ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਸੰਜੇ ਵਰਮਾ ਬੇਲੇ ਵਾਲੇ ਦੇ ਘਰੋਂ ਲੱਖਾਂ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪੁਲਿਸ ਹਿਰਾਸਤ ਵਿੱਚ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 3 ਜੁਲਾਈ 2024 : ਰੋਪੜ ਸ਼ਹਿਰ ਵਿੱਚ ਪਿਛਲੇ ਦਿਨੀਂ ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਸੰਜੇ ਵਰਮਾ ਬੇਲੇ ਵਾਲੇ ਦੇ ਘਰ ਹੋਈ ਲੱਖਾਂ ਦੀ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀਆਂ ਨੂੰ ਸਿਟੀ ਪੁਲਿਸ ਰੂਪਨਗਰ ਵੱਲੋਂ ਕੁੱਝ ਹੀ ਸਮੇਂ ਵਿੱਚ ਗਿ੍ਫਤਾਰ ਕਰ ਮਾਮਲੇ ਨੂੰ ਹੱਲ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਸਿਟੀ ਪੁਲਿਸ ਦੱਸਿਆ ਕਿ ਬੀਤੇ ਦਿਨੀਂ ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਸੰਜੇ ਵਰਮਾ ਬੇਲੇ ਵਾਲੇ ਦੇ ਪੱਕਾ ਬਾਗ਼ ਰੋਪੜ ਵਿਖੇ ਸਥਿਤ ਮਕਾਨ ਨੰ. 1795 ਵਿੱਚ ਚੋਰਾਂ ਵੱਲੋਂ ਰਾਤ ਸਮੇਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ ਜਿਸ ਵਿੱਚ ਨਗਦੀ ਤੋਂ ਇਲਾਵਾ ਲੱਖਾ ਰੁਪਏ ਦੀ ਕੀਮਤ ਦੇ ਸੋਨੇ ਦੇ ਗਹਿਣੇ ਆਦਿ ਚੋਰੀ ਕਰ ਲੈ ਗਏ ਸਨ।
ਸਿਟੀ ਪੁਲਿਸ ਵਲੋਂ ਚੋਰੀ ਹੋਣ ਦੀ ਘਟਨਾ ਦੇ ਸਬੰਧ ਵਿੱਚ ਮੁਕੱਦਮਾ ਨੰਬਰ 128/24 ਅ/ਧ 380,457 ਆਈ ਪੀ ਸੀ ਦੀਆਂ ਧਾਰਾਵਾਂ ਹੇਠ ਮੁਕੱਦਮਾ ਦਰਜ ਕਰਨ ਉਪਰੰਤ ਮਾਮਲੇ ਦੀ ਬਰੀਕੀ ਨਾਲ ਪੜਤਾਲ ਕਰਦਿਆਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਦੋਸ਼ੀਆਂ ਅਰਮਾਨ ਬਾਹਰੀ ਪੁੱਤਰ ਦੀਪਕ ਬਾਹਰੀ ਮਕਾਨ ਨੰਬਰ 194 ਦਸ਼ਮੇਸ਼ ਨਗਰ ਰੋਪੜ ਹਾਲ ਵਾਸੀ ਕਿਰਾਏਦਾਰ ਮਕਾਨ ਨੰਬਰ 659 ਗਿਆਨੀ ਜ਼ੈਲ ਸਿੰਘ ਨਗਰ ਰੋਪੜ ਅਤੇ ਪੰਕਜ ਪੁੱਤਰ ਰਾਜੂ ਵਾਸੀ ਚੋਅ ਮੁਹੱਲਾ ਰੋਪੜ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ। ਦੋਸ਼ੀਆਂ ਪਾਸੋਂ ਚੋਰੀ ਕੀਤੇ ਗਹਿਣੇ ਅਤੇ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਬਰਾਮਦ ਕੀਤੀ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਵਿੱਚ ਸ਼ਾਮਲ ਇਕ ਹੋਰ ਦੋਸ਼ੀ ਸੁਨੀਲ ਵਾਸੀ ਸ਼ਾਮਪੁਰਾ ਰੋਪੜ ਹਾਲੇ ਫਰਾਰ ਹੈ ਜਿਸ ਦੀ ਪੁਲਿਸ ਨੂੰ ਭਾਲ ਹੈ।
ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰ ਇੱਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਵਰਨਣਯੋਗ ਹੈ ਕਿ ਸੰਜੇ ਵਰਮਾ ਬੇਲੇ ਵਾਲੇ ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਹਨ ਅਤੇ ਉਨ੍ਹਾਂ ਦਾ ਰੋਪੜ ਸ਼ਹਿਰ ਵਿੱਚ ਸੁਨਿਹਰੇ ਦਾ ਵੱਡਾ ਕਾਰੋਬਾਰ ਹੈ। ਸ਼ਹਿਰ ਵਿੱਚ ਲਗਾਤਾਰ ਹੋ ਰਹੀਆਂ ਬੇਖੌਫ ਚੋਰੀ ਦੀਆਂ ਵਾਰਦਾਤਾਂ ਕਾਰਨ ਸ਼ਹਿਰ ਵਾਸੀਆਂ ਵਿੱਚ ਡਰ ਅਤੇ ਭੈਅ ਦਾ ਮਹੌਲ ਬਣਿਆ ਹੋਇਆ ਹੈ। ਕਾਬੂ ਕੀਤੇ ਚੋਰਾਂ ਪਾਸੋਂ ਪੁਛਗਿੱਛ ਦੌਰਾਨ ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।