ਜੱਜ ਦੀ ਕੋਠੀ 'ਚ ਚੋਰਾਂ ਨੇ ਕੀਤਾ ਹੱਥ ਸਾਫ, ਨਗਦੀ ਤੇ ਕੀਮਤੀ ਸਮਾਨ ਚੋਰੀ
ਦੀਪਕ ਜੈਨ
ਜਗਰਾਉਂ, 3 ਜੁਲਾਈ 2024 - ਜਗਰਾਓ ਵਿੱਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਹ ਬੰਦ ਪਈਆਂ ਕੋਠੀਆਂ ਦੇ ਤਾਲੇ ਤੋੜ ਕੇ ਅਤੇ ਅੰਦਰ ਦਾਖਲ ਹੋ ਕੇ ਸਮਾਨ ਚੋਰੀ ਕਰਨ ਦੀਆਂ ਵਾਰਦਾਤਾਂ ਕਰਕੇ ਫਰਾਰ ਹੋ ਜਾਂਦੇ ਹਨ। ਅਜਿਹੀ ਹੀ ਇੱਕ ਘਟਨਾ ਸਥਾਨਕ ਨਿਊ ਦਸਮੇਸ਼ ਨਗਰ ਦੀ ਇੱਕ ਕੋਠੀ ਵਿੱਚ ਵਾਪਰੀ ਜਿਸ ਵਿੱਚ ਜਗਰਾਉਂ ਦੇ ਹੀ ਮਾਣਯੋਗ ਜੱਜ ਮਨਪ੍ਰੀਤ ਸੋਹੀ ਜੇ.ਐਮ.ਆਈ.ਸੀ ਦੀ ਰਿਹਾਇਸ਼ ਹੈ। ਚੌਂਕੀ ਬੱਸ ਸਟੈਂਡ ਜਗਰਾਉਂ ਦੇ ਏਐਸਆਈ ਜਗਰੂਪ ਸਿੰਘ ਨੇ ਦੱਸਿਆ ਕਿ ਪਿੰਡ ਗੁੜੇ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਪੁੱਤਰ ਪ੍ਰੇਮਜੀਤ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਮਾਨਯੋਗ ਜੱਜ ਸਾਹਿਬ ਦੀ ਅਦਾਲਤ ਵਿਚ ਚਪੜਾਸੀ ਹੈ ਅਤੇ ਉਹ ਜੱਜ ਸਾਹਿਬ ਦੀ ਕੋਠੀ ਦੀ ਦੇਖਭਾਲ ਕਰਦਾ ਹੈ।
ਅਦਾਲਤਾਂ ਵਿੱਚ ਛੁੱਟੀਆਂ ਹੋਣ ਕਾਰਨ ਜੱਜ ਸਾਹਿਬ ਆਪਣੇ ਘਰ ਗਏ ਹੋਏ ਸਨ ਤੇ ਕੋਠੀ ਦੀਆਂ ਚਾਬੀਆਂ ਮਨਪ੍ਰੀਤ ਦੇ ਕੋਲ ਸਨ। 30 ਜੂਨ ਦੀ ਸਵੇਰੇ 8 ਵਜੇ ਦੇ ਕਰੀਬ ਉਹ ਰੋਜਾਨਾ ਦੀ ਤਰ੍ਹਾਂ ਜੱਜ ਸਾਹਿਬ ਦੀ ਕੋਠੀ ਦਸ਼ਮੇਸ਼ ਨਗਰ ਜਗਰਾਉਂ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਮੇਨ ਗੇਟ ਦੇ ਅੰਦਰ ਲਾਕ ਟੁੱਟਿਆ ਹੋਇਆ ਸੀ ਅਤੇ ਕੋਠੀ ਦੇ ਅੰਦਰ ਸਮਾਨ ਖਿਲਰਿਆ ਪਿਆ ਸੀ। ਉਸ ਨੇ ਜਦੋਂ ਸਟੋਰ ਅੰਦਰ ਜਾ ਕੇ ਦੇਖਿਆ ਤਾਂ ਉੱਥੇ ਪਿਆ ਬਕਸਾ ਜਿਸ ਵਿੱਚ ਪਿੱਤਲ ਦੀਆਂ ਟੂਟੀਆਂ ਸਨ ਗਾਇਬ ਸੀ ਅਤੇ ਦੂਸਰੇ ਕਮਰੇ ਵਿੱਚ ਇੱਕ ਐਲਈਡੀ, 15 ਹਜਾਰ ਰੁਪਏ ਦੇ ਕਰੀਬ ਰੁਪਈਆ ਵੀ ਚੋਰੀ ਕਰਕੇ ਲੈ ਗਏ ਹਨ। ਜਿਸ ਤੇ ਉਸ ਵੱਲੋਂ ਅਣਪਛਾਤੇ ਚੋਰਾਂ ਦੇ ਖਿਲਾਫ ਥਾਣਾ ਸਿਟੀ ਜਗਰਾਉਂ ਵਿਖੇ ਮੁਕਦਮਾ ਦਰਜ ਕਰਵਾਇਆ ਗਿਆ ਹੈ।