਨ੍ਹਾਂ ਵਿੱਚ ਲੋਕਾਂ ਦੇ ਠਹਿਰਣ, ਖਾਣੇ ਆਦਿ ਦਾ ਪ੍ਰਬੰਧ ਕਰਨਾ ਵੀ ਯਕੀਨੀ ਬਣਾਇਆ ਜਾਵੇ। ਖੁਰਾਕ ਅਤੇ ਸਪਲਾਈ ਵਿਭਾਗ/ਪਨਸਪ ਵਿਭਾਗ ਨੂੰ ਪੈਟਰੋਲ/ਡੀਜ਼ਲ/ਮਿੱਟੀ ਦੇ ਤੇਲ, ਤਰਪਾਲਾਂ ਦਾ ਪ੍ਰਬੰਧ ਕਰਨ ਲਈ ਹਦਾਇਤ ਕੀਤੀ। ਪਸੂਆਂ ਦੇ ਨੁਕਸਾਨ ਅਤੇ ਚਾਰੇ/ਵੈਕਸੀਨ ਦੇ ਪ੍ਰਬੰਧਾਂ ਲਈ ਸੀਨੀਅਰ ਵੈਟਰਨਰੀ ਅਫਸਰ ਨੂੰ ਪ੍ਰਬੰਧ ਕਰਨ ਲਈ ਕਿਹਾ। ਸੀਨੀਅਰ ਮੈਡੀਕਲ ਅਫਸਰ ਜਗਰਾਉਂ/ਸਿੱਧਵਾਂ ਬੇਟ ਨੂੰ ਬਾਰਸਾਂ ਅਤੇ ਹੜ੍ਹ ਆਉਣ ਦੀ ਸੂਰਤ ਵਿੱਚ ਦਵਾਈਆਂ ਦਾ ਭਰਪੂਰ ਸਟਾਕ ਰੱਖਣ ਲਈ ਹਦਾਇਤ ਕੀਤੀ। ਡਰੇਨਜ਼ ਵਿਭਾਗ ਅਤੇ ਕਾਰਜ ਸਾਧਕ ਅਫਸਰ, ਨਗਰ ਕੌਂਸਲ ਜਗਰਾਉਂ ਨੂੰ ਸਬ ਡਵੀਜ਼ਨ ਵਿੱਚ ਪੈਂਦੀਆਂ ਡਰੇਨਾਂ ਚਚਰਾੜੀ-ਜੱਸੋਵਾਲ ਡਰੇਨ, ਮੋਗਾ ਅਤੇ ਮਲਕ ਡਰੇਨਾਂ ਦਾ ਸਫਾਈ ਦਾ ਕੰਮ ਜਲਦੀ ਪੂਰਾ ਕਰਨ ਹਦਾਇਤ ਕੀਤੀ ਤਾਂ ਜੋ ਹੜ੍ਹਾਂ ਵਰਗੀ ਸਥਿਤੀ ਤੋਂ ਬਚਿਆ ਜਾ ਸਕੇ।
ਇਸ ਤੋਂ ਇਲਾਵਾ ਬੁੱਢੇ ਨਾਲੇ ਦੀ ਸਫਾਈ ਸਬੰਧੀ ਵੀ ਕਾਰਜਕਾਰੀ ਇੰਜੀਨੀਅਰ ਸਿੰਚਾਈ ਵਿਭਾਗ, ਲੁਧਿਆਣਾ ਨੂੰ ਜਲਦੀ ਕਾਰਵਾਈ ਕਰਨ ਲਈ ਕਿਹਾ। ਇਸ ਤੋਂ ਇਲਾਵਾ ਗੈਰ ਸਰਕਾਰੀ ਸੰਸਥਾਵਾਂ ਦੇ ਨੁਮਾਇੰਦਿਆਂ/ਪਿੰਡਾਂ ਦੇ ਸਰਪੰਚਾਂ/ਨੰਬਰਦਾਰਾਂ/ਮੋਹਤਬਰ ਵਿਅਕੀਤਆਂ ਨੂੰ ਸੰਭਵ ਸਹਾਇਤਾ ਦੇਣ ਲਈ ਪ੍ਰੇਰਿਤ ਕਰਨ। ਅੱਜ ਦੀ ਮੀਟਿੰਗ ਵਿੱਚ ਡੀ.ਐਸ.ਪੀ. ਜਯਸਜੋਤ ਸਿੰਘ, ਸ੍ਰੀਮਤੀ ਗੁਰਪ੍ਰੀਤ ਕੌਰ ਨਾਇਬ ਤਹਿਸੀਲਦਾਰ ਸਿੱਧਵਾਂ ਬੇਟ, ਖੇਤੀਬਾੜੀ ਅਫਸਰ ਧਨਰਾਜ, ਰਮਿੰਦਰ ਸਿੰਘ, ਸ਼ਹਾਬ ਅਹਿਮਦ, ਸੀਨੀਅਰ ਮੈਡੀਕਲ ਅਫਸਰ ਹਰਜੀਤ ਸਿੰਘ, ਡਰੇਨਜ਼ ਵਿਭਾਗ ਦੇ ਐਸ.ਡੀ.ਓ. ਨਵਜੋਤ ਸਿੰਘ, ਏ. ਈ. ਹਰਮਨਦੀਪ ਸਿੰਘ, ਏ.ਏ.ਈ. ਮਨਜੀਤ ਸਿੰਘ, ਏ.ਈ. ਜਗਰਾਜ ਸਿੰਘ, ਬੇਅੰਤ ਸਿੰਘ ਏ.ਐਫ.ਐਸ.ਓ., ਬਲਵਿੰਦਰ ਸਿੰਘ ਐਸ.ਡੀ.ਓ., ਗੁਰਪ੍ਰੀਤ ਸਿੰਘ ਮੱਲ੍ਹੀ ਐਸ.ਡੀ.ਓ. ਆਦਿ ਹਾਜ਼ਰ ਸਨ।