ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਦੇ ਰਵੱਈਏ ਦੀ ਸਖਤ ਨਿਖੇਧੀ
- ਸੱਤ ਜੁਲਾਈ ਨੂੰ ਭਰਵਾਂ ਰੋਸ ਮੁਜਾਹਰਾ ਕਰਨਗੇ ਵੈਟਨਰੀ ਇੰਸਪੈਕਟਰ
ਜਲੰਧਰ, 3 ਜੁਲਾਈ 2024 - ਪੰਜਾਬ ਸਰਕਾਰ ਅਤੇ ਪਸ਼ੂ ਪਾਲਣ ਵਿਭਾਗ ਵੱਲੋਂ ਵੈਟਨਰੀ ਇੰਸਪੈਕਟਰਜ ਕੇਡਰ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਵਿਰੋਧ ਵਜੋਂ ਪੰਜਾਬ ਭਰ ਦੇ ਵੈਟਨਰੀ ਇੰਸਪੈਕਟਰ ਜਿਮਨੀ ਚੋਣ ਦੌਰਾਨ ਪੰਜਾਬ ਸਰਕਾਰ ਦਾ ਡਟਵਾਂ ਵਿਰੋਧ ਕਰਨਗੇ।ਸਰਕਾਰ ਦੇ ਮੁਲਾਜਮ ਮਾਰੂ ਰਵੱਈਏ ਦੇ ਖਿਲਾਫ ਮਿਤੀ 7ਜੁਲਾਈ ਨੂੰ ਜਲੰਧਰ ਸਥਿਤ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘੇਰਾਉ ਕੀਤਾ ਜਾਵੇਗਾ।ਪੰਜਾਬ ਸਰਕਾਰ ਦੇ ਮੁਲਾਜਮ ਮਾਰੂ ਰਵੱਈਏ ਦੇ ਪਰਦਾਫਾਸ਼ ਕਰਨ ਵਜੋ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਨੇ ਜਲੰਧਰ ਪਰੈਸ ਕਲੱਬ ਵਿਖੇ ਬੁਲਾਈ ਪਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਗੁਰਦੀਪ ਸਿੰਘ ਬਾਸੀ ਅਤੇ ਜਨਰਲ ਸਕੱਤਰ ਵਿਪਨ ਕੁਮਾਰ ਗੋਇਲ ਨੇ ਦੱਸਿਆ ਕੇ ਪਸ਼ੂ ਪਾਲਣ ਵਿਭਾਗ ਦੀ 90% ਜਮੀਨੀ ਕੰਮ ਵੈਟਨਰੀ ਇੰਸਪੈਕਟਰ ਕੇਡਰ ਦੇ ਕੋਲ ਹੈ।ਪਰੰਤੂ ਪੰਜਾਬ ਸਰਕਾਰ ਅਤੇ ਪਸ਼ੂ ਪਾਲਣ ਵਿਭਾਗ ਵੈਟਨਰੀ ਇੰਸਪੈਕਟਰ ਕੇਡਰ ਦੀਆਂ ਹੱਕੀ ਅਤੇ ਜਾਇਜ ਮੰਗਾਂ ਨੂੰ ਸੁਣਨ ਤੋ ਇਨਕਾਰੀ ਹੈ।ਪੰਜਾਬ ਵਿਚ ਆਮ ਆਦਮੀ ਦੀ ਸਰਕਾਰ ਲਿਆਉਣ ਵਿਚ ਮੁਲਾਜਮ ਵਰਗ ਨੇ ਵੱਡਾ ਹਿੱਸਾ ਪਾਇਆ।
ਮੁਲਾਜਮ ਵਰਗ ਨੂੰ ਪੰਜਾਬ ਸਰਕਾਰ ਤੋਂ ਵੱਡੀਆਂ ਉਮੀਦਾਂ ਸਨ।ਪਰੰਤੂ ਪੰਜਾਬ ਸਰਕਾਰ ਨੇ ਪਿਛਲੇ ਦੋ ਸਾਲਾਂ ਦੇ ਅੰਦਰ ਮੁਲਾਜਮਾਂ ਦੀਆਂ ਵਿੱਤੀ ਮੰਗਾਂ ਤਾਂ ਕੀ ਸੁਣਨੀਆਂ ਹਨ, ਸਗੋਂ ਵਿਭਾਗੀ ਮੁਸ਼ਕਿਲਾਂ ਦੇ ਨਿਪਟਾਰੇ ਲਈ ਵੀ ਵੈਟਨਰੀ ਇੰਸਪੈਕਟਰ ਕੇਡਰ ਨੂੰ ਸਮਾਂ ਨਹੀ ਦਿੱਤਾ।ਪੰਜਾਬ ਦੇ ਵੈਟਨਰੀ ਇੰਸਪੈਕਟਰ ਪੇਅ ਸਕੇਲਾਂ ਦੀਆਂ ਤਰੁੱਟੀਆਂ, ਵਿਭਾਗ ਦੇ ਪੁਨਰਗਠਨ ਦੌਰਾਨ ਹੋਈ ਧੱਕੇਸ਼ਾਹੀ, ਜਿਲਾ ਵੈਟਨਰੀ ਇੰਸਪੈਕਟਰ ਦੇ ਘੱਟ ਪੇਅ ਸਕੇਲ, ਤਹਿਸੀਲ ਪੱਧਰੀ ਸੀਨੀਅਰ ਵੈਟਨਰੀ ਇੰਸਪੈਕਟਰ ਦੀ ਪਲੇਸਮੈਂਟ ਨੂੰ ਪਰਮੋਸ਼ਨ ਕਰਵਾਉਣ, 18 ਮਹੀਨੇ ਦੀ ਰੈਗੂਲਰ ਸਰਵਿਸ ਨੂੰ ਗਿਣਨ, ਨਵੇਂ ਭਰਤੀ ਹੋਏ ਵੈਟਨਰੀ ਇੰਸਪੈਕਟਰਾਂ ਦੇ ਤਨਖਾਹ ਸਕੇਲ ਨੂੰ ਪੰਜਾਬ ਦਾ ਤਨਖਾਹ ਸਕੇਲ ਦੇਣ, ਵੈਟਨਰੀ ਇੰਸਪੈਕਟਰ ਕੇਡਰ ਦੀ ਰਜਿਸ਼ਟਰੇਸ਼ਨ ਕੌਂਸਲ ਬਣਾਉਣ,ਜਿਲਾ ਪਰੀਸ਼ਦ ਨੂੰ ਦਿੱਤੀਆਂ 582 ਪੋਸਟਾਂ ਬਹਾਲ ਕਰਨ,ਡਿਪਲੋਮੇ ਦੀ ਟੈਨਿਓਰ ਵਧਾਉਣ,ਬਣਦਾ ਮਹਿੰਗਾਈ ਭੱਤਾ ਦੇਣ ਲਈ ਪੰਜਾਬ ਸਰਕਾਰ ਨੂੰ ਲਗਾਤਾਰ ਬੇਨਤੀਆਂ ਕਰਦੇ ਰਹੇ।ਪਸ਼ੂ ਪਾਲਣ ਵਿਭਾਗ ਦੀ ਅਫਸਰਸ਼ਾਹੀ ਨੇ ਕਿਸੇ ਮਸਲੇ ਦੇ ਨਿਪਟਾਰੇ ਲਈ ਵੈਟਨਰੀ ਇੰਸਪੈਕਟਰਾਂ ਨੂੰ ਪੈਨਲ ਮੀਟਿੰਗ ਤੱਕ ਨਹੀ ਦਿੱਤੀ।
ਪੰਜਾਬ ਸਰਕਾਰ ਅਤੇ ਪਸ਼ੂ ਪਾਲਣ ਵਿਭਾਗ ਦੇ ਇਸ ਮੁਲਾਜਮ ਮਾਰੂ ਰਵੱਈਏ ਤੋਂ ਪਰੇਸ਼ਾਨ ਵੈਟਨਰੀ ਇੰਸਪੈਕਟਰ ਸੱਤ ਜੁਲਾਈ ਨੂੰ ਜਲੰਧਰ ਜਿਮਨੀ ਚੋਣ ਦੌਰਾਨ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਦਾ ਘੇਰਾਉ ਕਰਨਗੇ।ਜੇਕਰ ਪੰਜਾਬ ਸਰਕਾਰ ਨੇ ਵੈਟਨਰੀ ਇੰਸਪੈਕਟਰ ਦੀਆਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਜਿਮਨੀ ਚੋਣਾਂ ਦੌਰਾਨ ਪੰਜਾਬ ਸਰਕਾਰ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ।ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਛੰਨਾਂ, ਵਿੱਤ ਸਕੱਤਰ ਰਾਜੀਵ ਮਲਹੋਤਰਾ,ਮੁਖ ਸੂਬਾ ਸਲਾਹਕਾਰ ਦਲਜੀਤ ਸਿੰਘ ਚਾਹਲ, ਸੂਬਾ ਪਰੈਸ ਸਕੱਤਰ ਗੁਰਜੀਤ ਸਿੰਘ ਹੁਸ਼ਿਆਰਪੁਰ,ਵਿਜੈ ਕੰਬੋਜ ਫਾਜਿਲਕਾ , ਹਰਦੀਪ ਸਿੰਘ ਗਿਆਨਾ,ਧਰਮਵੀਰ ਸਰਾਂ, ਸੁਖਜਿੰਦਰ ਸਿੰਘ ਫਰੀਦਕੋਟ, ਹਰਦੀਪ ਸਿੰਘ ਮੋਗਾ ,ਰਜਿੰਦਰ ਕੰਬੋਜ ਜਲੰਧਰ,ਗੁਰਮੀਤ ਸਿੰਘ ਮਹਿਤਾ,ਪਰਵੀਨ ਕੁਮਾਰ ਗੁਰਦਾਸਪੁਰ, ਪਰਮਜੀਤ ਸਿੰਘ ਸੋਹੀ, ਜਸਕਰਨ ਸਿੰਘ, ਸ਼ਾਮ ਲਾਲ ਫਰੀਦਕੋਟ,ਮੋਹਿਤ ਕਪੂਰਥਲਾ,ਦਵਿੰਦਰ ਸਿੰਘ ਧੁਗਾ ,ਸੁਪਰੀਤ ਸਿੰਘ, ਗੁਰਦਾਸਪੁਰ,ਜਸਵਿੰਦਰ ਬੜੀ ਸਮੇਤ ਸੂਬਾਈ ਅਤੇ ਜਿਲਾ ਪੱਧਰੀ ਅਹੁਦੇਦਾਰ ਹਾਜ਼ਰ ਸਨ।