ਕੈਂਟਰ ਦੀ ਲਪੇਟ 'ਚ ਆਉਣ ਨਾਲ ਪੈਦਲ ਜਾ ਰਿਹਾ ਵਿਅਕਤੀ ਹੋਇਆ ਫੌਤ
ਮਲਕੀਤ ਸਿੰਘ ਮਲਕਪੁਰ
ਲਾਲੜੂ 3 ਜੁਲਾਈ 2024: ਲੈਹਲੀ-ਬਨੂੰੜ ਸੰਪਰਕ ਸੜਕ ਤੇ ਲੈਹਲੀ ਨੇੜੇ ਇੱਕ ਕੈਂਟਰ ਦੀ ਲਪੇਟ ਵਿੱਚ ਆਉਣ ਨਾਲ 45 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਸਨਾਖਤ ਜਸਬੀਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਲੈਹਲੀ ਵਜੋਂ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਜਸਬੀਰ ਸਿੰਘ ਕਿਸਾਨ ਸੀ ਅਤੇ ਉਹ ਗੈਸ ਵੈਲਡਿੰਗ ਦਾ ਕੰਮ ਵੀ ਕਰਦਾ ਸੀ। ਜਸਬੀਰ ਸਿੰਘ ਬੈਰਮਾਜਰਾ ਵਿਖੇ ਆਪਣੇ ਖੇਤਾਂ ਵਿੱਚੋਂ ਕੰਮ ਕਰਕੇ ਸੜਕ ਰਾਹੀਂ ਪੈਦਲ ਘਰ ਪਰਤ ਰਿਹਾ ਸੀ ਅਤੇ ਪਿੱਛੋਂ ਆ ਰਹੇ ਇੱਕ ਕੈਂਟਰ ਨੇ ਉਸ ਨੂੰ ਲਪੇਟ ਵਿੱਚ ਲੈ ਲਿਆ, ਜਿਸ ਦੇ ਚਲਦਿਆਂ ਉਹ ਜ਼ਖ਼ਮੀ ਹੋ ਗਿਆ।
ਉਸ ਦੇ ਪਿੱਛੇ-ਪਿੱਛੇ ਉਸ ਦਾ ਪੁੱਤਰ ਆ ਰਿਹਾ ਸੀ। ਜ਼ਖ਼ਮੀ ਹਾਲਤ ਵਿੱਚ ਜਸਬੀਰ ਨੂੰ ਉਸ ਦਾ ਪੁੱਤਰ ਇੱਕ ਕਾਰ ਰਾਹੀਂ ਡੇਰਾਬੱਸੀ ਸਿਵਲ ਹਸਪਤਾਲ ਲੈ ਕੇ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਪੁੱਤਰ ਦੇ ਬਿਆਨ ਉੱਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।